ਪੰਜਾਬ ਕਾਂਗਰਸ ਮੋਦੀ ਸਰਕਾਰ ਖ਼ਿਲਾਫ਼ 25 ਨਵੰਬਰ ਤੱਕ ਕਰੇਗੀ ਬਲਾਕ ਪੱਧਰੀ ਰੋਸ ਮੁਜ਼ਾਹਰੇ : ਜਾਖੜ

11/18/2019 6:38:32 PM

ਜਲੰਧਰ,(ਧਵਨ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ 25 ਨਵੰਬਰ ਤੱਕ ਬਲਾਕ ਪੱਧਰੀ ਰੋਸ ਮੁਜ਼ਾਹਰੇ ਜਾਰੀ ਰੱਖੇਗੀ ਤੇ ਉਸ ਮਗਰੋਂ 30 ਨਵੰਬਰ ਨੂੰ ਦਿੱਲੀ 'ਚ ਹੋਣ ਵਾਲੇ ਦੇਸ਼ ਵਿਆਪੀ ਮੁਜ਼ਾਹਰੇ 'ਚ ਹਿੱਸਾ ਲਵੇਗੀ। ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਦੱਸਿਆ ਕਿ 15 ਨਵੰਬਰ ਨੂੰ ਭਾਰਤ ਬਚਾਓ ਮੁਹਿੰਮ ਤਹਿਤ ਮੋਦੀ ਸਰਕਾਰ ਦੇ ਖ਼ਿਲਾਫ਼ ਕਾਂਗਰਸ ਨੇ ਰਾਜ 'ਚ ਸਾਰੇ ਜ਼ਿਲਾ ਸਦਰ ਮੁਕਾਮਾਂ 'ਤੇ ਰੋਸ ਮੁਜ਼ਾਹਰੇ ਕੀਤੇ ਸਨ। ਇਹ ਮੁਜ਼ਾਹਰਾ ਦੇਸ਼ 'ਚ ਬਦਤਰ ਹੁੰਦੀ ਜਾ ਰਹੀ ਆਰਥਿਕ ਸਥਿਤੀ ਤੇ ਜੀ. ਡੀ. ਪੀ. 'ਚ ਲਗਾਤਾਰ ਗਿਰਾਵਟ ਤੇ ਮਹਿੰਗਾਈ ਵਿਰੁੱਧ ਕੀਤੇ ਗਏ ਸਨ। ਜਾਖੜ ਨੇ ਖ਼ੁਦ ਲੁਧਿਆਣਾ 'ਚ ਮੁਜ਼ਾਹਰੇ ਦੀ ਅਗਵਾਈ ਕੀਤੀ ਸੀ।

ਜਾਖੜ ਨੇ ਦੱਸਿਆ ਕਿ ਜ਼ਿਲਾ ਪੱਧਰੀ ਮੁਜ਼ਾਹਰਿਆਂ ਤੋਂ ਬਾਅਦ ਹੁਣ ਬਲਾਕ ਪੱਧਰੀ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਨ੍ਹਾਂ 'ਚ ਸਾਰੇ ਕਾਂਗਰਸੀ ਆਗੂਆਂ ਨੂੰ ਸ਼ਾਮਲ ਹੋਣ ਦੇ ਹੁਕਮ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਮੁਜ਼ਾਹਰਿਆਂ 'ਚ ਨਿੱਕੇ ਤੋਂ ਵੱਡੇ ਸਾਰੇ ਕਾਂਗਰਸੀ ਆਗੂ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਮਹਾਰਾਸ਼ਟਰ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਨਤਾ ਨੇ ਬਦਤਰ ਆਰਥਿਕ ਹਾਲਾਤ ਨੂੰ ਦੇਖਦੇ ਹੋਏ ਆਪਣੇ ਦਿਲਾਂ ਦੀ ਅਭੀਵਿਅਕਤੀ ਕਰ ਦਿੱਤੀ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹੁਣ ਦੇਸ਼ 'ਚ ਸਫ਼ਬੰਦੀ ਦੀ ਰਾਜਨੀਤੀ ਜ਼ਿਆਦਾ ਦਿਨ ਚੱਲਣ ਵਾਲੀ ਨਹੀਂ ਹੈ।

ਜਾਖੜ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਮੋਦੀ ਸਰਕਾਰ ਖ਼ਿਲਾਫ਼ ਮੁਜ਼ਾਹਰਿਆਂ 'ਚ ਲੋਕਾਂ ਦੇ ਚੁਣੇ ਨੁਮਾਇੰਦਿਆਂ ਅਤੇ ਹੋਰ ਸਾਰੇ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਜ਼ਰੂਰੀ ਹੈ। ਪਾਰਟੀ ਨੂੰ ਬਲਾਕ ਪੱਧਰ ਤੱਕ ਮਜ਼ਬੂਤ ਬਣਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਇਨ੍ਹਾਂ ਮੁਜ਼ਾਹਰਿਆਂ 'ਚ ਕਾਂਗਰਸ ਤੋਂ ਇਲਾਵਾ ਯੂਥ ਕਾਂਗਰਸ ਅਤੇ ਮਹਿਲਾ ਕਾਂਗਰਸ ਅਤੇ ਦੂਜੀਆਂ ਜਨਤਕ ਜਥੇਬੰਦੀਆਂ ਵੀ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਦੇਸ਼ 'ਚ ਆਰਥਿਕ ਹਾਲਾਤ ਚੰਗੇ ਨਹੀਂ ਚੱਲ ਰਹੇ ਹਨ। ਹੁਣ ਆਉਣ ਵਾਲੀ ਤਿਮਾਹੀ 'ਚ ਹਾਲਾਤ ਹੋਰ ਖ਼ਰਾਬ ਹੋਣ ਵਾਲੇ ਹਨ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਲਗਾਤਾਰ ਵਧ ਰਹੀ ਹੈ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਦੇ ਮੱਦੇਨਜ਼ਰ ਕਾਂਗਰਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਨਤਾ ਨੂੰ ਜਾਗ੍ਰਿਤ ਕਰੇ।
 


Related News