ਕੈਪਟਨ ਅਮਰਿੰਦਰ ਦੀ ਤਰਨਤਾਰਨ ਫੇਰੀ ਮਹਿਜ਼ ਇਕ ਡਰਾਮਾ: ਸੁਖਪਾਲ ਖਹਿਰਾ

8/8/2020 6:02:39 PM

ਬਾਬਾ ਬਕਾਲਾ ਸਾਹਿਬ (ਰਾਕੇਸ਼): ਪੰਜਾਬ ਏਕਤਾ ਪਾਰਟੀ ਦੇ ਸੂਬਾਈ ਪ੍ਰਧਾਨ ਤੇ ਵਿਧਾਨ ਸਭਾ 'ਚ ਸਾਬਕਾ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬੀਤੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਦੀ ਨਕਲੀ ਸ਼ਰਾਬ ਤ੍ਰਾਸਦੀ ਦੇ ਪੀੜਤਾਂ ਦੀ ਫੇਰੀ ਉਦੋਂ ਤੱਕ ਡਰਾਮਾ ਬਣਿਆ ਰਹੇਗੀ, ਜਦੋਂ ਤੱਕ ਉਹ ਤਾਕਤਵਰ ਸਿਆਸਤਦਾਨਾਂ, ਪੁਲਸ, ਸ਼ਰਾਬ ਮਾਫੀਆ ਗਠਜੋੜ ਦੇ ਖਿਲਾਫ ਸਖ਼ਤ ਕਾਰਵਾਈ ਨਹੀਂ ਕਰਦੇ। ਖਹਿਰਾ ਵਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਉਨ੍ਹਾਂ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਕ ਹਫਤੇ ਦਾ ਸਮਾਂ ਬੀਤ ਜਾਣ ਦੇ ਬਾਅਦ ਨਕਲੀ ਸ਼ਰਾਬ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਦਾ ਡਰਾਮਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਦੇਰੀ ਨਾਲ ਹੋਈ ਇਹ ਫੇਰੀ ਪੀੜਤ ਪਰਿਵਾਰਾਂ ਨੂੰ ਦਿਤੀ ਜਾਣ ਵਾਲੀ ਐਕਸਗ੍ਰੇਸ਼ੀਆਂ ਗ੍ਰਾਂਟ ਵਿਚ ਛੋਟਾ ਵਾਧਾ ਕੀਤਾ ਜਾਣਾ, ਥੋੜੀ ਜਿਹੀ ਪੈਨਸ਼ਨ ਤੇ ਗਰੀਬਾਂ ਲਈ ਕੁਝ ਮਕਾਨਾਂ ਆਦਿ ਦੀ ਘੋਸ਼ਣਾ ਤੋਂ ਇਲਾਵਾ ਸਿਰਫ ਇਕ ਡਰਾਮਾ ਮਾਤਰ ਹੀ ਸੀ।

ਇਹ ਵੀ ਪੜ੍ਹੋ: ਸਰਕਾਰੀ ਥਾਂ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕਈ ਸ਼ਹਿਰਾਂ ਦੀਆਂ ਕੁੜੀਆਂ ਸਨ ਸ਼ਾਮਲ

ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਇਸ ਫੇਰੀ ਦਾ ਸਭ ਤੋਂ ਬੁਰਾ ਪੱਖ ਇਹ ਸੀ ਕਿ ਉਨ੍ਹਾਂ ਨਾਲ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਰਗੇ ਵਿਧਾਇਕ ਵੀ ਸਨ, ਜਿਨ੍ਹਾਂ ਉਤੇ ਆਪਣੇ ਨਿੱਜੀ ਸਟਾਫ ਰਾਹੀਂ ਨਕਲੀ ਸ਼ਰਾਬ ਦੀ ਤ੍ਰਾਸਦੀ ਵਿਚ ਸਿੱਧੇ ਤੌਰ 'ਤੇ ਦੋਸ਼ੀ ਹੋਣ ਦੇ ਇਲਜ਼ਾਮ ਲੱਗੇ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ, ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਡੇ ਐਲਾਨ ਕੀਤੇ ਜਾਣਗੇ, ਜਿਨ੍ਹਾਂ ਵਿਚ ਤਾਕਤਵਰ ਸਿਆਸਦਾਨਾਂ, ਪੁਲਸ ਤੇ ਸ਼ਰਾਬ ਮਾਫੀਆ ਗਠਜੋੜ ਦੇ ਆਸ਼ੀਰਵਾਦ ਨਾਲ ਵਾਪਰੇ ਨਕਲੀ ਸ਼ਰਾਬ ਦੁਖਾਂਤ ਦੇ ਸਰੋਤ ਦੀ ਗ੍ਰਿਫਤਾਰੀ ਸ਼ਾਮਲ ਹੋਵੇਗੀ। ਨਕਲੀ ਸ਼ਰਾਬ ਹਾਦਸੇ ਵਿਚ ਸੂਬੇ ਵੱਲੋਂ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕਰਨ ਦੀ ਤਜਵੀਜ਼ ਵੀ ਹਾਸੋਹੀਣੀ ਹੈ, ਕਿਉਂਕਿ ਉਨ੍ਹਾਂ ਨੇ ਵਿਸ਼ੇਸ਼ ਅਦਾਲਤਾਂ ਬਾਰੇ ਤਾਂ ਸੁਣਿਆ ਹੈ, ਪਰ ਵਿਸ਼ੇਸ਼ ਵਕੀਲਾਂ ਬਾਰੇ ਨਹੀਂ ਕਦੀ ਸੁਣਿਆ, ਕਿਉਂਕਿ ਸਾਰੇ ਅਪਰਾਧਿਕ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਸਰਕਾਰੀ ਵਕੀਲ ਖੜੇ ਕਰਨਾ ਸੂਬੇ ਦੀ ਜਿੰਮੇਵਾਰੀ ਹੁੰਦੀ ਹੈ। ਹੁਣ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੰਨ ਲਿਆ ਹੈ ਕਿ ਨਕਲੀ ਸ਼ਰਾਬ ਦੁਖਾਂਤ ਕੋਈ ਹਾਦਸਾ ਨਹੀਂ ਸੀ, ਬਲਕਿ ਸ਼ਰਾਬ ਮਾਫੀਆ ਦਾ ਕਾਰਾ ਹੈ, ਜੋ ਕਿ ਨਿਰਦੋਸ਼ ਲੋਕਾਂ ਦਾ ਕਤਲ ਕੀਤੇ ਜਾਣ ਦੇ ਬਰਾਬਰ ਹੈ।

ਇਹ ਵੀ ਪੜ੍ਹੋ: ਪ੍ਰੇਮੀ ਨੂੰ ਰਾਸ ਨਾ ਆਇਆ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਵਿਆਹ, ਕਰ ਦਿੱਤਾ ਇਹ ਕਾਂਡ

ਉਨ੍ਹਾਂ ਕਿਹਾ ਕਿ ਸਿਰਫ ਮਾਮੂਲੀ ਅਧਿਕਾਰੀਆਂ ਅਤੇ ਛੋਟੇ ਸਮੱਗਲਰਾਂ ਨੂੰ ਸਜ਼ਾ ਦੇ ਕੇ ਇਨ੍ਹਾਂ ਕਤਲਾਂ ਦੀ ਜਿੰਮੇਵਾਰੀ ਤੋਂ ਉਹ ਬਚ ਨਹੀਂ ਸਕਦੇ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਣਾ ਚਾਹੀਦਾ ਹੈ, ਕਿ ਉਹ ਮੁੱਖ ਮੰਤਰੀ, ਐਕਸਾਇਜ਼ ਅਤੇ ਟੈਕਸੇਸ਼ਨ ਮੰਤਰੀ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਵਜੋਂ ਆਪਣੇ ਖਿਲਾਫ ਕੀ ਕਾਰਵਾਈ ਕਰਨਗੇ, ਕਿਉਂਕਿ ਸਾਰਾ ਨਕਲੀ ਸ਼ਰਾਬ ਘਟਨਾਕ੍ਰਮ ਉਨ੍ਹਾਂ ਦੀ ਲਾਪ੍ਰਵਾਹੀ, ਬੇਤੁਕੀ ਅਤੇ ਆਯੋਗ ਕਾਰਜਸ਼ੈਲੀ ਦਾ ਨਤੀਜਾ ਹੈ। ਖਹਿਰਾ ਨੇ ਕਿਹਾ ਕਿ ਨਕਲੀ ਸ਼ਰਾਬ ਹਾਦਸੇ ਤੋਂ ਬਾਅਦ ਦਾ ਵਾਪਰਿਆ ਘਟਨਾਕ੍ਰਮ ਇਸ ਮੁੱਦੇ ਨੂੰ ਖਤਮ ਕਰਨ ਵਾਸਤੇ ਕੈਪਟਨ ਦੇ ਸ਼ੱਕੀ ਚਾਲ ਚੱਲਣ ਦਾ ਖੁਲਾਸਾ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੇਰੀ ਨਾਲ ਪਾਈ ਫੇਰੀ ਅੱਖਾਂ ਵਿਚ ਘੱਟਾ ਪਾਉਣ ਵਰਗੀ ਜਾਂਚ ਅਤੇ ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਮੁੱਖ ਦੋਸ਼ੀਆਂ ਨੂੰ ਫੜਣ ਵਿਚ ਨਾਕਾਮੀ ਪੂਰੇ ਮਸਲੇ ਨੂੰ ਠੰਡੇ ਬਸਤੇ ਪਾਉਣ ਅਤੇ ਮੁੱਖ ਦੋਸ਼ੀਆਂ ਨੂੰ ਬਚਾਉਣ ਦੀਆਂ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਖੁਲਾਸਾ ਕਰਦੀਆਂ ਹਨ, ਜਿਵੇਂਕਿ ਉਨ੍ਹਾਂ ਨੇ 8 ਮਹੀਨੇ ਤੱਕ ਉਸ ਸਮੇਂ ਦੇ ਦਾਗੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮਾਈਨਿੰਗ ਘੁਟਾਲੇ ਵਿਚ ਬਚਾਇਆ ਸੀ। ਖਹਿਰਾ ਨੇ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋ ਨਿਰਪੱਖ ਨਿਆਇਕ ਜਾਂਚ ਕਰਵਾਏ ਜਾਣ ਦੀ ਆਪਣੀ ਮੰਗ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਕਮਿਸ਼ਨਰ ਜਲੰਧਰ ਮੰਡਲ ਕਦੇ ਵੀ ਉਕਤ ਸ਼ਕਤੀਸ਼ਾਲੀ ਰਾਜਨੀਤਿਕਾਂ ਅਤੇ ਮਾਫੀਆ ਖਿਲਾਫ ਕਾਰਵਾਈ ਨਹੀ ਕਰ ਸਕੇਗਾ। ਅੰਤ 'ਚ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀ ਆਯੋਗ ਸਰਕਾਰੀ ਮਸ਼ੀਨਰੀ ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਐਕਸਗ੍ਰੇਸ਼ੀਆਂ ਗ੍ਰਾਂਟ ਅਤੇ ਪ੍ਰਤੀ ਮੈਂਬਰ ਸਰਕਾਰੀ ਨੌਕਰੀ ਦਿੱਤੀ ਜਾਵੇ।

ਇਹ ਵੀ ਪੜ੍ਹੋ: ਵੱਡੀ ਵਾਰਦਾਤ: 4 ਵਿਅਕਤੀਆਂ ਵਲੋਂ 13 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ


Shyna

Content Editor Shyna