ਪੰਜਾਬ ਦੇ ਇੰਜੀਨੀਅਰਾਂ ''ਚ 30 ਦਸੰਬਰ ਦੀ ਰੈਲੀ ਲਈ ਭਾਰੀ ਉਤਸ਼ਾਹ, ਤਿਆਰੀਆਂ ਮੁਕੰਮਲ

Tuesday, Dec 28, 2021 - 10:59 AM (IST)

ਪੰਜਾਬ ਦੇ ਇੰਜੀਨੀਅਰਾਂ ''ਚ 30 ਦਸੰਬਰ ਦੀ ਰੈਲੀ ਲਈ ਭਾਰੀ ਉਤਸ਼ਾਹ, ਤਿਆਰੀਆਂ ਮੁਕੰਮਲ

ਪਟਿਆਲਾ (ਲਖਵਿੰਦਰ) : ਪੰਜਾਬ ਦੇ ਸਮੂਹ ਵਿਭਾਗਾਂ ਦੀ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਕਮ ਕਨਵੀਨਰ ਇੰਜ. ਸੁਖਮਿੰਦਰ ਸਿੰਘ ਲਵਲੀ ਅਤੇ ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਨੇ ਦੱਸਿਆ ਕਿ 30 ਦਸੰਬਰ ਦੀ ਮੋਹਾਲੀ ਰੈਲੀ ਲਈ ਪੰਜਾਬ ਦੇ ਇੰਜੀਨੀਅਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਆਲ ਇੰਡੀਆ ਪੱਧਰ ਦੇ ਅਤੇ ਗੁਆਂਢੀ ਸੂਬਿਆਂ ਤੋਂ ਆਗੂ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ 30 ਦਸੰਬਰ ਨੂੰ ਪੰਜਾਬ ਦੇ ਹਜ਼ਾਰਾਂ ਇੰਜੀਨੀਅਰ ਮੋਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਕਰਨਗੇ ਅਤੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।

ਇਸ ਸਬੰਧੀ ਪਟਿਆਲਾ ਵਿਖੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਸੂਬਾਈ ਆਗੂਆਂ ਇੰਜ. ਦਵਿੰਦਰ ਸਿੰਘ ਸੇਖੋਂ, ਇੰਜ. ਦਿਲਪ੍ਰੀਤ ਸਿੰਘ ਲੋਹਟ ਅਤੇ ਇੰਜ. ਨਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਇੰਜੀਨੀਅਰ ਪਿਛਲੇ 6 ਮਹੀਨਿਆਂ ਤੋਂ ਸੰਘਰਸ਼ ਦੇ ਰਾਹ 'ਤੇ ਚੱਲਦਿਆਂ ਲਗਾਤਾਰ ਮੋਹਾਲੀ ਵਿਖੇ ਭੁੱਖ-ਹੜਤਾਲ 'ਤੇ ਹਨ। ਸੂਬਾਈ ਆਗੂਆਂ ਇੰਜ. ਕਰਮਜੀਤ ਸਿੰਘ ਬੀਹਲਾ, ਇੰਜ. ਰਜਿੰਦਰ ਗੌੜ, ਇੰਜ. ਕਮਰਜੀਤ ਸਿੰਘ ਮਾਨ, ਇੰਜ. ਗੁਰਦੀਪ ਸਿੰਘ, ਇੰਜ. ਕੁਲਜੀਤ ਸਿੰਘ ਮਠਾੜੂ, ਅਤੇ ਇੰਜ. ਅਰਵਿੰਦ ਸੈਣੀ ਨੇ ਕਿਹਾ ਕਿ ਪੰਜਾਬ ਦੇ ਛੇਵੇਂ ਪੇਅ ਕਮਿਸ਼ਨ ਨੇ ਜੂਨੀਅਰ ਇੰਜੀਨੀਅਰਾਂ ਦਾ 4800 ਗਰੇਡ ਪੇਅ ਅਤੇ ਹਰ ਮਹੀਨੇ ਮਿਲਦਾ 30 ਲੀਟਰ ਪੈਟਰੋਲ ਵੀ ਖੋਹ ਲਿਆ ਹੈ ਅਤੇ 2016 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪਰਖ ਕਾਲ ਸਮੇਂ ਦਾ ਬਕਾਇਆ ਨਾ ਦੇਣ ਸਬੰਧੀ ਨਾਦਰਸ਼ਾਹੀ ਹੁਕਮ ਜਾਰੀ ਕੀਤਾ ਗਿਆ।

ਇਸ ਕਾਰਨ ਇੰਜੀਨੀਅਰਾਂ ਵਿੱਚ ਭਾਰੀ ਰੋਸ ਹੈ। ਸਮੂਹ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਦੇ ਇੰਜੀਨੀਅਰਾਂ ਨਾਲ ਸਰਕਾਰ ਵੱਲੋਂ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜੁਆਇੰਟ ਐਕਸ਼ਨ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਸਮੂਹ ਇੰਜੀਨੀਅਰਾਂ ਨੂੰ ਸੱਦਾ ਦਿੱਤਾ ਕਿ ਉਹ 30 ਦਸੰਬਰ ਨੂੰ ਮੋਹਾਲੀ ਵਿਖੇ ਵਹੀਰਾਂ ਘੱਤ ਕੇ ਰੈਲੀ ਵਿੱਚ ਪੁੱਜਣ। 28 ਅਤੇ 29 ਦਸੰਬਰ ਨੂੰ ਸਾਂਝੇ ਮੋਰਚੇ ਵੱਲੋਂ ਕੀਤੇ ਜਾ ਰਹੇ ਐਕਸ਼ਨਾਂ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਦਾ ਫ਼ੈਸਲਾ ਕੀਤਾ ਗਿਆ। 
 


author

Babita

Content Editor

Related News