ਰਾਹੁਲ ਦੀ ਪੰਜਾਬ ਫੇਰੀ ਕਾਰਨ ਮੁਸੀਬਤ ''ਚ ''ਕਾਂਗਰਸ'', ਕੈਪਟਨ ਅੱਗੇ ਖੜ੍ਹੀ ਹੋਈ ਵੱਡੀ ਚੁਣੌਤੀ
Tuesday, Oct 13, 2020 - 08:04 AM (IST)
ਜਲੰਧਰ (ਚੋਪੜਾ) : ਰਾਹੁਲ ਗਾਂਧੀ ਦੀ ਫੇਰੀ ਨੇ ਪੰਜਾਬ 'ਚ ਕਾਂਗਰਸ ਨੂੰ ਦੁਬਾਰਾ ਮੁਸੀਬਤ 'ਚ ਪਾ ਦਿੱਤਾ ਹੈ ਅਤੇ ਉਹ ਪਾਰਟੀ ਵਿਚਲੀ ਬਗਾਵਤ ਦੀ ਚੰਗਿਆੜੀ ਨੂੰ ਇੰਨੀ ਹਵਾ ਦੇ ਗਏ ਹਨ ਕਿ ਅਗਲੇ ਮਹੀਨਿਆਂ 'ਚ ਸੱਤਾਧਾਰੀ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਪਾਰਟੀ ਕੇਡਰ ਨੂੰ ਆਪਣੇ ਨਾਲ ਜੋੜੀ ਰੱਖਣਾ ਤੇ ਸੱਤਾ ਨੂੰ ਬਚਾਉਣਾ ਇਕ ਵੱਡੀ ਚੁਣੌਤੀ ਸਾਬਿਤ ਹੋ ਸਕਦੀ ਹੈ। ਖੇਤੀ ਕਾਨੂੰਨਾਂ ਤੋਂ ਬਾਅਦ ਕਿਸਾਨ ਅੰਦੋਲਨ ਦੀ ਆੜ 'ਚ ਸਾਰੀਆਂ ਸਿਆਸੀ ਪਾਰਟੀ ਦੀਆਂ ਨਜ਼ਰਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਟਿਕੀਆਂ ਹਨ। ਪਿਛਲੇ ਕਈ ਦਿਨਾਂ ਤੋਂ ਸਿਆਸੀ ਪਾਰਟੀਆਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ’ਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਦਬਾਅ ਬਣਾਉਣ ਲਈ ਲਗਾਤਾਰ ਟਰੈਕਟਰ ਰੈਲੀਆਂ ਤੇ ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਸਾਰੀ ਕਵਾਇਦ 'ਚ ਸਭ ਤੋਂ ਮੁਸ਼ਕਲ ਹਾਲਾਤ ਕਾਂਗਰਸ ਲਈ ਬਣੇ ਹੋਏ ਹਨ, ਜਿਸ ਅੱਗੇ ਪਾਰਟੀ ਦੇ ਟੁੱਟਦੇ ਕੇਡਰ ਨੂੰ ਨਾਲ ਜੋੜੀ ਰੱਖਣਾ ਤੇ ਅਗਲੀਆਂ ਚੋਣਾਂ 'ਚ ਸੱਤਾ ਬਚਾਉਣੀ ਸਭ ਤੋਂ ਵੱਡੀ ਚੁਣੌਤੀ ਹੈ।
ਪੰਜਾਬ ਤੇ ਹਰਿਆਣਾ ਕਿਉਂਕਿ ਖੇਤੀ ਪ੍ਰਧਾਨ ਸੂਬੇ ਹਨ, ਇਸੇ ਕਾਰਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖੇਤੀ ਬਚਾਓ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਤਾਂ ਕਿ ਕਾਂਗਰਸ ਦੀ ਆਵਾਜ਼ ਪੂਰੇ ਦੇਸ਼ 'ਚ ਗੂੰਜ ਸਕੇ। ਰਾਹੁਲ ਗਾਂਧੀ 3 ਦਿਨ ਸੂਬੇ 'ਚ ਟਰੈਕਟਰ ’ਤੇ ਘੁੰਮਦੇ ਅਤੇ ਰੈਲੀਆਂ ਕਰਦੇ ਰਹੇ। ਅਜਿਹੇ 'ਚ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਸੂਬਾਈ ਕਾਂਗਰਸ 'ਚ ਧੜੇਬੰਦੀ ਅਤੇ ਅਨੁਸ਼ਾਸਨਹੀਣਤਾ ਨੂੰ ਇੰਨੀ ਹਵਾ ਦੇ ਗਿਆ ਕਿ ਕਾਂਗਰਸ ਨੂੰ ਆਉਣ ਵਾਲੇ ਮਹੀਨਿਆਂ 'ਚ ਵੱਡੇ ਪੱਧਰ ’ਤੇ ਅੰਦਰੂਨੀ ਕਲੇਸ਼ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਾਰਜਕਾਲ 'ਚ ਹਾਵੀ ਅਫਸਰਸ਼ਾਹੀ, ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਦੀ ਸੁਣਵਾਈ ਨਾ ਹੋਣੀ, ਕਾਂਗਰਸ ਵਰਕਰਾਂ ਦੀ ਅਣਦੇਖੀ ਨੂੰ ਲੈ ਕੇ ਚੱਲ ਰਹੀ ਬਗਾਵਤ ਦੀ ਅੱਗ ਕੋਰੋਨਾ ਵਾਇਰਸ ਕਾਰਣ ਠੰਡੀ ਪਈ ਹੋਈ ਸੀ ਪਰ ਰਾਹੁਲ ਗਾਂਧੀ ਇਸ ਅੱਗ ਨੂੰ ਅਚਾਨਕ ਇੰਨੀ ਹਵਾ ਦੇ ਗਏ ਕਿ ਕੁਝ ਦਿਨਾਂ 'ਚ ਹੀ ਇਹ ਹੁਣ ਜਵਾਲਾ ਦਾ ਰੂਪ ਧਾਰਨ ਕਰ ਰਹੀ ਹੈ, ਜਿਸ ਉਪਰੰਤ ਵੱਡੇ ਕਾਂਗਰਸੀ ਆਗੂਆਂ ਦੀ ਲੜਾਈ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਆ ਗਈ ਹੈ।
ਇਹ ਵੀ ਪੜ੍ਹੋ : ਬੁਰੀ ਖ਼ਬਰ : 'ਪੰਜਾਬ' 'ਚ 'ਬਲੈਕ ਆਊਟ' ਦੀ ਸੰਭਾਵਨਾ, ਬਚਿਆ ਸਿਰਫ 3 ਦਿਨਾਂ ਦਾ ਕੋਲਾ
ਇਸ ਦੀ ਸ਼ੁਰੂਆਤ ਉਸ ਸਮੇਂ ਹੋਈ, ਜਦੋਂ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਨੂੰ ਰਾਹੁਲ ਦੀ ਰੈਲੀ 'ਚ ਲਿਆਉਣ ਦੀ ਜ਼ਿੰਮੇਵਾਰੀ ਨਵ-ਨਿਯੁਕਤ ਸੂਬਾ ਇੰਚਾਰਜ ਹਰੀਸ਼ ਰਾਵਤ ਨੂੰ ਸੌਂਪੀ ਗਈ, ਜਿਸ ਨੂੰ ਉਨ੍ਹਾਂ ਬਾਖੂਬੀ ਨਿਭਾਇਆ। ਇਸ ਦੌਰਾਨ ਸਿੱਧੂ ਦੀ ਦੁਬਾਰਾ ਐਡਜੈਸਟਮੈਂਟ ਸਬੰਧੀ ਚਰਚਾ ਵੀ ਚੱਲੀ ਅਤੇ ਉਨ੍ਹਾਂ ਨੂੰ ਡਿਪਟੀ ਸੀ. ਐੱਮ. ਅਤੇ ਸੂਬਾ ਕਾਂਗਰਸ ਦੀ ਪ੍ਰਧਾਨਗੀ ਦੇਣ ਦਾ ਆਫ਼ਰ ਦਿੱਤਾ ਗਿਆ ਹੈ, ਨਾਲ ਕੈਪਟਨ ਲਾਬੀ ਦੇ ਭਰਵੱਟੇ ਤਣ ਗਏ। ਇਸ ਦੌਰਾਨ ਅਜਿਹਾ ਚੱਕਰਵਿਊ ਰਚਿਆ ਗਿਆ ਕਿ ਸਿੱਧੂ ਅਤੇ ਮਨਪ੍ਰੀਤ ਬਾਦਲ ਇਕ ਵਾਰ ਫਿਰ ਕਾਂਗਰਸੀ ਆਗੂਆਂ ਦੇ ਨਿਸ਼ਾਨੇ ’ਤੇ ਆ ਗਏ। ਕੈਪਟਨ ਨੇ 4 ਸਾਲ ਪਹਿਲਾਂ ਕਾਂਗਰਸ 'ਚ ਆਏ ਸਿੱਧੂ ਨੂੰ ਸੂਬਾ ਪ੍ਰਧਾਨ ਜਾਂ ਡਿਪਟੀ ਸੀ. ਐੱਮ. ਬਣਾਉਣ ਤੋਂ ਸਪੱਸ਼ਟ ਇਨਕਾਰ ਕਰਦਿਆਂ ਦੋ-ਟੁੱਕ ਸ਼ਬਦਾਂ 'ਚ ਕਿਹਾ ਸੀ ਕਿ ਜੇਕਰ ਸਿੱਧੂ ਬਿਜਲੀ ਮਹਿਕਮਾ ਲੈਣਾ ਚਾਹੁੰਦੇ ਹਨ ਤਾਂ ਮੰਤਰੀ ਮੰਡਲ 'ਚ ਦੁਬਾਰਾ ਸ਼ਾਮਲ ਹੋ ਸਕਦੇ ਹਨ, ਜਿਸ ਉਪਰੰਤ ਰਾਵਤ ਨੂੰ ਵੀ ਆਪਣੀ ਗੱਲ ਤੋਂ ਯੂ-ਟਰਨ ਲੈਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ : 'ਰਵਨੀਤ ਬਿੱਟੂ' ਦਾ ਕਾਫ਼ਲਾ ਹਾਦਸੇ ਦਾ ਸ਼ਿਕਾਰ, ਟਰੱਕ ਨਾਲ ਹੋਈ ਟੱਕਰ
ਰੈਲੀ ਦੇ ਮੰਚ ’ਤੇ ਕਾਂਗਰਸੀ ਆਗੂਆਂ ਵਿਚਕਾਰ ਜਿਹੜਾ ਡਰਾਮਾ ਹੋਇਆ, ਉਹ ਕਿਸੇ ਕੋਲੋਂ ਲੁਕਿਆ ਨਹੀਂ। ਇਸ ਮਾਮਲੇ 'ਚ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਨਵਜੋਤ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਉਨ੍ਹਾਂ ਨੂੰ ਮਾਈਗ੍ਰੇਟਿਡ ਆਗੂ ਕਹਿ ਕੇ ਕਾਂਗਰਸ ਦੀ ਸਿਆਸਤ 'ਚ ਭੂਚਾਲ ਲਿਆ ਦਿੱਤਾ। ਸੰਸਦ ਮੈਂਬਰ ਰਵਨੀਤ ਬਿੱਟੂ ਨੇ ਰੰਧਾਵਾ ਦੀ ਸੁਰ 'ਚ ਸੁਰ ਮਿਲਾਉਂਦਿਆਂ ਸਿੱਧੂ ਤੋਂ ਇਕ ਕਦਮ ਅੱਗੇ ਵੱਧ ਕੇ ਮਨਪ੍ਰੀਤ ਬਾਦਲ ਨੂੰ ਵੀ ਲਪੇਟ 'ਚ ਲੈਂਦਿਆਂ ਦੋਵਾਂ ਨੂੰ ਮਾਈਗ੍ਰੇਟਿਡ ਆਗੂ ਕਹਿ ਦਿੱਤਾ। ਸੰਸਦ ਮੈਂਬਰ ਬਿੱਟੂ ਨੇ ਦੋਸ਼ ਲਾਏ ਕਿ ਕੈਪਟਨ ਸਰਕਾਰ 'ਚ ਬਾਹਰੋਂ ਆਏ ਲੋਕਾਂ ਦਾ ਦਬਦਬਾ ਹੈ। ਜਦੋਂ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੱਬੇ-ਸੱਜੇ ਸਿੱਧੂ ਤੇ ਮਨਪ੍ਰੀਤ ਹੀ ਦਿੱਸਦੇ ਆਏ ਸਨ। ਸੁੱਖੀ ਰੰਧਾਵਾ ਅਤੇ ਰਵਨੀਤ ਬਿੱਟੂ ਦੇ ਬਿਆਨਾਂ ਨੇ ਕਾਂਗਰਸ ਅੰਦਰ ਚੱਲ ਰਹੀ ਹਲਚਲ ਦਾ ਸੰਕੇਤ ਦੇ ਦਿੱਤਾ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਪਟਿਆਲਾ 'ਚ ਰਾਹੁਲ ਗਾਂਧੀ ਨਾਲ ਪ੍ਰੋਗਰਾਮ ਸਾਂਝਾ ਕਰ ਕੇ ਇਕ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ 'ਚ ਦਿਖਾਇਆ ਕਿ ਉਹ ਚੁੱਪ ਬੈਠਣ ਵਾਲਿਆਂ 'ਚੋਂ ਨਹੀਂ ਹਨ। ਰਾਹੁਲ ਗਾਂਧੀ ਦੀ ਯਾਤਰਾ ਦੌਰਾਨ ਜਿਸ ਤਰ੍ਹਾਂ ਪੂਰੇ ਸੂਬੇ ਦੇ ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਦੂਰ ਰੱਖਿਆ ਗਿਆ ਹੈ, ਉਸ ਨਾਲ ਕਾਂਗਰਸ ਅੰਦਰਲੀ ਵਿਰੋਧ ਦੀ ਜਵਾਲਾ ਹੋਰ ਭੜਕ ਗਈ ਹੈ।