ਪੰਜਾਬ ’ਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਹਵਾ ’ਚ

Sunday, Jun 24, 2018 - 03:49 AM (IST)

ਚੇਤਨਪੁਰਾ,   (ਨਿਰਵੈਲ)-  ਪੰਜਾਬ ’ਚ ਨਸ਼ਿਆਂ ਦੇ ਕਹਿਰ ਦਾ ਪ੍ਰਕੋਪ ਪੂਰੇ ਸ਼ਿਖਰ ’ਤੇ ਹੋਣ ਕਰਕੇ ਨਿੱਤ ਦਿਨ ਹੀ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਰਿਹਾ ਹੈ ਨਸ਼ਾ, ਤੇ ਨਸ਼ਿਆਂ ਦੀ ਪੂਰਤੀ ਲਈ ਨੌਜਵਾਨ ਬਹੁਤ ਹੇਠਲੇ ਪੱਧਰ ਤੱਕ ਗਿਰ ਜਾਂਦੇ ਹਨ ਤੇ ਘਰਾਂ ਦੀ ਹਰ ਕੋਈ ਵਸਤੂ ਵੇਚਣ ਲਈ ਤੇ ਲੁੱਟ-ਖੋਹ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। 
ਕਈ ਵਾਰੀ ਕਲੇਸ਼ ਇੰਨਾ ਵੱਧ ਜਾਂਦਾ ਹੈ ਕਿ ਆਪਣੇ ਮਾਂ ਪਿਉ, ਭੈਣ-ਭਰਾਵਾਂ ਤੇ ਬੱਚਿਆਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੰਦੇ ਹਨ। ਇਸ ਤਰ੍ਹਾਂ ਹੋਣ ਨਾਲ ਸੂਬੇ ਦਾ ਮਾਹੌਲ ਪੂਰੀ ਤਰ੍ਹਾਂ ਢਗਮਗਾ ਗਿਆ ਹੈ ਤੇ ਪੰਜਾਬ ’ਚ ਸਰਕਾਰ ਬਣੀ ਨੂੰ ਕਰੀਬ ਦੋ ਸਾਲ ਹੋ ਚੱਲੇ ਹਨ ਤੇ ਨਸ਼ਿਆਂ ’ਤੇ ਕਾਬੂ ਪਾਉਣ ਲਈ ਹੁਣ ਤੱਕ ਕਿਸੇ ਵੀ ਆਗੂ ਦਾ ਬਿਆਨ ਤੱਕ ਨਹੀਂ ਆਇਆ। 

 ਪੁਲਸ ਨੂੰ ਕਿਉਂ ਨਹੀਂ ਪਤਾ ਕਿ ਨਸ਼ਾ ਕਿਥੇ ਵਿਕਦੈ? 
 ਨਸ਼ੇ ਤੋਂ ਪੀਡ਼ਤ ਇਕ ਨੌਜਵਾਨ ਦੇ ਪਿਤਾ ਨੇ ਆਪਣੇ ਪੁੱਤਰ ਤੋਂ ਡਰਦੇ ਨੇ ਆਪਣਾ ਨਾਂ ਨਾ ਲਿਖਣ ਦੀ ਗੱਲ ਕਰਦਿਆਂ ਭਰੇ ਮਨ ਨਾਲ ਕਿਹਾ ਕਿ ਨਸ਼ੇ ਦੀ ਸਮੱਗਿਲੰਗ ਕਰਨ ਵਾਲੇ ਹਰ ਆਮ ਸਡ਼ਕਾਂ, ਚੌਕਾਂ, ਗਲੀ-ਮਹੱਲੇ ਅਤੇ ਨਹਿਰਾਂ ’ਤੇ ਤੁਰੇ-ਤੁਰੇ ਜਾਂਦੇ ਪੁਡ਼ੀ ਫਡ਼ਾ ਜਾਂਦੇ   ਆਮ ਹੀ ਵੇਖੇ ਜਾਂਦੇ ਹਨ ਤੇ ਪੰਜਾਬ ਪੁਲਸ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਕਿ ਨਸ਼ਾ ਕਿਹਡ਼ਾ ਵਿਅਕਤੀ ਵੇਚ ਰਿਹਾ ਹੈ, ਜੇਕਰ ਥਾਣਿਆਂ ਵਿਚ ਨਹੀਂ ਸੂਚਨਾ ਮਿਲਦੀ ਤਾਂ ਕਿਥੇ ਹਨ ਇੰਟੈਲੀਜੈਸੀਅਾਂ।
 ਬਡ਼ੀ ਆਸ ਸੀ ਕੈਪਟਨ ਸਰਕਾਰ ’ਤੇ ਕਿ ਨਸ਼ੇ ਬੰਦ ਹੋਣ ਜਾਣਗੇ 
 ਉਨ੍ਹਾਂ ਅੱਗੇ ਕਿਹਾ ਕਿ ਅਸੀਂ ਬਡ਼ੀ ਆਸ ਲਗਾਈ ਸੀ ਕੈਪਟਨ ਸਰਕਾਰ ਆ ਜਾਣੀ ਹੈ ਤੇ ਨਸ਼ੇ ਬੰਦ ਹੋ ਜਾਣਗੇ ਤੇ ਅਸੀਂ ਆਪਣੇ ਬੱਚਿਆਂ ਦਾ ਇਲਾਜ ਕਰਵਾ ਲਵਾਂਗੇ ਤੇ ਸਭ ਕੁਝ ਠੀਕ ਹੋ ਜਾਵੇਗਾ, ਪਰ ਕੀ ਪਤਾ ਸੀ ਕਿ ਨਸ਼ਾ ਪਹਿਲਾਂ ਨਾਲੋਂ ਵੀ ਸ਼ਰੇਆਮ ਹੋ ਜਾਵੇਗਾ।

 ਮੇਰੇ ਪੁੱਤਰ ਨਸ਼ਈ ਹੋਣ ਕਰਕੇ ਮੇਰੀਆਂ ਧੀਅਾਂ ਵੀ ਮੈਨੂੰ ਮਿਲਣ ਨਹੀਂ ਆਉਂਦੀਆਂ
ਉਨ੍ਹਾਂ ਦੱਸਿਆਂ ਕਿ ਮੇਰਾ ਪੁੱਤਰ ਨਸ਼ੇ ਦਾ ਆਦੀ ਹੋਣ ਕਰਕੇ ਮੇਰੀਆਂ ਲਡ਼ਕੀਆਂ ਵੀ ਮੇਰੇ ਘਰ ਨਹੀਂ ਆਉਂਦੀਆਂ ਕਿਉਂਕਿ ਕਿ ਮੇਰੇ ਬੇਟਾ ਉਨ੍ਹਾਂ ਦੇ ਬੱਚਿਆਂ ਨੂੰ ਚੁੱਕ ਕੇ ਕੋਠੇ ਤੋਂ ਪੁੱਠਾ ਲਮਕਾ ਦਿੰਦਾ ਹੈ ਕਿ ਪੈਸੇ ਦੇਵੋ ਨਹੀਂ ਇਸ ਨੂੰ ਛੱਤ ਤੋਂ ਹੇਠਾਂ ਸੁੱਟ ਦੇਵਾਂਗਾ। ਇਸ ਤੋਂ ਇਲਾਵਾ ਜਿਸ ਦਿਨ ਉਸ ਨੂੰ ਪੈਸੇ ਨਹੀਂ ਦਿੰਦੇ ਉਹ ਸਾਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ, ਹੋਰ ਇਸ ਤੋਂ ਵੱਧ ਸੰਤਾਪ ਬੰਦੇ ਨੇ ਕੀ ਭੋਗਣਾ ਹੁੰਦਾ ਹੈ।  ਅਸੀਂ ਤਾਂ ਹਾਰ ਕੇ ਇਹ ਕਹਿ ਦਿੰਦੇ ਹਾਂ ਕਿ ਰੱਬਾ ਜਾਂ ਇਸ ਨੂੰ ਚੁੱਕ ਲਾ ਜਾਂ ਸਾਨੂੰ।   
ਸਮੈਕ, ਹੈਰੋਇਨ ਨਹੀਂ ਹੁਣ ਟੀਕਾ ਚੱਲ ਰਿਹੈ
ਕੁਝ ਸਮਾਂ ਪਹਿਲਾਂ ਸਮੈਕ ਬਾਰੇ ਸੁਣਦੇ ਸੀ, ਫਿਰ ਹੈਰੋਇਨ ਤੇ ਟੀਕਾ ਪਤਾ ਨਹੀਂ ਕਿਸ ਚੀਜ਼ ਦਾ ਆ ਰਿਹਾ ਹੈ, ਅਮਲੀ ਟੀਕਾ ਲਗਾ ਕੇ ਆਮ ਹੀ ਸਡ਼ਕਾਂ ਦੇ ਲੇਟਦੇ ਵੇਖੇ ਜਾਂਦੇ ਹਨ।  

ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਨੂੰ ਦਿੰਦੇ ਨੇ ਅੰਜਾਮ
ਨਸ਼ੱਈਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਨੂੰ ਬਡ਼ੇ ਵੱਡੇ ਪੱਧਰ ’ਤੇ ਅੰਜ਼ਾਮ ਦਿੱਤਾ ਜਾਂਦਾ ਹੈ ਲੋਕਾਂ ਨੂੰ ਜਖ਼ਮੀ ਕਰਕੇ ਲੁੱਟਿਆਂ ਜਾਂਦਾ ਹੈ, ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ।
 ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ
ਰੋਜ਼ਾਨਾਂ ਹੀ ਹੋ ਲੁੱਟਾਂ-ਖੋਹਾਂ ਕਰਕੇ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣਕੇ ਤਮਾਸ਼ਾ ਵੇਖ ਰਿਹਾ ਹੋਵੇ।

 ਨਸ਼ੇ ’ਤੇ ਕਾਬੂ ਪਾਉਣ ਦੀ ਮੰਗ 
ਇਸ ਇਲਾਕੇ ਦੇ ਨੌਜਵਾਨ ਦਿਲਬਾਗ ਸਿੰਘ ਭੱਟੀ,  ਸੁਖਚੈਨ ਸਿੰਘ, ਰੇਸ਼ਮ ਸਿੰਘ, ਸੰਦੀਪ ਸਿੰਘ, ਡਾ. ਗੁਰਭੇਜ ਸਿੰਘ, ਜਸਸਿਮਰਨ ਸਿੰਘ ਆਡ਼੍ਹਤੀ, ਤੇਜ਼ਬੀਰ ਸਿੰਘ ਸਾਬੀ, ਸੁਖਤਾਜ ਸਿੰਘ, ਦਲੇਰ ਸਿੰਘ, ਬਲਦੇਵ ਸਿੰਘ ਬੱਬੂ, ਇਕਬਾਲ ਸਿੰਘ, ਦਲਜੀਤ ਸਿੰਘ, ਅਮਰਜੀਤ ਸਿੰਘ ਗੋਪੀ,  ਹੁਸ਼ਿਆਰ ਸਿੰਘ, ਸੁਖਤਾਜ ਸਿੰਘ, ਲੱਕੀ ਗਿੱਲ, ਗੁਰਬਖ਼ਸ ਸਿੰਘ, ਸੁਤਾਰ ਸਿੰਘ, ਗੁਰਵਿੰਦਰ ਪ੍ਰਧਾਨ, ਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਅਕਤੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ. ਜੀ. ਪੀ. ਪੰਜਾਬ ਤੋਂ ਮੰਗ ਕੀਤੀ ਕਿ ਨਸ਼ਿਆਂ ਦੀ ਸਮੱਗਿਲੰਗ ਅਤੇ ਸੇਵਨ ਕਰਨ ਵਾਲਿਆ ਅਤੇ ਲੁੱਟ ਖੋਹ ਕਰਨ ਵਾਲਿਆ ਨੂੰ ਤੁਰੰਤ ਕਾਬੂ ਕੀਤਾ ਜਾਵੇ ਤਾਂ ਜੋ ਮਿਹਨਤਕਸ ਲੋਕ ਸਹੀਂ ਢੰਗ ਨਾਲ ਆਪਣਾ ਜੀਵਨ ਬਤੀਤ ਕਰਨ ਸਕਣ।
  ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਮਾਵਾਂ
ਨਸ਼ਿਆਂ ਦੇ ਆਦੀ ਪੁੱਤਰਾਂ ਦੀਆਂ ਮਾਵਾਂ ਨੇ ਰੌਂਦੀਆਂ-ਕੁਰਲਾਉਂਦੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਸਾਡੇ ਪੁੱਤਰ ਨਸ਼ੇ ਦੇ ਆਦੀ ਹੋ ਜਾਣ ਕਾਰਨ ਸਾਡੇ ਜਿਉਣ ਦਾ ਕੋਈ ਹੱਜ ਨਹੀਂ ਰਿਹਾ, ਕਿਉਂਕਿ ਪਹਿਲਾਂ ਤੇ ਸਾਡੇ ਪੁੱਤਰ ਦੇਰ ਰਾਤ ਤੱਕ ਘਰ ਨਾ ਆਉਣ ਕਰਕੇ ਫਿਕਰ ਨਾਲ ਨੀਂਦ ਨਹੀਂ ਆਉਂਦੀ ਤੇ ਜਦ ਨਸ਼ੇ ’ਚ ਧੁੱਤ ਹੋ ਕੇ ਆ ਜਾਂਦੇ ਹਨ ਤੇ ਤਦ ਵੀ ਨੀਂਦ ਨਹੀਂ ਆਉਂਦੀ ਕੇ ਪਤਾ ਨਹੀਂ ਇਸ ਨੇ ਕਦੋਂ ਉੱਠ ਕੇ ਸਾਨੂੰ ਮੌਤ ਦੇ ਘਾਤ ਉਤਾਰ ਦੇਣਾ ਹੈ, ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਾਂ, ਸ਼ਾਈਦ ਸਾਡੇ ਕਰਮਾਂ ਵਿਚ ਹੀ ਇਹੋ ਕੁਝ ਹੋਵੇਗਾ।
 


Related News