ਪੰਜਾਬ ਦੀ ਅਰਥਵਿਵਸਥਾ ਘੋਰ ਵਿੱਤੀ ਸੰਕਟ ''ਚ : ਇਕੋਨਾਮਿਕ ਅਡਵਾਈਜ਼ਰ

Wednesday, Jun 21, 2017 - 06:43 AM (IST)

ਚੰਡੀਗੜ੍ਹ (ਪਰਾਸ਼ਰ) - ਪੰਜਾਬ ਸਰਕਾਰ ਦੇ ਆਰਥਿਕ ਸਲਾਹਕਾਰ ਵਲੋਂ ਸੂਬੇ ਦੇ ਆਰਥਿਕ ਸਰਵੇਖਣ 'ਚ ਕਿਹਾ ਗਿਆ ਹੈ ਕਿ ਇਸ ਸਮੇਂ ਪੰਜਾਬ ਦੀ ਅਰਥਵਿਵਸਥਾ ਪਿਛਲੀ ਸੂਬਾ ਸਰਕਾਰ ਵਲੋਂ ਕੀਤੇ ਗਏ ਘਟੀਆ ਵਿੱਤੀ ਪ੍ਰਬੰਧਾਂ ਦੇ ਨਤੀਜੇ ਵਜੋਂ ਘੋਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਅੱਜ ਵਿਧਾਨਸਭਾ 'ਚ ਸਦਨ ਦੇ ਟੇਬਲ 'ਤੇ ਰੱਖੀ ਗਈ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਰਾਜ ਸਰਕਾਰ ਵਲੋਂ ਜਿੱਥੇ ਇਕ ਪਾਸੇ ਰਾਜ ਦੇ ਵਿੱਤ ਨੂੰ ਵਧਾਉਣ ਲਈ ਕੋਈ ਠੋਸ ਉਪਾਅ ਨਹੀਂ ਕੀਤਾ ਗਿਆ, ਉਥੇ ਹੀ ਦੂਜੇ ਪਾਸੇ ਸਰਕਾਰੀ ਫੰਡਾਂ ਨੂੰ ਬਹੁਤ ਹੀ ਬੇਲੋੜੇ ਢੰਗ ਨਾਲ ਖਰਚਿਆ ਗਿਆ। ਪੰਜਾਬ ਦਾ ਉਦਯੋਗਿਕ ਸੈਕਟਰ ਵੀ ਕੌਮੀ ਅਰਥਵਿਵਸਥਾ ਅਤੇ ਹੋਰ ਪ੍ਰਮੁੱਖ ਰਾਜਾਂ ਦੇ ਮੁਕਾਬਲੇ ਹੌਲੀ ਗਤੀ ਨਾਲ ਵਧ ਰਿਹਾ ਹੈ।
ਖੇਤੀਬਾੜੀ ਸੈਕਟਰ ਜੋ ਕਿ ਪੇਂਡੂ ਆਬਾਦੀ ਦੀ ਰੀੜ੍ਹ ਦੀ ਹੱਡੀ ਹੈ, ਭਾਰੀ ਕਰਜ਼ੇ ਦੇ ਬੋਝ ਹੇਠ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕਿਸਾਨਾਂ ਵਲੋਂ ਰੋਜ਼ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਅਤੇ ਨਸ਼ਿਆਂ ਦੀ ਵਿਆਪਕ ਵਰਤੋਂ ਕਾਰਨ ਪੇਂਡੂ ਖੇਤਰ ਬਹੁਤ ਬੁਰੇ ਦੌਰ 'ਚੋਂ ਲੰਘ ਰਿਹਾ ਹੈ। ਭਾਵੇਂ ਪੰਜਾਬ ਵਲੋਂ ਝੋਨੇ ਅਤੇ ਕਣਕ ਦੇ ਕੌਮੀ ਪੂਲ 'ਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਖੇਤੀ, ਕਰਜ਼ੇ 'ਚ ਡੁੱਬੇ ਛੋਟੇ ਕਿਸਾਨਾਂ ਲਈ ਗੈਰ ਮੁਨਾਫੇ ਵਾਲਾ ਧੰਦਾ ਬਣ ਚੁੱਕੀ ਹੈ।
ਇਸ ਸਥਿਤੀ ਦੇ ਮੱਦੇਨਜ਼ਰ ਮੌਜੂਦਾ ਸਰਕਾਰ ਨੂੰ ਅਰਥਵਿਵਸਥਾ 'ਚ ਸੁਧਾਰ ਲਿਆਉਣ ਲਈ ਜਿਥੇ ਦਿਨ-ਰਾਤ ਇਕ ਕਰਨਾ ਹੋਵੇਗਾ, ਉਥੇ ਹੀ ਸਰਕਾਰੀ ਵਿੱਤ ਨੂੰ ਸਹੀ ਕਰਨ ਲਈ ਨਵੇਂ ਕਦਮ ਵੀ ਚੁੱਕਣੇ ਪੈਣਗੇ, ਜਿਨ੍ਹਾਂ 'ਚ ਸਭ ਤੋਂ ਮਹੱਤਵਪੂਰਨ ਨਾਜਾਇਜ਼ ਖਰਚਿਆਂ ਨੂੰ ਖਤਮ ਕਰਨਾ ਹੈ।
ਪੰਜਾਬ ਦੀ ਵਿੱਤੀ ਸਥਿਤੀ ਬਹੁਤ ਖਰਾਬ ਹੋਣ ਕਾਰਨ ਰਾਜ ਆਪਣੇ ਰੂਟੀਨ ਦੇ ਖਰਚੇ ਵੀ ਪੂਰਾ ਕਰਨ ਲਾਇਕ ਨਹੀਂ ਰਿਹਾ ਅਤੇ ਜ਼ਿਆਦਾਤਰ ਦੂਜੇ ਸਾਰੇ ਸਰੋਤਾਂ ਨੂੰ ਖਤਮ ਕਰਨ ਦੇ ਬਾਅਦ ਉਧਾਰ ਅਤੇ ਹੋਰ ਤਰੀਕਿਆਂ ਤੇ ਸਾਧਨਾਂ 'ਤੇ ਆਧਾਰਿਤ ਹੈ। ਲਗਾਤਾਰ ਵੱਧ ਰਿਹਾ ਕਰਜ਼ਾ ਸਰਕਾਰ ਲਈ ਇਕ ਗੰਭੀਰ ਸਮੱਸਿਆ ਹੈ। ਸਾਲ 2012-13 ਤੋਂ ਰਾਜ ਦਾ ਬਕਾਇਆ ਜਨਤਕ ਕਰਜ਼ਾ ਲਗਾਤਾਰ ਵਧ ਰਿਹਾ ਹੈ। ਸਾਲ 2014-15 'ਚ ਕਰਜ਼ਾ 1,12,366 ਕਰੋੜ ਰੁਪਏ ਸੀ, ਜੋ ਸਾਲ 2016-17 'ਚ 1,38,166 ਕਰੋੜ ਰੁਪਏ ਹੋ ਜਾਣ ਦੀ ਸੰਭਾਵਨਾ ਹੈ।
ਸੂਬੇ 'ਚ ਖੇਤੀ ਸੈਕਟਰ ਪਿਛਲੇ ਕੁਝ ਸਾਲਾਂ ਤੋਂ ਗੰਭੀਰ ਮੰਦੀ ਦੇ ਲੱਛਣ ਦਿਖਾ ਰਿਹਾ ਹੈ। ਇਸ ਸੈਕਟਰ ਦੀ ਵਿਕਾਸ ਦਰ ਸਾਈਕਲੀਕਲ ਰੁਝਾਨ ਦਿਖਾਉਂਦੀ ਹੈ। ਸਾਲ 2014-15 'ਚ ਇਸ 'ਚ 6.76 ਫੀਸਦੀ ਦੀ ਗਿਰਾਵਟ ਆਈ। ਸਾਲ 2015-16 'ਚ ਇਸ 'ਚ 0.64 ਫੀਸਦੀ ਦੀ ਹੋਰ ਕਮੀ ਆਉਣ ਦੀ ਸੰਭਾਵਨਾ ਹੈ। ਹਾਲਾਂਕਿ 2016-17 ਦੇ ਬਜਟ ਅਨੁਮਾਨ ਮੁਤਾਬਿਕ ਇਸ 'ਚ 4.93 ਫੀਸਦੀ ਦੇ ਵਾਧੇ ਦੀ ਸੰਭਾਵਨਾ ਹੈ। ਖੇਤੀ ਸੈਕਟਰ 'ਚ ਔਸਤ ਆਧਾਰ ਅਤੇ ਵਿਕਾਸ ਦਰ ਬਹੁਤ ਘਟ ਰਹੀ ਹੈ। ਪੰਜਾਬ ਦੇ ਅਨਾਜ ਦੇ ਕੁਲ ਉਤਪਾਦਨ 'ਚ ਵੀ ਪਿਛਲੇ ਸਾਲਾਂ 'ਚ ਮਾਮੂਲੀ ਵਾਧਾ ਹੀ ਦਰਜ ਕੀਤਾ ਗਿਆ ਹੈ।


Related News