ਪੰਜਾਬ ਗਊ ਸੇਵਾ ਮਿਸ਼ਨ ਵਲੋਂ ਕੈਪਟਨ ਸਰਕਾਰ ਨੂੰ ਅੰਦੋਲਨ ਲਈ ਅਲਟੀਮੇਟਮ

Tuesday, Jul 03, 2018 - 12:38 AM (IST)

ਪੰਜਾਬ ਗਊ ਸੇਵਾ ਮਿਸ਼ਨ ਵਲੋਂ ਕੈਪਟਨ ਸਰਕਾਰ ਨੂੰ ਅੰਦੋਲਨ ਲਈ ਅਲਟੀਮੇਟਮ

ਨਾਭਾ, (ਜੈਨ)- ਪੰਜਾਬ ਗਊ ਸੇਵਾ ਮਿਸ਼ਨ ਭਾਰਤ ਦੇ ਪ੍ਰਧਾਨ ਸਵਾਮੀ ਕ੍ਰਿਸ਼ਨਾਨੰਦ ਜੀ ਮਹਾਰਾਜ (ਭੂਰੇ ਵਾਲੇ) ਵੱਲੋਂ ਇਥੇ ਪੰਜਾਬ ਗਊਸ਼ਾਲਾ ਮਹਾਸੰਘ ਦੀ ਇਕੱਤਰਤਾ ਕੀਤੀ ਗਈ।  ਇਸ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਵੱਲੋਂ ਗਊਸ਼ਾਲਾਵਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ  ਰਿਹਾ  ਹੈ।  ਇਸ ਕਾਰਨ ਅਸੀਂ ਫੈਸਲਾ ਕੀਤਾ ਹੈ ਕਿ ਪਸ਼ੂਧਨ ਨੂੰ ਮੁੱਖ ਮੰਤਰੀ, ਵਜ਼ੀਰਾਂ, ਵਿਧਾਇਕ, ਡਿਪਟੀ ਕਮਿਸ਼ਨਰਾਂ ਤੇ ਐੈੱਸ. ਡੀ. ਐੈੱਮਜ਼  ਦੀਅਾਂ ਕੋਠੀਆਂ ਵਿਚ 15 ਜੁਲਾਈ ਤੋਂ ਛੱਡਿਆ ਜਾਵੇਗਾ।
 ਉਨ੍ਹਾਂ ਕਿਹਾ ਕਿ ਪਿਛਲੀ ਗਠਜੋਡ਼ ਸਰਕਾਰ ਨੇ ਸਾਰੀਆਂ ਗਊਸ਼ਾਲਾਵਾਂ ਵਿਚ ਬਿਜਲੀ ਦੇ ਬਿੱਲ ਮੁਆਫ ਕੀਤੇ ਸਨ। ਗਊਆਂ ਦੀ ਸੇਵਾ-ਸੰਭਾਲ ਲਈ ਗਊ ਸੈੈੱਸ  ਲਾਇਆ ਗਿਆ ਸੀ। ਦੇਖਣ ਵਿਚ ਆਇਆ ਹੈ ਕਿ ਕਰੋਡ਼ਾਂ ਰੁਪਏ ਇਕੱਠਾ ਕਰਨ ਤੋਂ ਬਾਅਦ ਵੀ ਨਗਰ ਕੌਂਸਲਾਂ/ਨਿਗਮਾਂ ਨੇ ਕਮੇਟੀਆਂ ਨੂੰ ਨਾ ਹੀ ਰਾਸ਼ੀ ਦਿੱਤੀ ਤੇ ਨਾ ਹੀ ਸਡ਼ਕਾਂ ’ਤੇ ਘੁੰਮਦੇ ਬੇਸਹਾਰਾ ਪਸ਼ੂਆਂ ਨੂੰ ਕਾਬੂ ਕਰ ਕੇ ਆਸ਼ਰਮਾਂ ਵਿਚ ਸੇਵਾ-ਸੰਭਾਲ ਲਈ ਭੇਜਿਆ। ਸਵਾਮੀ ਜੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕਈ ਪੱਤਰ ਲਿਖੇ ਗਏ ਪਰ ਪਿਛਲੇ 15 ਮਹੀਨਿਆਂ ਦੌਰਾਨ ਕੈ. ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ। 
ਸਵਾਮੀ ਜੀ ਨੇ ਮੰਗ ਕੀਤੀ ਕਿ ਸੂਬੇ ਦੀਆਂ ਸਾਰੀਆਂ ਗਊਸ਼ਾਲਾ ਕਮੇਟੀਆਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣ ਅਤੇ ਕਾਊ ਸੈੈੱਸ ਦੀ ਇਕੱਠੀ ਕੀਤੀ ਰਾਸ਼ੀ ਜਾਰੀ ਕੀਤੀ ਜਾਵੇ।, ਨਹੀਂ ਤਾਂ ਅਸੀਂ ਅੰਦੋਲਨ ਕਰ ਕੇ ਸਰਕਾਰ ਦੀਆਂ ਜਡ਼੍ਹਾਂ ਹਿਲਾ ਦਵਾਂਗੇ।
 ਇਸ ਮੌਕੇ ਸੀਨੀਅਰ ਕੌਂਸਲਰ ਅਸ਼ੋਕ ਕੁਮਾਰ ਬਿੱਟੂ ਨੇ ਕਿਹਾ ਕਿ ਮੈਂ ਗਊਭਗਤਾਂ ਦਾ ਵਫਦ ਲੈ ਕੇ ਮਹਾਰਾਣੀ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਮਿਲਾਂਗਾ ਤਾਂ ਜੋ ਗਊਸ਼ਾਲਾ ਕਮੇਟੀਆਂ ਦੀਆਂ ਮੰਗਾਂ ਪ੍ਰਵਾਨ ਹੋ ਸਕਣ। ਸਡ਼ਕਾਂ ’ਤੇ ਘੁੰਮਦੀਆਂ ਗਊਆਂ/ਪਸ਼ੂਆਂ ਤੋਂ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਸਮੇਂ ਸੂਰਜ ਭਾਨ ਸਿੰਗਲਾ, ਅਮਨ ਕੁਮਾਰ ਗੁਪਤਾ (ਪ੍ਰਧਾਨ), ਸੁਭਾਸ਼ ਸਹਿਗਲ, ਓਮ ਪ੍ਰਕਾਸ਼ ਠੇਕੇਦਾਰ, ਰਾਜੇਸ਼ ਬਾਂਸਲ (ਬੱਬੂ) ਤੇ ਹੋਰ ਅਨੇਕ ਕਮੇਟੀ ਅਹੁਦੇਦਾਰ ਹਾਜ਼ਰ ਸਨ। 


Related News