ਕੋਰੋਨਾ ਵਾਇਰਸ : ਪੰਜਾਬ ਦੇ ਡੀ. ਜੀ. ਪੀ. ਵਲੋਂ ਜਨਤਾ ਤੇ ਮੀਡੀਆ ਨੂੰ ਅਪੀਲ, ਸਬਰ ਰੱਖਣ ਲਈ ਕਿਹਾ

Thursday, Mar 26, 2020 - 09:40 AM (IST)

ਕੋਰੋਨਾ ਵਾਇਰਸ : ਪੰਜਾਬ ਦੇ ਡੀ. ਜੀ. ਪੀ. ਵਲੋਂ ਜਨਤਾ ਤੇ ਮੀਡੀਆ ਨੂੰ ਅਪੀਲ, ਸਬਰ ਰੱਖਣ ਲਈ ਕਿਹਾ

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਪੰਜਾਬ ਦੇ ਡੀ. ਜੀ. ਪੀ. ਨੇ ਜਨਤਾ ਤੇ ਮੀਡੀਆ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਚੀਜ਼ਾਂ ਨੂੰ ਮੈਨਜ ਕਰਨ 'ਚ ਥੋੜ੍ਹਾ ਸਮਾਂ ਤਾਂ ਲੱਗਦਾ ਹੀ ਹੈ। ਡੀ. ਜੀ. ਪੀ. ਨੇ ਕਿਹਾ ਕਿ ਸਖਤ ਪਾਬੰਦੀਆਂ ਅਤੇ ਨਿਯੰਤਰਣ ਦਰਮਿਆਨ ਪੰਜਾਬ ਪੁਲਸ ਜਮੈਟੋ, ਸਵਿੱਗੀ, ਵੇਰਕਾ, ਅਮੂਲ, ਮੰਡੀ ਪ੍ਰਧਾਨਾਂ, ਕੈਮਿਸਟ ਐਸੋਸੀਏਸ਼ਨਾਂ ਆਦਿ ਨਾਲ ਰਣਨੀਤਿਕ ਤਾਲਮੇਲ ਜ਼ਰੀਏ ਲੋਕਾਂ ਨੂੰ ਵੱਖ-ਵੱਖ ਢੰਗ-ਤਰੀਕਿਆਂ ਰਾਹੀਂ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਵਾਸਤੇ ਪਹਿਲ ਕਦਮੀਆਂ ਦੀ ਸ਼ੁਰੂਆਤ ਲਈ ਮਿਸ਼ਨ ਵਜੋਂ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ 31 ਮਾਮਲੇ, ਇਸ ਇਕ NRI ਤੋਂ 70 ਫੀਸਦੀ ਹੋਏ ਇਨਫੈਕਟਡ

PunjabKesari
ਡੀ. ਜੀ. ਪੀ. ਦਿਨਕਰ ਗੁਪਤਾ ਮੁਤਾਬਕ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਅਧਿਕਾਰਤ ਵਿਕਰੇਤਾਵਾਂ ਨੂੰ ਪਾਸ ਵੀ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ 'ਤੇ ਦਵਾਈਆਂ ਦੀ ਹੋਮ ਡਲਿਵਰੀ ਲਈ ਸਬੰਧਤ ਕੈਮਿਸਟ ਐਸੋਸੀਏਸ਼ਨਾਂ ਨਾਲ ਲੋੜੀਂਦਾ ਤਾਲਮੇਲ ਬਣਾਇਆ ਜਾ ਰਿਹਾ ਹੈ ਤਾਂ ਜੋ ਫੋਨ 'ਤੇ ਆਰਡਰ ਲੈ ਕੇ ਉਸ ਅਨੁਸਾਰ ਹੋਮ ਡਿਲਿਵਰੀ ਕੀਤੀ ਜਾ ਸਕੇ। ਡੀ. ਜੀ. ਪੀ. ਨੇ ਲੋਕਾਂ ਅਤੇ ਮੀਡੀਆ ਨੂੰ ਥੋੜ੍ਹਾ ਸਬਰ ਦਿਖਾਉਣ ਦੀ ਅਪੀਲ ਕੀਤੀ ਕਿਉਂਕਿ ਇੰਨੇ ਵੱਡੇ ਪੱਧਰ 'ਤੇ ਪ੍ਰਬੰਧਾਂ ਨੂੰ ਲਾਗੂ ਕਰਨ ਲਈ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੋਂ ਧਿਆਨ ਵਿਚ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਸੂਚਨਾ 'ਤੇ ਪੁਲਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਦਦ ਲਈ ਟਵੀਟ ਕੀਤੇ ਜਾਣ ਤੋਂ ਬਾਅਦ ਜਲੰਧਰ ਦੇ ਇਕ ਪਰਿਵਾਰ ਨੂੰ ਸ਼ੂਗਰ ਦੀਆਂ ਦਵਾਈਆਂ ਦੀ ਡਲਿਵਰੀ ਲਈ ਪ੍ਰਬੰਧ ਕੀਤੇ ਗਏ ਸਨ।
ਗੁਪਤਾ ਨੇ ਕਿਹਾ ਕਿ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਨ ਨਾਲ ਉਲੰਘਣਾ ਲਈ ਦਰਜ ਐਫ.ਆਈ.ਆਰਜ਼ ਦੀ ਗਿਣਤੀ ਕੱਲ 230 ਦੇ ਮੁਕਾਬਲੇ ਘਟ ਕੇ ਅੱਜ 74 ਰਹਿ ਗਈ। ਲੋਕਾਂ ਲਈ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਪਹੁੰਚ ਨੂੰ ਯਕੀਨੀ ਬਣਾਉਂਦਿਆਂ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਲਈ 38,468 ਪੁਲਸ ਕਰਮੀ ਤਾਇਨਾਤ ਕੀਤੇ ਗਏ ਹਨ। ਕਰਫਿਊ ਦੌਰਾਨ ਲੁਧਿਆਣਾ ਸਹਿਰ, ਲੁਧਿਆਣਾ ਦਿਹਾਤੀ, ਖੰਨਾ, ਰੋਪੜ, ਸੰਗਰੂਰ, ਪਟਿਆਲਾ, ਜਲੰਧਰ ਸ਼ਹਿਰ, ਹੁਸਆਿਰਪੁਰ, ਕਪੂਰਥਲਾ, ਐਸ ਬੀ ਐਸ ਨਗਰ, ਮਾਨਸਾ ਅਤੇ ਫਿਰੋਜਪੁਰ ਤੋਂ ਉਲੰਘਣਾ ਦੇ ਮਾਮਲੇ ਰਿਪੋਰਟ ਕੀਤੇ ਗਏ। ਕੁਝ ਵੱਖਰੇ ਢੰਗ ਅਪਣਾਉਣ ਸਬੰਧੀ ਡੀ. ਜੀ. ਪੀ. ਦੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, ਕਈ ਜਿਲ੍ਹਿਆਂ 'ਚ ਪੁਲਸ ਕਮਿਸ਼ਨਰ ਅਤੇ ਐਸ. ਐਸ. ਪੀ -ਵੱਖ ਢੰਗ ਅਪਣਾ ਰਹੇ ਹਨ ਤਾਂ ਕਿ ਜ਼ਰੂਰੀ ਵਸਤਾਂ ਨੂੰ ਨਾਗਰਿਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ : ਕੈ. ਅਮਰਿੰਦਰ ਵਲੋਂ ਕਰਫਿਊ ਪ੍ਰਬੰਧਨ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਨਵੇਂ ਹੁਕਮ ਜਾਰੀ

ਡੀ. ਜੀ. ਪੀ. ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਦੀ ਘੋਸ਼ਣਾ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਿਆਪੀ ਲਾਕਡਾਊਨ ਤੋਂ ਤੁਰੰਤ ਬਾਅਦ ਉੱਚ ਅਧਿਕਾਰੀਆਂ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਸਨ। ਉਨ੍ਹਾਂ ਨੇ ਸਾਰੇ ਉੱਚ ਅਧਿਕਾਰੀਆਂ ਨੂੰ ਜ਼ਰੂਰੀ ਸਮਾਨ ਅਤੇ ਸੇਵਾਵਾਂ ਨੂੰ ਘਰ-ਘਰ ਪਹੁੰਚਾਉਣ ਲਈ ਢੁਕਵੇਂ ਪ੍ਰਬੰਧ ਕਰਨ ਅਤੇ ਡਲਿਵਰੀ ਵਾਲੇ ਲੜਕਿਆਂ, ਰੇਹੜੀਆਂ, ਛੋਟੇ ਵਾਹਨਾਂ ਆਦਿ ਦੇ ਸਹੀ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਕਿਹਾ। ਅੰਮ੍ਰਿਤਸਰ ਅਤੇ ਲੁਧਿਆਣਾ ਸ਼ਹਿਰਾਂ ਵਿੱਚ, ਸਵਿੱਗੀ ਤੋਂ 650 ਵਿਅਕਤੀ ਲੋੜੀਂਦੀਆਂ ਚੀਜਾਂ ਦੀ ਘਰੇਲੂ ਸਪੁਰਦਗੀ ਵਿੱਚ ਜੁਟੇ ਹੋਏ ਹਨ, ਜਦੋਂ ਕਿ ਜ਼ਿਲ੍ਹਾ ਪਟਿਆਲਾ ਵਿੱਚ ਜੋਮੈਟੋ ਅਤੇ ਸਵਿੱਗੀ ਦੇ ਡਲੀਵਰੀ ਵਾਲੇ ਲੜਕਿਆਂ ਨਾਲ ਤਾਲਮੇਲ ਕਰਕੇ ਜਰੂਰੀ ਵਸਤਾਂ ਦੀ ਹੋਮ ਡਿਲਿਵਰੀ ਯਕੀਨੀ ਬਣਾਈ ਜਾ ਰਹੀ ਹੈ।
 


 


author

Babita

Content Editor

Related News