ਬੰਦ ਹੋਇਆ ਪੰਜਾਬ ਦਾ ਇਹ ਸ਼ਹਿਰ, ਵ੍ਰਿੰਦਾਵਨ ਹਾਦਸੇ ਕਾਰਨ ਦੁਕਾਨਦਾਰਾਂ ਨੇ ਲਿਆ ਫ਼ੈਸਲਾ
Saturday, Apr 11, 2026 - 01:43 PM (IST)
ਜਗਰਾਓਂ (ਮਾਲਵਾ): ਵ੍ਰਿੰਦਾਵਨ ਵਿਚ ਵਾਪਰੇ ਕਿਸ਼ਤੀ ਹਾਦਸੇ ਵਿਚ ਪੰਜਾਬ ਦੇ 10 ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਅੱਜ ਇਨ੍ਹਾਂ 'ਚੋਂ ਕੁਝ ਸ਼ਰਧਾਲੂਆਂ ਦੀਆਂ ਮ੍ਰਿਤਕ ਦੇਹਾਂ ਜਗਰਾਓਂ ਪਹੁੰਚੀਆਂ ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਿਆਸੀ ਸ਼ਖਸੀਅਤਾਂ ਨੇ ਵੀ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਸੋਗ ਦੀ ਘੜੀ ਵਿਚ ਜਗਰਾਓਂ ਸ਼ਹਿਰ ਦੀਆਂ ਕਈ ਜਥੇਬੰਦੀਆਂ ਵੱਲੋਂ ਬਾਜ਼ਾਰ ਬੰਦ ਰੱਖ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਆੜ੍ਹਤੀ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ ਜਗਜੀਤ ਸਿੰਘ ਕਲੇਰ, ਐੱਸ.ਆਰ. ਕਲੇਰ, ਨਰੇਸ਼ ਵਰਮਾ ਸਮੇਤ ਹੋਰ ਕਈ ਜਥੇਬੰਦੀਆਂ ਵੱਲੋਂ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ। ਅੱਜ ਸਵੇਰ ਤੋਂ ਹੀ ਸ਼ਹਿਰ ਵਿਚ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਵ੍ਰਿੰਦਾਵਨ ਵਿਚ ਸ਼ਰਧਾਲੂਆਂ ਨਾਲ ਭਰਿਆ ਇਕ ਸਟੀਮਰ ਯਮੁਨਾ ਨਦੀ ਵਿਚ ਅਚਾਨਕ ਸੰਤੁਲਨ ਵਿਗੜਨ ਕਾਰਨ ਪਲਟ ਗਿਆ। ਇਸ ਹਾਦਸੇ ਵਿਚ ਹੁਣ ਤੱਕ ਲੁਧਿਆਣਾ ਦੇ ਜਗਰਾਓਂ ਨਾਲ ਸਬੰਧਤ 10 ਸ਼ਰਧਾਲੂਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚ 6 ਔਰਤਾਂ ਅਤੇ 4 ਪੁਰਸ਼ ਸ਼ਾਮਲ ਹਨ। ਸਟੀਮਰ ਵਿਚ ਲਗਭਗ 30 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਅਤੇ ਬਚਾਅ ਟੀਮਾਂ ਵੱਲੋਂ ਮੌਕੇ 'ਤੇ ਸਰਚ ਆਪ੍ਰੇਸ਼ਨ ਜਾਰੀ ਹੈ।
