ਪੰਜਾਬ ਨਹੀਂ ਚਾਹੁੰਦਾ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਜਾਣਾ ਪਵੇ, ਕੇਂਦਰ ਸਰਕਾਰ ਕਰੇ ਮਦਦ : ਜਾਖੜ

05/05/2020 8:20:49 PM

ਜਲੰਧਰ, (ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਬੇਸ਼ਕ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਪ੍ਰਵਾਸੀ ਮਜ਼ਦੂਰ ਵਾਪਸ ਜਾਣ ਕਿਉਂਕਿ ਪੰਜਾਬ ਉਨ੍ਹਾਂ ਦੀ ਕਰਮ ਭੂਮੀ ਹੈ ਅਤੇ ਉਨ੍ਹਾਂ ਨੇ ਪੰਜਾਬ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ 'ਚ ਬਹੁਤ ਯੋਗਦਾਨ ਦਿੱਤਾ ਹੈ। ਫਿਰ ਵੀ ਜੋ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾ ਰਹੇ ਹਨ, ਉਹ ਆਪਣੀਆਂ ਆਰਥਿਕ ਮੁਸ਼ਕਲਾਂ ਕਾਰਣ ਅਜਿਹਾ ਕਰ ਰਹੇ ਹਨ। ਕਿਉਂਕਿ ਇਸ ਮੁਸ਼ਕਲ ਭਰੇ ਸਮੇਂ 'ਚ ਭਾਰਤ ਸਰਕਾਰ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ।

ਜਾਖੜ ਨੇ ਕਿਹਾ ਕਿ ਜਦ ਤਕ ਪੰਜਾਬ 'ਚ ਉਦਯੋਗਿਕ ਇਕਾਈਆਂ ਨਹੀਂ ਚੱਲਣਗੀਆਂ, ਉਦੋਂ ਤਕ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਵਲੋਂ ਆਰਥਿਕ ਮਦਦ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਜੇ ਇਕ ਵਾਰ ਮਜ਼ਦੂਰ ਆਪਣੇ ਘਰਾਂ ਨੂੰ ਚਲੇ ਗਏ ਤਾਂ ਫੈਕਟਰੀਆਂ ਨੂੰ ਜਲਦ ਸ਼ੁਰੂ ਕਰਨਾ ਮੁਸ਼ਕਲ ਹੋ ਜਾਵੇਗਾ, ਜਿਸ ਦਾ ਸਿੱਧਾ ਅਸਰ ਪੰਜਾਬ ਦੀ ਆਰਥਿਕਤਾ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਤੱਥਾਂ ਨੂੰ ਜਾਣਦੇ ਹੋਏ ਵੀ ਕੇਂਦਰ ਸਰਕਾਰ ਇਨ੍ਹਾਂ ਮਜ਼ਦੂਰਾਂ ਦੀ ਆਰਥਿਕ ਤੌਰ 'ਤੇ ਮਦਦ ਨਹੀਂ ਕਰ ਰਹੀ ਤਾਂ ਇਸ ਤੋਂ ਪਤਾ ਲਗਦਾ ਹੈ ਕਿ ਮੋਦੀ ਸਰਕਾਰ ਪੰਜਾਬ ਦੇ ਪ੍ਰਤੀ ਸੌਤੇਲਾ ਰਵੱਈਆ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਗੌੜੇ ਸ਼ਾਹੂਕਾਰਾਂ ਨੂੰ 60 ਹਜ਼ਾਰ ਕਰੋੜ ਰੁਪਏ ਦੇ ਸਕਦੀ ਹੈ ਤਾਂ ਇਨ੍ਹਾਂ ਮਜ਼ਦੂਰਾਂ ਲਈ 2-4 ਮਹੀਨਿਆਂ ਦਾ ਬੋਝ ਨਹੀਂ ਚੁੱਕ ਸਕਦੀ। ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬ ਇਨ੍ਹਾਂ ਨੂੰ ਖਾਣਾ ਦੇ ਰਿਹਾ ਹੈ ਪਰ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਖਾਤਿਆਂ 'ਚ ਨਕਦ ਰਾਸ਼ੀ ਜਮ੍ਹਾ ਕਰਵਾਉਂਦੀ ਤਾਂ ਕਿ ਉਨ੍ਹਾਂ ਨੂੰ ਰਹਿਣ 'ਚ ਕੋਈ ਮੁਸ਼ਕਲ ਨਾ ਆਉਂਦੀ।

ਜਾਖੜ ਨੇ ਕਿਹਾ ਕਿ ਅੱਜ ਜਦੋਂ ਇਹ ਮਜ਼ਦੂਰ ਆਪਣੇ ਘਰਾਂ ਨੂੰ ਜਾ ਰਹੇ ਹਨ ਤਾਂ ਮੁਫਤ ਰੇਲ ਸਫਰ ਦੇਣ ਦੀ ਬਜਾਏ ਕੇਂਦਰ ਸਰਕਾਰ ਨੇ ਉਨ੍ਹਾਂ ਤੋਂ ਕਿਰਾਇਆ ਮੰਗਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਪ੍ਰਵਾਸੀ ਮਜ਼ਦੂਰ ਇੱਥੇ ਰੁਕਣ ਪਰ ਫਿਰ ਜੇ ਕੋਈ ਮਜ਼ਦੂਰ ਵਾਪਸ ਆਪਣੇ ਘਰ ਜਾਣਾ ਚਾਹੁੰਦਾ ਹੈ ਤਾਂ ਅਸੀਂ ਉਸ ਨੂੰ ਜ਼ਬਰਦਸਤੀ ਨਹੀਂ ਰੋਕਾਗੇਂ ਅਤੇ ਉਨ੍ਹਾਂ ਦੇ ਕਿਰਾਏ ਦਾ ਭੁਗਤਾਨ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ।


KamalJeet Singh

Content Editor

Related News