ਪੰਜਾਬ ਦੀਵਾਲੀ ਬੰਪਰ ਨੇ ਹਿਮਾਚਲ ਵਾਸੀ ਪੇਂਟਰ ਦੀ ਜ਼ਿੰਦਗੀ ਰੁਸ਼ਨਾਈ

11/10/2019 10:43:31 PM

ਚੰਡੀਗਡ਼੍ਹ (ਬਿਊਰੋ)-ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਨੇ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਊਨਾ ’ਚ ਪੈਂਦੇ ਪਿੰਡ ਚੂਰਡ਼ੂ ਦੇ ਵਸਨੀਕ ਸੰਜੀਵ ਕੁਮਾਰ ਦੀ ਜ਼ਿੰਦਗੀ ਰੌਸ਼ਨ ਕਰ ਦਿੱਤੀ ਹੈ। ਪੇਂਟਰ, ਪਲੰਬਰ ਤੇ ਇਲੈਕਟ੍ਰੀਸ਼ਨ ਦਾ ਕੰਮ ਕਰਨ ਵਾਲੇ ਸੰਜੀਵ ਨੇ ਢਾਈ ਕਰੋਡ਼ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਸੰਜੀਵ ਕੁਮਾਰ ਨੇ ਦੱਸਿਆ ਕਿ ਪੀ.ਜੀ.ਆਈ. ਚੰਡੀਗਡ਼੍ਹ ਤੋਂ ਆਪਣੇ ਬੇਟੇ ਨੂੰ ਦਵਾਈ ਦਿਵਾਉਣ ਤੋਂ ਬਾਅਦ ਪਿੰਡ ਨੂੰ ਪਰਤਦੇ ਸਮੇਂ ਉਸ ਨੇ ਨੰਗਲ ਦੇ ਬੱਸ ਅੱਡੇ ਨੇਡ਼ਲੇ ਇਕ ਲਾਟਰੀ ਟਿਕਟ ਸਟਾਲ ਤੋਂ 2 ਟਿਕਟਾਂ ਖਰੀਦੀਆਂ ਸਨ ਅਤੇ ਉਸ ਨੂੰ ਟਿਕਟ ਨੰਬਰ ਏ-411577 ਨੇ ਰਾਤੋ-ਰਾਤ ਕਰੋਡ਼ਪਤੀ ਬਣਾ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ’ਚ ਇਕੱਲਾ ਕਮਾਊ ਹੈ ਅਤੇ ਉਸ ਨੂੰ ਉਮੀਦ ਹੈ ਕਿ ਇਹ ਵੱਡੀ ਇਨਾਮੀ ਰਾਸ਼ੀ ਉਸ ਦੀਆਂ ਸਾਰੀਆਂ ਮਾਲੀ ਮੁਸ਼ਕਲਾਂ ਖ਼ਤਮ ਕਰ ਦੇਵੇਗੀ।

ਇਕ ਧੀ ਤੇ ਪੁੱਤਰ ਦੇ ਬਾਪ ਸੰਜੀਵ ਨੇ ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਰਾਸ਼ੀ ਉਹ ਆਪਣੇ ਬੱਚਿਆਂ ਦੀ ਪਡ਼੍ਹਾਈ ’ਤੇ ਖਰਚ ਕਰਨਾ ਚਾਹੁੰਦਾ ਹੈ। ਉਸ ਨੇ ਇਨਾਮੀ ਰਾਸ਼ੀ ਹਾਸਲ ਕਰਨ ਲਈ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਦਸਤਾਵੇਜ਼ ਤੇ ਟਿਕਟ ਜਮ੍ਹਾ ਕਰਵਾ ਦਿੱਤੀ ਹੈ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਇਨਾਮੀ ਰਾਸ਼ੀ ਜਲਦੀ ਜਾਰੀ ਕਰਨ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਲਾਟਰੀਜ਼ ਵਿਭਾਗ ਵਲੋਂ ਪੰਜਾਬ ਰਾਜ ਦੀਵਾਲੀ ਬੰਪਰ-2019 ਦਾ ਡਰਾਅ ਬੀਤੀ 1 ਨਵੰਬਰ ਨੂੰ ਲੁਧਿਆਣਾ ਵਿਖੇ ਕੱਢਿਆ ਗਿਆ ਸੀ ਅਤੇ ਪੰਜ ਕਰੋਡ਼ ਰੁਪਏ ਦਾ ਪਹਿਲਾ ਇਨਾਮ ਟਿਕਟ ਨੰਬਰ ਏ-411577 ਅਤੇ ਬੀ-315020 (2.5-2.5 ਕਰੋੜ ਰੁਪਏ ਪ੍ਰਤੀ ਟਿਕਟ) ਨੂੰ ਨਿਕਲਿਆ ਸੀ।


Sunny Mehra

Content Editor

Related News