ਪੰਜਾਬ 'ਚ ਤੀਜੇ ਫਰੰਟ ਦੀਆਂ ਸੰਭਾਵਨਾਵਾਂ ਬਾਰੇ ਬੈਂਸ ਨੇ ਦਿੱਤਾ ਵੱਡਾ ਬਿਆਨ
Saturday, Nov 03, 2018 - 12:30 PM (IST)
ਧਾਰੀਵਾਲ(ਖੋਸਲਾ, ਬਲਬੀਰ, ਜਵਾਹਰ)— ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਅਫਸਰਸ਼ਾਹੀ ਤੋਂ ਨਿਜਾਤ ਦਿਵਾਉਣ ਲਈ ਤੀਜੇ ਸਾਂਝੇ ਮੋਰਚੇ ਦੀ ਸਖਤ ਜ਼ਰੂਰਤ ਹੈ ਅਤੇ ਇਸ ਸਾਂਝੇ ਮੋਰਚੇ ਵਿਚ ਕਈ ਧਨਾਢ ਟਕਸਾਲੀ ਅਕਾਲੀ ਆਗੂ, ਸਾਬਕਾ ਸਰਕਾਰ ਅਤੇ ਮੌਜੂਦਾ ਸਰਕਾਰ ਤੋਂ ਦੁੱਖੀ ਕਈ ਆਗੂ ਇਸ ਮੋਰਚੇ ਵਿਚ ਸ਼ਾਮਲ ਹੋਣਗੇ। ਇਹ ਖੁਲਾਸਾ ਲੋਕ ਇਨਸਾਫ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਧਾਰੀਵਾਲ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਮੌਕੇ ਭ੍ਰਿਸ਼ਟਾਚਾਰ ਅਤੇ ਅਫਸਰਸ਼ਾਹੀ ਦੇ ਵੱਧ ਰਹੇ ਬੋਲਬਾਲੇ ਕਾਰਨ ਆਮ ਲੋਕਾਂ ਨੂੰ ਇਨਸਾਫ ਲੈਣ ਲਈ ਭਾਰੀ ਖਜਲ-ਖੁਆਰ ਹੋਣਾ ਪੈ ਰਿਹਾ ਹੈ ਜਦਕਿ ਆਰÎÎਥਿਕ ਤੰਗੀ ਕਾਰਨ ਕਿਸਾਨ ਆਤਮ ਹੱਤਿਆਵਾਂ ਕਰਨ ਨੂੰ ਮਜਬੂਰ ਹੋਏ ਪਏ ਹਨ ਅਤੇ ਨੌਜਵਾਨਾਂ ਪੀੜ੍ਹੀ ਨਸ਼ੇ ਦਾ ਸ਼ਿਕਾਰ ਬਣ ਕੇ ਆਪਣੀਆਂ ਜਾਨਾਂ ਗੁਵਾਹ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅੰਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਂਦੀ ਸੀ ਕਿ ਪੰਜਾਬ ਨੂੰ ਚਾਰ ਹਫਤਿਆਂ ਵਿਚ ਹੀ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ ਅਤੇ ਇਸ ਕੰਮ ਲਈ ਭਾਵੇ ਉਨ੍ਹਾਂ ਨੇ ਐੱਸ. ਟੀ. ਐਫ. ਵਿੰਗ ਦਾ ਗਠਨ ਕੀਤਾ ਸੀ ਪਰ ਇਸ ਦੇ ਬਾਵਜੂਦ ਪੰਜਾਬ ਵਿਚ ਧੜਲੇ ਨਾਲ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਉਹ ਆਪਣੇ-ਆਪ ਨੂੰ ਪੰਥਕ ਹਿਤੈਸ਼ੀ ਅਖਵਾਉਂਦਾ ਹੈ ਪਰ ਅਕਾਲੀ ਦਲ ਬਾਦਲ ਹੁੱਣ ਸੁਖਬੀਰ ਸਿੰਘ ਬਾਦਲ ਦੀ ਪ੍ਰਾਈਵੇਟ ਕੰਪਨੀ ਬਣ ਕੇ ਰਹਿ ਗਈ ਹੈ। ਬੈਂਸ ਨੇ ਇਹ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਜਦ ਬਰਗਾੜੀ ਵਿਚ ਪੰਥਕ ਹਿਤੇਸ਼ੀਆਂ ਵੱਲੋਂ ਰੋਸ ਮਾਰਚ ਕਢਿਆ ਜਾਣਾ ਸੀ ਤਾਂ ਇਸ ਰੋਸ ਮਾਰਚ ਨੂੰ ਅਸਫਲ ਬਣਾਉਣ ਲਈ ਅਕਾਲੀ ਦਲ ਬਾਦਲ ਤੇ ਕੈਪਟਨ ਸਰਕਾਰ ਨੇ ਫਰੈਂਡਲੀ ਮੈਚ ਖੇਡਦੇ ਹੋਏ ਵੱਖੋ-ਵੱਖ ਜਗ੍ਹਾ 'ਤੇ ਇਨ੍ਹਾਂ ਨੇ ਰੋਸ ਰੈਲੀਆ ਕੀਤੀਆਂ ਪਰ ਇਸ ਦੇ ਬਾਵਜੂਦ ਪੰਥਕ ਹਿਤੈਸ਼ੀ ਲੱਖਾਂ ਦੀ ਗਿਣਤੀ ਵਿਚ ਬਰਗਾੜੀ ਰੋਸ ਮਾਰਚ ਵਿਚ ਪਾਹੁੰਚੇ । ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਅਫਸਰਸ਼ਾਹੀ ਤੋਂ ਛੁਟਕਾਰਾ ਪਾਉਣ ਲਈ 2019 ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਸਾਂਝੇ ਤੀਸਰੇ ਮੋਰਚੇ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਜਾਣ । ਇਸ ਮੌਕੇ ਅਮਰੀਕ ਸਿੰਘ ਵਰਪਾਲ ਇੰਚਾਰਜ ਮਾਝਾ ਜ਼ੋਨ, ਜਸਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਜੋਤ ਸਿੰਘ ਖਾਲਸਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।
