1280 ਫਾਲਟ: ਜਲੰਧਰ ਸ਼ਹਿਰ 'ਚ ਲੰਮੇ ਪਾਵਰਕੱਟਾਂ ਕਾਰਨ ਬੱਤੀ ਗੁੱਲ ਰਹਿਣ ਨਾਲ ਮਚੀ ‘ਹਾਹਾਕਾਰ’

05/04/2022 12:37:12 PM

ਜਲੰਧਰ (ਪੁਨੀਤ)- ਭਿਆਨਕ ਗਰਮੀ ਦੇ ਸਮੇਂ ਵਿਚ ਬਿਜਲੀ ਦੀ ਉਪਲੱਬਧਤਾ ਮੁੱਖ ਲੋੜਾਂ ਵਿਚ ਸਭ ਤੋਂ ਅਹਿਮ ਸਥਾਨ ਰੱਖਦੀ ਹੈ ਪਰ ਪੰਜਾਬ ਵਿਚ ਬਿਜਲੀ ਦੀ ਘਾਟ ਕਾਰਨ ਵੱਖ-ਵੱਖ ਕੈਟਾਗਰੀਆਂ ’ਤੇ ਰੋਜ਼ਾਨਾ ਕਈ-ਕਈ ਘੰਟੇ ਦੇ ਪਾਵਰਕੱਟ ਲਾਉਣੇ ਪੈ ਰਹੇ ਹਨ, ਜਿਸ ਨਾਲ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਵਰਕੱਟ ਲੱਗਣ ਦੇ ਕਈ ਕਾਰਨ ਹਨ। ਇਨ੍ਹਾਂ ਵਿਚੋਂ ਸਭ ਤੋਂ ਅਹਿਮ ਸਮੱਸਿਆ ਬਿਜਲੀ ਦੇ ਫਾਲਟ ਵਜੋਂ ਉਭਰ ਕੇ ਸਾਹਮਣੇ ਆ ਰਹੀ ਹੈ। ਸੀ. ਐੱਮ. ਡੀ. ਕੇ. ਡੀ. ਚੌਧਰੀ ਦੇ ਕਾਰਜਕਾਲ ਦੌਰਾਨ ਪਾਵਰਕਾਮ ਨਾਰਥ ਜ਼ੋਨ ਜਲੰਧਰ ਵੱਲੋਂ 200 ਕਰੋੜ ਨਾਲ ਸਿਸਟਮ ਨੂੰ ਸੁਧਾਰਿਆ ਗਿਆ ਸੀ ਪਰ ਅਜੇ ਵੀ ਗਰਮੀ ਦੇ ਸਮੇਂ ਵਿਚ ਪਾਵਰ ਸਿਸਟਮ ਓਵਰਲੋਡ ਹੋ ਰਿਹਾ ਹੈ। ਇਸ ਦੇ ਨਤੀਜੇ ਵਜੋਂ ਫਾਲਟ ਪੈ ਰਹੇ ਹਨ।

ਮਹਿਕਮੇ ਵੱਲੋਂ ਕਈ ਕੈਟਾਗਰੀਆਂ ’ਤੇ ਕੱਟ ਲਾਉਣ, ਬਿਜਲੀ ਦੇ ਫਾਲਟ ਪੈਣ, ਮਹਿਕਮੇ ਵੱਲੋਂ ਤਾਰਾਂ ਅਤੇ ਹੋਰ ਉਪਕਰਨਾਂ ਦੀ ਮੇਨਟੀਨੈਂਸ ਕਰਵਾਉਣ ਕਾਰਨ ਵੱਡੇ ਸ਼ਹਿਰਾਂ ਵਿਚ ਰੋਜ਼ਾਨਾ 3 ਤੋਂ 6 ਘੰਟੇ ਦੇ ਪਾਵਰਕੱਟ ਲੱਗ ਰਹੇ ਹਨ। ਉਥੇ ਹੀ, ਕਰਤਾਰਪੁਰ, ਕਪੂਰਥਲਾ, ਢਿੱਲਵਾਂ, ਬੰਗਾ, ਭੋਗਪੁਰ, ਮਲਸੀਆਂ, ਨਕੋਦਰ, ਨੂਰਮਹਿਲ, ਸ਼ਾਹਕੋਟ ਆਦਿ ਛੋਟੇ ਸ਼ਹਿਰਾਂ ਦੇ ਕਈ ਇਲਾਕਿਆਂ ਵਿਚ 7-8 ਘੰਟੇ ਦੇ ਐਲਾਨੇ ਅਤੇ ਅਣਐਲਾਨੇ ਕੱਟ ਲੱਗ ਰਹੇ ਹਨ। ਇਨ੍ਹਾਂ ਵਿਚੋਂ ਕਈ ਅਜਿਹੇ ਛੋਟੇ ਸ਼ਹਿਰ ਵਿਚ ਹਨ, ਜਿਨ੍ਹਾਂ ਵਿਚ ਰਿਪੇਅਰ ਦੇ ਨਾਂ ’ਤੇ ਕਈ ਇਲਾਕਿਆਂ ਵਿਚ 10 ਘੰਟੇ ਤੱਕ ਵੀ ਬਿਜਲੀ ਬੰਦ ਰੱਖੀ ਗਈ ਹੈ। ਉਥੇ ਹੀ, ਦਿਹਾਤੀ ਦੇ ਇਲਾਕਿਆਂ ਵਿਚ 8 ਤੋਂ 14 ਘੰਟੇ ਦੇ ਲੱਗੇ ਪਾਵਰਕੱਟਾਂ ਨੇ ਹਾਹਾਕਾਰ ਮਚਾਈ ਹੋਈ ਹੈ। ਮੁੱਖ ਦਿਹਾਤੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਮਾਰ ਦਿਹਾਤੀ ਲੋਕਾਂ ਅਤੇ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਐਗਰੀਕਲਚਰ ਪਾਵਰ ’ਤੇ ਰੋਜ਼ਾਨਾ ਕੱਟ ਲੱਗਣਾ ਨਿਸ਼ਚਿਤ ਹੈ। ਵੈਜੀਟੇਬਲ ਗਰੁੱਪ ਵੀ ਕੱਟਾਂ ਦੀ ਮਾਰ ਤੋਂ ਬਚ ਨਹੀਂ ਸਕਿਆ। ਪਿੰਡਾਂ ਵਿਚ ਘਰੇਲੂ ਖ਼ਪਤਕਾਰਾਂ ’ਤੇ ਕੱਟ ਲੱਗਣ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੈ।

ਇਹ ਵੀ ਪੜ੍ਹੋ: ਅਮਰੀਕਾ ਵਿਖੇ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

PunjabKesari

ਲੋਕਾਂ ਮੁਤਾਬਕ ਕਿਸੇ ਵੀ ਸਮੇਂ ਬਿਨਾਂ ਅਗਾਊਂ ਸੂਚਨਾ ਦੇ ਪਾਵਰਕੱਟ ਥੋਪ ਦਿੱਤਾ ਜਾਂਦਾ ਹੈ ਅਤੇ ਬਿਜਲੀ ਆਉਣ ਦਾ ਕੋਈ ਸਮਾਂ ਨਹੀਂ ਹੁੰਦਾ। ਇਸ ਨਾਲ ਲੋਕਾਂ ਦੇ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੋਣ ਦੇ ਨਾਲ-ਨਾਲ ਜ਼ਰੂਰੀ ਕੰਮ ਵੀ ਨਹੀਂ ਹੋ ਪਾ ਰਹੇ। ਦਿਹਾਤੀ ਦੇ ਇਲਾਕਿਆਂ ਵਿਚ ਜਿਹੜੇ ਲੋਕ ਘਰਾਂ ਦੇ ਨਾਲ ਦੁਕਾਨਾਂ ਆਦਿ ਚਲਾਉਂਦੇ ਹਨ, ਉਨ੍ਹਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ। ਕਮਰਸ਼ੀਅਲ ਕੁਨੈਕਸ਼ਨ ਲੈਣ ਦੇ ਬਾਵਜੂਦ ਉਨ੍ਹਾਂ ਦੇ ਇਲਾਕਿਆਂ ਵਿਚ ਘਰੇਲੂ ਖ਼ਪਤਕਾਰਾਂ ਵਾਂਗ ਕੱਟਾਂ ਦੀ ਮਾਰ ਪੈ ਰਹੀ ਹੈ। ਨਾਰਥ ਜ਼ੋਨ ਵਿਚ ਅੱਜ 1280 ਫਾਲਟ ਪੈਣ ਨਾਲ ਜਨਤਾ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪਈ। ਇਸ ਕਾਰਨ ਕਈ ਇਲਾਕਿਆਂ ਵਿਚ 3 ਤੋਂ ਲੈ ਕੇ 6 ਘੰਟੇ ਤੱਕ ਬਿਜਲੀ ਬੰਦ ਰਹੀ, ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਬਹੁਤ ਇਜ਼ਾਫਾ ਹੋਇਆ। ਜਲੰਧਰ ਵਿਚ ਕਈ ਸਬ-ਸਟੇਸ਼ਨਾਂ ਅਧੀਨ ਪੈਂਦੇ ਇਲਾਕਿਆਂ ਵਿਚ ਲਗਭਗ ਰੋਜ਼ਾਨਾ ਰਿਪੇਅਰ ਕਰਵਾਈ ਜਾ ਰਹੀ ਹੈ ਅਤੇ ਬਿਜਲੀ ਕਈ-ਕਈ ਘੰਟੇ ਬੰਦ ਰੱਖੀ ਜਾ ਰਹੀ ਹੈ।

ਇਸੇ ਲੜੀ ਵਿਚ 4 ਮਈ ਨੂੰ ਅਰਬਨ ਅਸਟੇਟ ਫ਼ੀਡਰ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗਾ, ਜਿਸ ਨਾਲ ਹਜ਼ਾਰਾਂ ਖਪਤਕਾਰਾਂ ਨੂੰ ਬਿਨਾਂ ਬਿਜਲੀ ਦੇ ਸਮਾਂ ਗੁਜ਼ਾਰਨਾ ਪਵੇਗਾ। ਇਸ ਤਰ੍ਹਾਂ ਮਾਡਲ ਟਾਊਨ ਸਬ-ਡਿਵੀਜ਼ਨ ਅਧੀਨ ਸਾਬੋਵਾਲ ਫੀਡਰ ਦੀ ਸਪਲਾਈ ਦੁਪਹਿਰ 2 ਤੋਂ 5 ਵਜੇ ਤੱਕ ਬੰਦ ਰੱਖੀ ਜਾਵੇਗੀ, ਜਿਸ ਨਾਲ ਉਕਤ ਫੀਡਰ ਅਧੀਨ ਪੈਂਦੇ ਦਰਜਨਾਂ ਇਲਾਕਿਆਂ ਦੇ ਹਜ਼ਾਰਾਂ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਵੇਗੀ।

ਇਹ ਵੀ ਪੜ੍ਹੋ: ਵੱਡਾ ਹਮਲਾ ਬੋਲਣ ਦੀ ਤਿਆਰੀ 'ਚ ਸੁਨੀਲ ਜਾਖੜ, ਚਿੰਤਨ ਕੈਂਪ ’ਚ ਵਧਾਉਣਗੇ ਕਾਂਗਰਸ ਦੀਆਂ ਚਿੰਤਾਵਾਂ

PunjabKesari

ਓਵਰਲੋਡ ਫ਼ੀਡਰਾਂ ਤੋਂ ਘੱਟ ਵੋਲਟੇਜ ਬਣ ਰਹੀ ਪਰੇਸ਼ਾਨੀ ਦਾ ਸਬੱਬ
ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਬਿਜਲੀ ਸਿਸਟਮ ਸੁਧਾਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਜਦੋਂ ਕਿ ਸੱਚਾਈ ਦਾ ਅੰਦਾਜ਼ਾ ਰੋਜ਼ਾਨਾ ਲੱਗਣ ਵਾਲੇ ਪਾਵਰਕੱਟਾਂ ਤੋਂ ਲਾਇਆ ਜਾ ਸਕਦਾ ਹੈ। ਪਾਵਰਕਾਮ ਵੱਲੋਂ ਕਈ ਫ਼ੀਡਰਾਂ ਨੂੰ ਡੀ-ਲੋਡ ਕਰਨ ਲਈ ਸਮੇਂ-ਸਮੇਂ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ ਪਰ ਅਜੇ ਵੀ ਵੱਡੀ ਗਿਣਤੀ ਵਿਚ ਓਵਰਲੋਡ ਫ਼ੀਡਰਾਂ ਕਾਰਨ ਜਨਤਾ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਫੀਡਰ ਜਾਂ ਟਰਾਂਸਫ਼ਾਰਮਰ ’ਤੇ ਜਦੋਂ ਜ਼ਿਆਦਾ ਲੋਡ ਪੈਂਦਾ ਹੈ ਤਾਂ ਉਸ ਵਿਚ ਖ਼ਰਾਬੀ ਆ ਜਾਂਦੀ ਹੈ। ਇਸ ਉਪਰੰਤ ਕਈ ਘੰਟੇ ਚੱਲਣ ਵਾਲੀ ਰਿਪੇਅਰ ਕਾਰਨ ਬਿਜਲੀ ਬੰਦ ਰਹਿੰਦੀ ਹੈ, ਉਥੇ ਹੀ ਓਵਰਲੋਡ ਫ਼ੀਡਰਾਂ ਕਾਰਨ ਕਈ ਇਲਾਕਿਆਂ ਵਿਚ ਵੋਲਟੇਜ ਘੱਟ ਰਹਿੰਦੀ ਹੈ। ਇਸ ਕਾਰਨ ਲੋਕਾਂ ਦੇ ਘਰਾਂ ਵਿਚ ਬਿਜਲੀ ਉਪਕਰਨ ਖਰਾਬ ਹੁੰਦੇ ਹਨ, ਜਿਸ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ: ਬਠਿੰਡਾ ’ਚ ਵਾਪਰੇ ਹਾਦਸੇ ਦੌਰਾਨ 5 ਸਾਲਾ ਬੱਚੀ ਦੀ ਦਰਦਨਾਕ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News