'ਕੋਰੋਨਾ ਵਾਇਰਸ' : ਪੰਜਾਬ ਦੇ ਕਰਮਚਾਰੀਆਂ ਦੇ ਵਿਦੇਸ਼ ਜਾਣ 'ਤੇ ਲੱਗੀ ਰੋਕ
Saturday, Mar 07, 2020 - 11:46 AM (IST)
ਖੰਨਾ (ਸ਼ਾਹੀ, ਸੁਖਵਿੰਦਰ) : ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਸਾਰੇ ਹੀ ਕਰਮਚਾਰੀਆਂ ਲਈ ਛੁੱਟੀ ਲੈ ਕੇ ਵਿਦੇਸ਼ ਜਾਣ 'ਤੇ ਰੋਕ ਲਾ ਦਿੱਤੀ ਹੈ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਸਰਕਾਰ ਦੇ ਸਾਰੇ ਵਿਭਾਗਾਂ ਨੂੰ 6 ਮਾਰਚ ਦੇ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਦੁਨੀਆ ਭਰ 'ਚ ਫੈਲ ਰਹੇ ਕੋਰੋਨਾ ਵਾਇਰਸ ਨੂੰ ਧਿਆਨ 'ਚ ਰੱਖਦੇ ਹੋਏ ਹੁਕਮ ਦਿੱਤਾ ਜਾਂਦਾ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਬੇਹੱਦ ਜ਼ਰੂਰੀ ਮਾਮਲੇ ਨੂੰ ਛੱਡ ਕੇ ਏਕਸ ਇੰਡੀਆ ਲੀਵ (ਛੁੱਟੀ ਲੈ ਕੇ ਵਿਦੇਸ਼ ਜਾਣਾ) ਦੀ ਮਨਜ਼ੂਰੀ ਨਾ ਦਿੱਤੀ ਜਾਵੇ। ਹੁਕਮਾਂ 'ਚ ਅੱਗੇ ਕਿਹਾ ਗਿਆ ਹੈ ਕਿ ਜੋ ਸਰਕਾਰੀ ਕਰਮਚਾਰੀ ਵਿਦੇਸ਼ੀ ਦੌਰੇ ਤੋਂ ਵਾਪਸ ਆ ਰਹੇ ਹਨ, ਉਨ੍ਹਾਂ ਨੂੰ 14 ਦਿਨ ਦੀ ਛੁੱਟੀ ਦੇ ਕੇ ਆਪਣੇ ਘਰ 'ਚ ਹੀ ਇਕੱਲੇ ਰਹਿਣ ਲਈ ਕਿਹਾ ਜਾਵੇ।
ਪੰਜਾਬ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ
ਪੰਜਾਬ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਕਿਸੇ ਨਾਲ ਹੱਥ ਨਾ ਮਿਲਾਓ, ਕਿਸੇ ਦੇ ਗਲੇ ਲੱਗ ਕੇ ਨਾ ਮਿਲੋ, ਖੁੱਲ੍ਹੇ 'ਚ ਨਾ ਥੁੱਕੋ, ਜਿਸ ਵਿਅਕਤੀ ਨੂੰ ਬੁਖਾਰ ਹੈ, ਉਸ ਨੂੰ ਭੀੜ 'ਚ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ, ਉਸ ਵਿਅਕਤੀ ਤੋਂ ਲਗਭਗ 1 ਮੀਟਰ ਦੀ ਦੂਰੀ ਰੱਖੀ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਤਾਂ ਉਸ ਨੂੰ ਆਪਣਾ ਮੂੰਹ ਮਾਸਕ ਜਾਂ ਰੁਮਾਲ ਨਾਲ ਢਕ ਕੇ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵਾਇਰਸ ਦੀ ਦਸਤਕ, ਮੁੱਢਲੀ ਰਿਪੋਰਟ 'ਚ 2 ਮਰੀਜ਼ ਪਾਜ਼ੇਟਿਵ
ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ, ਉਸ ਨੂੰ ਲਾਜ਼ਮੀ ਤੌਰ 'ਤੇ ਨਜ਼ਦੀਕੀ ਸਰਕਾਰੀ ਹਸਪਤਾਲ 'ਚ ਰਿਪੋਰਟ ਕਰਨੀ ਚਾਹੀਦੀ ਹੈ। ਜੇਕਰ ਕਿਸੇ ਵਿਅਕਤੀ ਨੇ ਪਿਛਲੇ 14 ਦਿਨਾਂ ਦੌਰਾਨ ਚੀਨ, ਨੇਪਾਲ ਦੀ ਯਾਤਰਾ ਕੀਤੀ ਹੋਵੇ ਤਾਂ ਉਸ ਨੂੰ 14 ਦਿਨਾਂ ਤਕ ਘਰ 'ਚ ਅਲੱਗ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਭੀੜ ਵਾਲੇ ਸਥਾਨ 'ਤੇ ਨਹੀਂ ਜਾਣਾ ਚਾਹੀਦਾ ਹੈ। ਜਾਰੀ ਸਿਹਤ ਐਡਵਾਈਜ਼ਰੀ ਅਨੁਸਾਰ ਸਿਹਤਮੰਦ ਵਿਅਕਤੀ, ਜਿਸ ਨੂੰ ਖੰਘ, ਬੁਖਾਰ ਨਹੀਂ ਹੈ, ਨੂੰ ਮਾਸਕ ਦੀ ਜ਼ਰੂਰਤ ਨਹੀਂ ਹੈ। ਜ਼ਿਆਦਾ ਜਾਣਕਾਰੀ ਲਈ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵਿਸ਼ਵ ਭਰ ਦੇ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ
ਕੋਰੋਨਾ ਵਾਇਰਸ ਕਾਰਨ ਚੀਨ 'ਚ ਹੋਰ 28 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 3,073 ਹੋ ਗਈ ਹੈ। ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ 80,813 ਲੋਕਾਂ 'ਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਵਾਇਰਸ ਦੇ 31 ਕੇਸਾਂ ਦੀ ਪੁਸ਼ਟੀ, PM ਮੋਦੀ ਕਰਨਗੇ ਸਮੀਖਿਆ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 55,404 ਲੋਕਾਂ ਦਾ ਇਲਾਜ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਚੀਨ ਸਣੇ ਵਿਸ਼ਵ ਭਰ 'ਚ ਇਕ ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਦੀ ਲਪੇਟ 'ਚ ਹਨ। ਚੀਨ ਤੋਂ ਬਾਹਰ ਵਾਇਰਸ ਕਾਰਨ 19,700 ਲੋਕ ਵਾਇਰਸ ਦੀ ਲਪੇਟ 'ਚ ਹਨ, ਜਦੋਂ ਕਿ 360 ਲੋਕਾਂ ਦੀ ਮੌਤ ਹੋ ਚੁੱਕੀ ਹੈ।