ਜਾਣੋ ਕਿਉਂ ਚੁਣੀ ਪਰਮਜੀਤ ਖਾਲੜਾ ਨੇ ਖਹਿਰਾ ਦੀ 'ਪੰਜਾਬ ਏਕਤਾ ਪਾਰਟੀ' (ਵੀਡੀਓ)

Tuesday, Mar 19, 2019 - 06:27 PM (IST)

ਜਲੰਧਰ— ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਸੁਖਪਾਲ ਖਹਿਰਾ ਧੜੇ 'ਚ ਸ਼ਮੂਲੀਅਤ ਕਰਨ ਦਾ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ 'ਚ ਜਾਣਾ ਹੁੰਦਾ ਤਾਂ 24 ਸਾਲ ਪਹਿਲਾਂ ਹੀ ਚਲੇ ਜਾਣਾ ਸੀ। 'ਜਗ ਬਾਣੀ' ਨੂੰ ਦਿੱਤੇ ਗਏ ਇੰਟਰਵਿਊ 'ਚ ਖੁਲਾਸਾ ਕਰਦੇ ਹੋਏ ਦੱਸਿਆ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਰਿਵਾਇਤੀ ਪਾਰਟੀਆਂ ਹਨ ਅਤੇ ਪੰਜਾਬ ਏਕਤਾ ਪਾਰਟੀ ਸਿਰਫ ਖੇਤਰੀ ਪਾਰਟੀ ਹੈ। ਡੈਮੋਕ੍ਰੇਟਿਕ ਅਲਾਇੰਸ ਇਕ ਚੰਗੀ ਸੋਚ ਅਤੇ ਚੰਗੀ ਵਿਚਾਰ ਧਾਰਾ 'ਤੇ ਬਣਿਆ ਹੈ, ਜਿਸ ਦੇ ਕਾਰਨ ਹੀ ਉਨ੍ਹਾਂ ਨੇ ਪੰਜਾਬ ਏਕਤਾ ਪਾਰਟੀ ਨੂੰ ਚੁਣਿਆ। ਸ਼੍ਰੋਮਣੀ ਅਕਾਲੀ ਦਲ ਦੀ ਸਟ੍ਰੇਟਜੀ ਸਿਰਫ ਰਾਜ ਕਰਨਾ ਹੈ। 
ਪੁਲਸ ਵੱਲੋਂ ਮਾਰੇ ਗਏ ਸਿੱਖ ਨੌਜਵਾਨ ਦੀਆਂ ਲਾਸ਼ਾਂ ਦੇ ਅੰਕੜੇ ਇਕੱਠੇ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਨੇ ਕਿਹਾ ਕਿ ਅਕਾਲੀ ਦਲ ਨੇ ਸ਼ੁਰੂ 'ਚ ਆਖ ਦਿੱਤਾ ਸੀ ਕਿ ਬਾਕੀ ਸਭ ਗੱਲਾਂ ਛੱਡ ਕੇ ਆਪਣੇ ਪਰਿਵਾਰ ਵੱਲ ਧਿਆਨ ਦਿਓ। ਉਨ੍ਹਾਂ ਨੇ ਦੱਸਿਆ ਕਿ 1999 'ਚ ਜਦੋਂ ਉਨ੍ਹਾਂ ਨੂੰ ਚੋਣ ਮੁਹਿੰਮ ਕਰਨੀ ਪਈ ਤਾਂ ਉਸ ਸਮੇਂ ਉਨ੍ਹਾਂ ਦੀ ਜਿੱਤਣ ਜਾਂ ਹਾਰਨ ਦੀ ਕੋਈ ਮੰਸ਼ਾ ਨਹੀਂ ਸੀ। ਉਨ੍ਹਾਂ ਦਾ ਮਕਸਦ ਸਿਰਫ ਹਿਊਮਨ ਰਾਈਟਸ ਦੇ ਮੁੱਦੇ ਨੂੰ ਦੁਨੀਆ 'ਚ ਉਭਾਰਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸੰਤਾਪ 'ਚੋਂ ਲੰਘ ਕੇ ਮੈਂ ਸੋਚਦੀ ਸੀ ਕਿ ਚੋਣ ਮੇਰੇ ਲਈ ਜ਼ਰੂਰੀ ਨਹੀਂ ਹੈ।

ਲੋਕ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਉਨ੍ਹਾਂ ਦੇ ਨਾਂ ਦੀ ਚਰਚਾ ਚੱਲ ਰਹੀ ਹੈ ਅਤੇ ਉਨ੍ਹਾਂ ਦੀ ਸੁਖਪਾਲ ਖਹਿਰਾ ਦੇ ਨਾਲ ਦਸੰਬਰ ਮਹੀਨੇ 'ਚ ਗੱਲਬਾਤ ਹੋਈ ਸੀ। ਇਸੇ ਗੱਲਬਾਤ ਦੌਰਾਨ ਉਨ੍ਹਾਂ ਨੇ ਸੁਖਪਾਲ ਖਹਿਰਾ ਨੂੰ ਕਿਹਾ ਸੀ ਕਿ ਮੈਂ ਹਿਊਮਨ ਰਾਈਟਸ ਦੇ ਮੁੱਦੇ 'ਤੇ ਖੜ੍ਹਨਾ ਹੈ ਅਤੇ ਖਹਿਰਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਨੇ ਸੁਖਪਾਲ ਖਹਿਰਾ ਦੀ 'ਪੰਜਾਬ ਏਕਤਾ ਪਾਰਟੀ' ਦਾ ਹਿੱਸਾ ਬਣਨ ਤੋਂ ਪਹਿਲਾਂ ਆਖ ਦਿੱਤਾ ਸੀ ਕਿ ਉਹ ਖਡੂਰ ਸਾਹਿਬ ਤੋਂ ਇਲਾਵਾ ਕਿਤੋਂ ਹੋਰ ਚੋਣ ਨਹੀਂ ਲੜਨਗੇ। ਪਰਮਜੀਤ ਨੇ ਕਿਹਾ ਕਿ ਰਾਜਨੀਤੀ 'ਚ ਲਗਾਤਾਰ ਖਲਾਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਖਡੂਰ ਸਾਹਿਬ ਦੀ ਸੀਟ ਜਿੱਤੀ ਜਾਂਦੀ ਹੈ ਤਾਂ ਇਸ ਨੂੰ ਮੁੱਦਿਆਂ ਦੀ ਰਾਜਨੀਤੀ 'ਚ ਬਦਲਿਆ ਜਾਵੇਗਾ ਅਤੇ ਨਵੀਂ ਰਾਜਨੀਤੀ ਦਾ ਮੁੱਢ ਬੰਨ੍ਹਿਆ ਜਾਵੇਗਾ।


author

shivani attri

Content Editor

Related News