ਬੋਲੀ ਲਾ ਕੇ ਮੁੱਲ ਦੀਆਂ ਸਰਪੰਚੀਆਂ ਖਰੀਦਣ ਵਾਲਿਆਂ ਦੀ ਆਵੇਗੀ ਸ਼ਾਮਤ !
Monday, Sep 30, 2024 - 06:21 PM (IST)
ਮਲੋਟ (ਜੁਨੇਜਾ) : ਪੰਜਾਬ ਅੰਦਰ ਪੰਚਾਇਤੀ ਚੋਣਾਂ ਦੀ ਪ੍ਰਕਿਆ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ ਜਿਥੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਵਲੋਂ ਸਰਬਸੰਮਤੀ ਨਾਲ ਸਰਪੰਚਾਂ ਦੀ ਚੋਣ ਕੀਤੀ ਜਾ ਰਹੀ ਹੈ। ਇਹ ਆਪਸੀ ਭਾਈਚਾਰੇ ਤੇ ਏਕਤਾ ਲਈ ਸ਼ੁਭ ਸ਼ਗਨ ਹੈ ਪਰ ਕਈ ਪਿੰਡਾਂ ਵਿਚ ਸਰਪੰਚੀ ਹਾਸਲ ਕਰਨ ਲਈ ਬੋਲੀ ਲਾਉਣ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਉਪਰ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਪਿਛਲੇ ਦਿਨੀਂ ਮਲੋਟ ਹਲਕੇ ਅੰਦਰ ਫੱਕਰਸਰ ਅਤੇ ਢਾਣੀ ਗੁਰੂ ਕੀ ਆਂਸਲ (ਈਨਾਖੇੜਾ) ਵਿਚ ਪਿੰਡ ਵਾਸੀਆਂ ਨੇ ਸਰਪੰਚ ਅਤੇ ਪੰਚਾਂ ਸਬੰਧੀ ਸਰਬਸੰਮਤੀ ਕੀਤੀ ਹੈ। ਜਿਸ ਦਾ ਸਾਰੇ ਪਾਸੇ ਤੋਂ ਸਵਾਗਤ ਹੋ ਰਿਹਾ ਹੈ ਅਤੇ ਲੋਕਾਂ ਦਾ ਕਹਿਣਾ ਹੈ ਰੌਲੇ-ਗੋਲੇ ਤੋਂ ਬਿਨਾਂ ਸਹਿਮਤੀ ਨਾਲ ਨੇਪਰੇ ਚੜ੍ਹੀ ਪ੍ਰਕਿਆ ਪਿੰਡਾਂ ਲਈ ਧੰਨ ਭਾਗ ਹੈ ਪਰ ਇਸ ਦੇ ਨਾਲ ਹੀ ਇਕ ਹੋਰ ਪਹਿਲੂ ਸਾਹਮਣੇ ਆਇਆ ਹੈ ਜੋ ਲੋਕਤੰਤਰ ਲਈ ਖਤਰਨਾਕ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਕਈ ਹੋਰ ਥਾਵਾਂ ਨਾਲ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਗਿੱਦੜਬਾਹਾ ਹਲਕੇ ਦੇ ਕਈ ਪਿੰਡਾਂ ਵਿਚ ਜਨਤਕ ਬੋਲੀ ’ਤੇ ਸਰਪੰਚੀ ਹਾਸਲ ਕਰਨ ਸਬੰਧੀ ਵੀਡੀਓ ਬਿਜਲਈ ਤੇ ਸੋਸ਼ਲ ਮੀਡੀਆ ’ਤੇ ਆਉਣ ਲੱਗ ਪਈਆਂ।
ਇਹ ਵੀ ਪੜ੍ਹੋ : ਪੰਜਾਬ 'ਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਦੀ ਡੈੱਡਲਾਈਨ ਖ਼ਤਮ
ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਅਜਿਹੀ ਕਾਰਵਾਈ ਨੂੰ ਨਿਯਮਾਂ ਤੋਂ ਉਲਟ ਦੱਸ ਕੇ ਇਸ ਮਾਮਲੇ ’ਤੇ ਸਖਤੀ ਸ਼ੁਰੂ ਕਰ ਦਿੱਤੀ ਹੈ। ਪੰਚਾਇਤੀ ਚੋਣਾਂ ਨੂੰ ਲੈ ਕੇ ਨਵੇਂ-ਨਵੇਂ ਰੰਗ ਸਾਹਮਣੇ ਆ ਰਹੇ ਹਨ। ਪਿੰਡਾਂ ਵਿਚ ਵਿਕਾਸ ਤੇ ਏਕਤਾ ਲਈ ਪਿੰਡਾਂ ਅੰਦਰ ਸਰਪੰਚਾਂ ਤੇ ਪੰਚਾਂ ਦੀ ਸਰਬਸੰਮਤੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਸਵਾਗਤ ਕੀਤਾ ਜਾਂਦਾ ਹੈ। ਇਸ ਲਈ ਅਜਿਹੀਆਂ ਪੰਚਾਇਤਾਂ ਨੂੰ ਪਿੰਡ ਦੇ ਵਿਕਾਸ ਲਈ ਸਰਕਾਰ 5 ਤੋਂ 10 ਲੱਖ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕਰਨ ਦੇ ਵੀ ਐਲਾਨ ਕੀਤੇ ਜਾਂਦੇ ਹਨ ਪਰ ਇਸ ਸਰਬਸੰਮਤੀ ਦੀ ਆੜ ਵਿਚ ਵੱਖ-ਵੱਖ ਪਿੰਡਾਂ ਸਰਪੰਚੀ ਦੇ ਚਾਹਵਾਨਾਂ ਵੱਲੋਂ ਪੈਸੇ ਦੇ ਜ਼ੋਰ ’ਤੇ ਸਰਪੰਚੀ ਖ੍ਰੀਦਣ ਦੀ ਨਵੀਂ ਰਵਾਇਤ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਰਕਾਰ ਕੋਲ ਪਹੁੰਚਿਆ ਮਾਮਲਾ
ਇਸ ਸਬੰਧੀ ਗਿੱਦੜਬਾਹਾ ਤੋਂ ਬਾਅਦ ਲੰਬੀ ਦੇ ਇਕ ਪਿੰਡ ਵਿਚ ਸਰਪੰਚੀ ਲਈ 30 ਲੱਖ ਤੱਕ ਬੋਲੀ ਜਾਣ ਦੀ ਵੀਡੀਓ ਸਾਰਾ ਦਿਨ ਸੋਸ਼ਲ ਮੀਡੀਆ ’ਤੇ ਘੁੰਮਦੀ ਰਹੀ। ਹਾਲਾਂਕਿ ਬਾਅਦ ਵਿਚ ਪਿੰਡ ਅੰਦਰ ਹੀ ਕਈ ਧਿਰਾਂ ਵਲੋਂ ਵਿਰੋਧ ਕਰਨ ਤੋਂ ਬਾਅਦ ਮਾਮਲਾ ਸ਼ਾਂਤ ਪੈ ਗਿਆ। ਜਿਸ ਨੂੰ ਲੈ ਕੇ ਜਿਥੇ ਬੁੱਧੀਜੀਵੀ ਤਬਕੇ ਵਲੋਂ ਨਿੰਦਾ ਕੀਤੀ ਜਾ ਰਹੀ ਹੈ, ਉਥੇ ਸਬੰਧਤ ਪਿੰਡਾਂ ਦੇ ਸਾਧਾਰਨ ਲੋਕਾਂ ਵਲੋਂ ਵੀ ਇਸ ਨੂੰ ਲੋਕਤੰਤਰ ਲਈ ਘਾਤਕ ਦੱਸਿਆ ਹੈ। ਇਸ ਮਾਮਲੇ ’ਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਅਸਪਾਲ, ਕਿਸਾਨ ਆਗੂ ਸੁਰਜੀਤ ਸਿੰਘ ਮਾਨ, ਅਲਬੇਲ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪੰਜਾਬ ਦੇ ਮੀਤ ਪ੍ਰਧਾਨ ਭਗਵੰਤ ਸਿੰਘ ਮਿੱਡਾ ਨੇ ਕਿਹਾ ਕਿ ਇਸ ਤਰ੍ਹਾਂ ਪਿੰਡਾਂ ਵਿਚ ਜਿਦੋ-ਜਿਦਾਈ ਕਰਕੇ ਬੋਲੀ ਲਾ ਕੇ ਸਰੰਪਚੀ ਹਾਸਲ ਕਰਨਾ ਲੋਕਤੰਤਰ ਦੀਆਂ ਰਵਾਇਤਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਿਰਫ ਉਹ ਬੰਦੇ ਸਰੰਪਚੀ ਲਈ ਦਾਅਵਾ ਕਰ ਸਕਦੇ ਹਨ ਜਿਹੜੇ 20-30 ਲੱਖ ਖਰਚ ਕਰ ਸਕਦੇ ਹਨ ਜਦ ਕਿ ਕਈ ਗੰਭੀਰ ਅਤੇ ਆਮ ਲੋਕ ਪਿੰਡ ਵਾਲਿਆਂ ਦੇ ਚਾਹੁਣ ਦੇ ਬਾਵਜੂਦ ਵੀ ਸਰਪੰਚੀ ਲਈ ਦਾਅਵਾ ਨਹੀਂ ਕਰ ਸਕਦੇ ਤੇ ਪੈਸੇ ਦੇ ਜ਼ੋਰ ’ਤੇ ਕੁਝ ਵਿਅਕਤੀ ਸਿਆਸਤ ਵਿਚ ਦਾਖਲਾ ਕਰਨ ਦਾ ਰਾਹ ਖੋਹਲ ਲੈਂਦੇ ਹਨ। ਅਜਿਹੇ ਮਾੜੇ ਅਸਰ ਭਵਿੱਖ ਵਿਚ ਵੱਡੀਆਂ ਚੋਣਾਂ ’ਤੇ ਵੀ ਪੈ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਵਿਭਾਗ ਵਲੋਂ ਜਾਰੀ ਹੋਏ ਹੁਕਮ
ਲੱਖਾਂ ਰੁਪਏ ਇਨਵੈਸਟ ਕਰਕੇ ਸਰਪੰਚੀ ਹਾਸਲ ਕਰਨ ਸਬੰਧੀ ਚੋਣ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਜਿਸ ਸਬੰਧੀ ਵੀਡੀਓ ਬਣਾ ਕੇ ਬਿਜਲਈ ਮੀਡੀਆ ’ਤੇ ਆਉਣ ਨਾਲ ਹੋਰ ਲੋਕ ਵੀ ਇਸ ਵੱਲ ਖਿੱਚੇ ਜਾਂਦੇ ਹਨ, ਜਿਹੜੇ ਆਰਥਿਕ ਤੌਰ ’ਤੇ ਪਹਿਲਾਂ ਹੀ ਖੋਖਲੇ ਹੋ ਚੁੱਕੇ ਹਨ। ਸਭ ਤੋਂ ਵੱਡੀ ਗੱਲ ਇਕ ਪਾਸੇ ਕਿਸਾਨ ਕਿ ਮਾਲਵੇ ਸਮੇਤ ਪੰਜਾਬ ਅੰਦਰ ਕਿਸਾਨੀ ਸੰਕਟ ਵਿਚ ਹੈ । ਮਲੋਟ ਲੰਬੀ ਦੇ ਸੇਮ ਪ੍ਰਭਾਵਿਤ ਇਲਾਕੇ ਜਿਥੇ ਕੁਦਰਤ ਦੀ ਕਰੋਪੀ ਕਰ ਕੇ ਕਿਸਾਨਾਂ ਨੂੰ ਕਈ ਵਾਰ ਖਾਣ ਵਾਲੇ ਦਾਣੇ ਵੀ ਨਹੀਂ ਹੁੰਦੇ। ਫਿਰ ਇਨ੍ਹਾਂ ਹਾਲਾਤ ਵਿਚ ਕਿਸਾਨਾਂ ਵਲੋਂ ਮੁੱਲ ਦੀ ਸਰਪੰਚੀ ਦੇ ਪ੍ਰਚਲਨ ਨੂੰ ਧੰਨ ਭਾਗਾ ਨਹੀਂ ਸਮਝਿਆ ਜਾ ਸਕਦਾ। ਇਹ ਵੀ ਪਤਾ ਲੱਗਾ ਹੈ ਕਿ ਕਈ ਪਿੰਡਾਂ ਵਿਚ ਸਰਪੰਚੀ ਦੇ ਦੋ ਦੋ ਦਾਅਵੇਦਾਰਾਂ ਵੱਲੋਂ ਜਿੱਤ ਹਾਰ ਦਾ ਫੈਸਲਾ ਪਰਚੀਆਂ ਪਾਕੇ ਕੀਤਾ ਜਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਲੰਬੀ ਦੇ ਇਕ ਪਿੰਡ ਵਿਚ ਪਰਚੀ ਵਿਚ ਹਾਰਨ ਵਾਲੀ ਧਿਰ ਵਲੋਂ ਮੁੱਕਰ ਜਾਣ ਕਰ ਕੇ ਫਿਰ ਤੋਂ ਵੋਟਾਂ ਪੈਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਬੋਲੀ ਦੀ ਸਰਪੰਚੀ ਸਬੰਧੀ ਪਹਿਲਾਂ ਆਈ ਵੀਡੀਓ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਡਿਪਟੀ ਕਮਿਸ਼ਨਰ ਵਲੋਂ ਇਸ ਮਾਮਲੇ ਦੀ ਜਾਂਚ ਕਰਾਏ ਜਾਣ ਦੀ ਵੀ ਚਰਚਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਇਜ਼ਰੀ, ਹੋ ਜਾਓ ਸਾਵਧਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8