‘ਸਿਆਸੀ ਪਿੱਚ ’ਤੇ ਲੰਬੀ ਪਾਰੀ ਖੇਡਣਾ ਚਾਹੁੰਦੇ ਹਨ ਸਿੱਧੂ, ਮੰਤਰੀ ਬਣਨ ਤੋਂ ਬਿਹਤਰ ਪ੍ਰਧਾਨਗੀ ਸੰਭਾਲਣਾ’

Sunday, Jun 20, 2021 - 10:52 AM (IST)

‘ਸਿਆਸੀ ਪਿੱਚ ’ਤੇ ਲੰਬੀ ਪਾਰੀ ਖੇਡਣਾ ਚਾਹੁੰਦੇ ਹਨ ਸਿੱਧੂ, ਮੰਤਰੀ ਬਣਨ ਤੋਂ ਬਿਹਤਰ ਪ੍ਰਧਾਨਗੀ ਸੰਭਾਲਣਾ’

ਚੰਡੀਗੜ੍ਹ (ਹਰੀਸ਼ਚੰਦਰ): 2015 ਦਾ ਬੇਅਦਬੀ ਅਤੇ ਗੋਲੀਕਾਂਡ ਦਾ ਮੁੱਦਾ ਹੁਣ ਪੰਜਾਬ ਕਾਂਗਰਸ ਵਿਚ ਕਿਤੇ ਪਿੱਛੇ ਛੁਟ ਗਿਆ ਹੈ ਅਤੇ ਚਰਚਾ ਹੁਣ ਡਿਪਟੀ ਸੀ. ਐੱਮ. ਅਤੇ ਪ੍ਰਦੇਸ਼ ਪ੍ਰਧਾਨ ਦੇ ਅਹੁਦਿਆਂ ਨੂੰ ਲੈ ਕੇ ਛਿੜ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਨੇਤਾਵਾਂ ਦੀ ਨਾਰਾਜ਼ਗੀ ਵਧਣ ਦੇ ਸਮੇਂ ਹੀ ਇਹ ਸਾਫ਼ ਹੋ ਗਿਆ ਸੀ ਕਿ ਮੁੱਖ ਲੜਾਈ ਸਿਰਫ਼ ਅਹੁਦਿਆਂ ਨੂੰ ਲੈ ਕੇ ਹੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਨਾ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਨਵਜੋਤ ਸਿੱਧੂ ਨੂੰ ਲੈ ਕੇ ਸਰਗਰਮ ਹੁੰਦੇ ਅਤੇ ਨਾ ਹੀ ਸਿੱਧੂ 2 ਵਾਰ ਮੁੱਖ ਮੰਤਰੀ ਨੂੰ ਮਿਲਣ ਜਾਂਦੇ। ਉਹ ਗੱਲ ਸਿਰੇ ਨਹੀਂ ਚੜ੍ਹੀ ਅਤੇ ਇਸ ਵਿਚਾਲੇ ਹਾਈ ਕੋਰਟ ਨੇ ਐੱਸ.ਆਈ.ਟੀ. ਦੀ ਰਿਪੋਰਟ ਖਾਰਿਜ ਕਰ ਦਿੱਤੀ। ਇਸ ਨਾਲ ਸਿੱਧੂ ਦੇ ਹੱਥ ਇਕ ਵੱਡਾ ਮੁੱਦਾ ਲੱਗ ਗਿਆ, ਜਿਸ ਵਿਚ ਸੀ. ਐੱਮ. ਤੋਂ ਨਾਰਾਜ਼ ਨੇਤਾਵਾਂ ਦਾ ਸਾਥ ਵੀ ਉਨ੍ਹਾਂ ਨੂੰ ਬੈਠੇ ਬਿਠਾਏ ਮਿਲ ਗਿਆ ਪਰ ਬੀਤੇ 20 ਦਿਨਾਂ ਤੋਂ ਇਸ ਮਸਲੇ ’ਤੇ ਕਾਂਗਰਸ ਵਿਚ ਚੁੱਪ ਛਾਈ ਹੋਈ ਹੈ, ਗੱਲ ਹੋ ਰਹੀ ਹੈ ਤਾਂ ਸਿਰਫ਼ ਅਹੁਦੇ ਦੀ।ਹੁਣ ਇਹ ਤਾਂ ਸਪੱਸ਼ਟ ਹੋ ਗਿਆ ਹੈ ਕਿ ਸਿੱਧੂ ਕਿਸੇ ਵੀ ਸੂਰਤ ਵਿਚ ਕੈਪਟਨ ਦੀ ਟੀਮ ਵਿਚ ਕੰਮ ਨਹੀਂ ਕਰਨਾ ਚਾਹੁੰਦੇ, ਕਿਉਂਕਿ ਡਿਪਟੀ ਸੀ.ਐੱਮ. ਦੀ ਆਫਰ ਨੂੰ ਉਹ ਨਕਾਰ ਚੁੱਕੇ ਹਨ। ਉਨ੍ਹਾਂ ਦਾ ਮਕਸਦ ਸਿਰਫ਼ ਪ੍ਰਦੇਸ਼ ਕਾਂਗਰਸ ਦੀ ਵਾਗਡੋਰ ਸੰਭਾਲਣਾ ਹੈ। ਉਥੇ ਹੀ ਹਾਲ ਹੀ ’ਚ ਕੁੱਝ ਰਾਜਾਂ ’ਚ ਹੋਈਆਂ ਵਿਧਾਨਸਭਾ ਚੋਣਾਂ ਵਿਚ ਉਨ੍ਹਾਂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਸੀ ਪਰ ਉਹ ਨਹੀਂ ਗਏ।

ਇਹ ਵੀ ਪੜ੍ਹੋ:  ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਮਾਪਿਆਂ ਨੂੰ ਕੀਤਾ ਸੀ ਵਾਇਸ ਮੈਸੇਜ, 'ਮੈਨੂੰ ਇਨ੍ਹਾਂ ਨੇ ਸਲਫਾਸ ਦੇ ਦਿੱਤਾ'

ਪ੍ਰਧਾਨ ਦੇ ਅਹੁਦੇ ਨਾਲ ਪ੍ਰੋਫਾਈਲ ਹੋਰ ਵਧੇਗੀ, ਭਵਿੱਖ ’ਚ ਸੀ. ਐੱਮ. ਅਹੁਦੇ ਲਈ ਦਾਅਵੇਦਾਰੀ ਵੀ ਹੋਵੇਗੀ ਮਜਬੂਤ
ਦਰਅਸਲ, ਸਿੱਧੂ ਜਾਣਦੇ ਹਨ ਕਿ ਸਿਰਫ਼ 6-7 ਮਹੀਨੇ ਲਈ ਪੰਜਾਬ ਸਰਕਾਰ ਵਿਚ ਮੰਤਰੀ ਬਣਨ ਤੋਂ ਬਿਹਤਰ ਹੈ 3 ਸਾਲ ਲਈ ਸੂਬਾ ਇਕਾਈ ਦੀ ਪ੍ਰਧਾਨਗੀ ਸੰਭਾਲਣ, ਤਾਂ ਕਿ ਉਹ ਸਿਆਸੀ ਪਿੱਚ ’ਤੇ ਲੰਬੀ ਪਾਰੀ ਖੇਡ ਸਕਣ। ਇਸ ਨਾਲ ਉਨ੍ਹਾਂ ਦਾ ਪ੍ਰੋਫਾਈਲ ਵੀ ਹੋਰ ਵਧੀਆ ਹੋਵੇਗਾ ਅਤੇ ਨਾਲ ਹੀ ਭਵਿੱਖ ਵਿਚ ਸੀ.ਐੱਮ. ਅਹੁਦੇ ਲਈ ਦਾਅਵੇਦਾਰੀ ਵੀ ਮਜਬੂਤ ਹੋਵੇਗੀ। ਇਸ ਵਿਚ ਕਈ ਸੀਨੀਅਰ ਨੇਤਾ ਹੁਣੇ ਤੋਂ ਰੋੜੇ ਅਟਕਾਉਣ ਵਿਚ ਜੁਟ ਗਏ ਹਨ। ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਤਾਂ ਕਹਿ ਹੀ ਚੁੱਕੇ ਹਨ ਕਿ ਸਿੱਧੂ ਨਵੇਂ-ਨਵੇਂ ਪਾਰਟੀ ਵਿਚ ਆਏ ਹਨ, ਕਿਸੇ ਵੱਡੇ ਅਹੁਦੇ ਲਈ ਉਨ੍ਹਾਂ ਨੂੰ ਕੁੱਝ ਸਮਾਂ ਪਾਰਟੀ ਵਿਚ ਕੰਮ ਕਰਨਾ ਹੋਵੇਗਾ। ਇੰਨਾ ਹੀ ਨਹੀਂ, ਜੋ ਨੇਤਾ ਅਮਰਿੰਦਰ ਖਿਲਾਫ਼ ਉਨ੍ਹਾਂ ਨਾਲ ਇਕਜੁਟ ਹੋਏ ਸਨ ਉਹ ਵੀ ਨਹੀਂ ਚਾਹੁੰਦੇ ਕਿ ਸਿੱਧੂ ਵਰਗੇ ਸਾਢੇ 4 ਸਾਲ ਪਹਿਲਾਂ ਪਾਰਟੀ ਵਿਚ ਆਏ ਨੇਤਾ ਦੀ ਅਗਵਾਈ ਵਿਚ ਕੰਮ ਕਰਨਾ ਪਵੇ। ਉਂਝ ਵੀ ਹੁਣ ਤਕ ਪੰਜਾਬ ਵਿਚ ਸੰਗਠਨ ਲਈ ਉਨ੍ਹਾਂ ਅਜਿਹਾ ਕੁਝ ਨਹੀਂ ਕੀਤਾ ਹੈ। ਉਹ ਸਵਾ 2 ਸਾਲ ਮੰਤਰੀ ਜ਼ਰੂਰ ਰਹੇ ਹਨ ਅਤੇ ਜਾਂ ਫਿਰ ਬਤੌਰ ਸਟਾਰ ਪ੍ਰਚਾਰਕ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਰਹੇ ਪਰ ਇਸ ਤੋਂ ਕਈ ਗੁਣਾ ਜ਼ਿਆਦਾ ਚੋਣਾਵੀ ਰੈਲੀਆਂ ਤਾਂ ਉਹ ਭਾਜਪਾ ਲਈ ਕਰਦੇ ਰਹੇ।

ਇਹ ਵੀ ਪੜ੍ਹੋ: ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪ੍ਰਿੰਸੀਪਲ ਅਤੇ ਅਧਿਆਪਕ ’ਤੇ ਵੱਡੀ ਕਾਰਵਾਈ

‘ਕੈਪਟਨ-ਜਾਖੜ ਦੀ ਜੁਗਲਬੰਦੀ ਤੋੜਨਾ ਚਾਹੁੰਦੀ ਹੈ ਹਾਈਕਮਾਨ’
ਬੀਤੇ ਦੋ ਦਹਾਕਿਆਂ ਵਿਚ ਪਾਰਟੀ ਆਲਾਕਮਾਨ ਨੇ ਸ਼ਮਸ਼ੇਰ ਸਿੰਘ ਦੁਲੋਂ, ਪ੍ਰਤਾਪ ਸਿੰਘ ਬਾਜਵਾ, ਰਾਜਿੰਦਰ ਕੌਰ ਭੱਠਲ ਅਤੇ ਮਹਿੰਦਰ ਸਿੰਘ ਕੇ.ਪੀ. ਵਰਗੇ ਅਮਰਿੰਦਰ ਵਿਰੋਧੀਆਂ ਨੂੰ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ, ਜੋ ਖੁੱਲ੍ਹ ਕੇ ਉਨ੍ਹਾਂ ਖਿਲਾਫ਼ ਚੱਲੇ ਹਨ ਪਰ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਅਤੇ ਅਮਰਿੰਦਰ ਦੀ ਜੁਗਲਬੰਦੀ ਪਾਰਟੀ ਵਿਚ ਕਈਆਂ ਦੇ ਗਲੇ ਨਹੀਂ ਉਤਰ ਰਹੀ। ਕਾਂਗਰਸ ਕਲਚਰ ਵਿਚ ਮੁੱਖ ਮੰਤਰੀ ਅਤੇ ਪ੍ਰਦੇਸ਼ ਪ੍ਰਧਾਨ ਅਕਸਰ ਵੱਖ-ਵੱਖ ਧੜਿਆਂ ਤੋਂ ਬਣਾਏ ਜਾਂਦੇ ਹਨ। ਚਾਹੇ ਹਰਿਆਣਾ ਵਿਚ ਭੁਪਿੰਦਰ ਸਿੰਘ ਹੁੱਡਾ ਅਤੇ ਅਸ਼ੋਕ ਤੰਵਰ ਹੋਣ ਜਾਂ ਰਾਜਸਥਾਨ ਵਿਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੀ ਉਦਾਹਰਣ। ਇਹ ਸਮੀਕਰਣ ਹਾਈਕਮਾਨ ਦੇ ਪੱਧਰ ’ਤੇ ਬਣਾਇਆ ਜਾਂਦਾ ਸੀ। ਭਾਵ ਮੁੱਖ ਮੰਤਰੀ ਸੋਨੀਆ ਗਾਂਧੀ ਦੇ ਆਸ਼ੀਰਵਾਦ ਵਾਲਾ ਅਤੇ ਪ੍ਰਦੇਸ਼ ਪ੍ਰਧਾਨ ਰਾਹੁਲ ਗਾਂਧੀ ਦੇ ਪਰ ਇੱਥੇ ਕੈਪਟਨ ਅਤੇ ਜਾਖੜ ਵਿਚਾਲੇ ਅਜਿਹੀਆਂ ਦੂਰੀਆਂ ਨਹੀਂ ਰਹੀਆਂ, ਕਿਉਂਕਿ ਦੋਵੇਂ ਹੀ ਸੋਨੀਆ ਦੇ ਹੀ ਕਰੀਬੀ ਹਨ। ਦੋਵੇਂ ਨੇਤਾ ਇਕ-ਦੂਜੇ ਦੀ ਪਿੱਠ ਥਪਥਪਾਉਣ ਤੋਂ ਇਲਾਵਾ ਇਕ ਸੁਰ ਵਿਚ ਹੀ ਬੋਲਦੇ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਇਨ੍ਹਾਂ ਦੋਵਾਂ ਦੀ ਜੁਗਲਬੰਦੀ ਤੋੜਨ ਲਈ ਰਾਹੁਲ ਦੇ ਨਜ਼ਦੀਕੀ ਸਿੱਧੂ ਵਰਗੇ ਤੇਜ਼ ਤਰਾਰ ਅਤੇ ਮੁੱਖ ਮੰਤਰੀ ਦੇ ਕੱਟੜ ਵਿਰੋਧੀ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਦੇ ਕੇ ਸਾਰੇ ਧੜਿਆਂ ਨੂੰ ਬਰਾਬਰ ਜ਼ਿੰਮੇਵਾਰੀ ਸੌਂਪੀ ਜਾਵੇ।

ਇਹ ਵੀ ਪੜ੍ਹੋ: ਸ਼ੱਕੀ ਹਾਲਾਤ ’ਚ 3 ਸਾਲਾ ਬੱਚੇ ਦੀ ਮੌਤ, ਦਾਦੇ ਤੇ ਲੋਕਾਂ ਨੇ ਮਤਰੇਈ ਮਾਂ ’ਤੇ ਲਾਏ ਗੰਭੀਰ ਦੋਸ਼

‘ਸਿੱਧੂ ਪ੍ਰਧਾਨ ਬਣੇ ਤਾਂ ਟਿਕਟਾਂ ਦੀ ਵੰਡ ਵਿਚ ਵੀ ਵੱਡਾ ਹੱਥ ਮਾਰਨਗੇ’
ਇਸ ਦੇ ਬਾਵਜੂਦ ਜੇਕਰ ਪਾਰਟੀ ਵਿਚ ਸੰਤੁਲਨ ਬਣਾਉਣ ਅਤੇ ਨਵੀਂ ਪੀੜ੍ਹੀ ਨੂੰ ਜ਼ਿੰਮੇਵਾਰੀ ਸੌਂਪਣ ਦੇ ਨਾਮ ’ਤੇ ਹਾਈਕਮਾਨ ਸਿੱਧੂ ਨੂੰ ਪ੍ਰਧਾਨ ਬਣਾਉਂਦੀ ਹੈ ਤਾਂ ਉਹ ਪੰਜਾਬ ਵਿਚ ਉੱਠੀ ਇਸ ਬਗਾਵਤ ਨੂੰ ਸ਼ਾਂਤ ਕਰਨ ਵਿਚ ਕਾਮਯਾਬ ਹੋ ਸਕਦੀ ਹੈ, ਬਸ਼ਰਤੇ ਅਮਰਿੰਦਰ ਇਸ ਲਈ ਤਿਆਰ ਹੋਣ। ਸਿੱਧੂ ਪ੍ਰਧਾਨ ਬਣੇ ਤਾਂ ਪਾਰਟੀ ਦਾ ਇਕ ਵੱਡਾ ਵਰਗ ਉਨ੍ਹਾਂ ਦੇ ਨਾਲ ਜੁੜ ਸਕਦਾ ਹੈ। ਪਾਰਟੀ ਵਿਚ ਪ੍ਰਧਾਨ ਦੀ ਪਾਵਰ ਵੀ ਕਾਫ਼ੀ ਹੁੰਦੀ ਹੈ, ਜਿਸ ਕਾਰਨ ਸਿੱਧੂ ਆਪਣਾ ਵੱਡਾ ਤੇ ਮਜਬੂਤ ਧੜਾ ਤਿਆਰ ਕਰਨ ਵਿਚ ਸਮਰੱਥ ਹੋਣਗੇ। ਇੰਨਾ ਹੀ ਨਹੀਂ ਟਿਕਟਾਂ ਦੀ ਵੰਡ ਵਿਚ ਵੀ ਉਹ ਵੱਡਾ ਹੱਥ ਮਾਰ ਸਕਦੇ ਹਨ। ਪਿਛਲੇ 20 ਸਾਲਾਂ ਵਿਚ ਕਰੀਬ 70 ਫੀਸਦੀ ਟਿਕਟਾਂ ਅਮਰਿੰਦਰ ਸਮਰਥਕਾਂ ਨੂੰ ਹੀ ਮਿਲਦੀਆਂ ਰਹੀਆਂ ਹਨ। ਸਿੱਧੂ ਅਮਰਿੰਦਰ ਦੇ ਸਮਾਨਤਰ ਅਹੁਦਾ ਚਾਹੁੰਦੇ ਹਨ, ਉਸ ਤੋਂ ਘੱਟ ਉਨ੍ਹਾਂ ਨੂੰ ਮਨਜ਼ੂਰ ਨਹੀਂ। ਹਾਈਕਮਾਨ ਵੀ ਅਮਰਿੰਦਰ ਦੇ ਪਰ ਕੁਤਰਨ ਲਈ ਸਿੱਧੂ ਨੂੰ ਪ੍ਰਧਾਨ ਬਣਾ ਕੇ ਕੁੱਝ ਖੁੱਲ੍ਹੀ ਛੋਟ ਦੇ ਸਕਦੇ ਹੈ।

ਇਹ ਵੀ ਪੜ੍ਹੋ: ਬਠਿੰਡਾ ਦੀ ਇਸ ਬਜ਼ੁਰਗ ਬੀਬੀ ਨੂੰ ਪੰਜਾਬ ਦੀ ਵਿਰਾਸਤ ਨਾਲ ਹੈ ਅੰਤਾਂ ਦਾ ਮੋਹ, ਦੇਖੋ ਮੂੰਹੋਂ ਬੋਲਦੀਆਂ ਤਸਵੀਰਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Shyna

Content Editor

Related News