ਪੰਜਾਬ ਦੇ 'ਮੁੱਖ ਮੰਤਰੀ ਰਾਹਤ ਫੰਡ' 'ਤੇ ਵੱਡਾ ਖੁਲਾਸਾ, ਜਾਣੋ ਕਿੰਨੇ ਕਰੋੜ ਆਏ ਤੇ ਕਿੰਨੇ ਖ਼ਰਚੇ
Thursday, Jul 23, 2020 - 02:59 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ ਸਬੰਧੀ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਆਰ. ਟੀ. ਆਈ. ਐਕਟੀਵਿਸਟ ਅਸ਼ਵਨੀ ਚਾਵਲਾ ਵੱਲੋਂ ਆਰ. ਟੀ. ਆਈ. ਪਾਈ ਗਈ ਸੀ, ਜਿਸ ਤੋਂ ਬਾਅਦ ਪਤਾ ਲੱਗਿਆ ਹੈ ਕਿ ਪਿਛਲੇ 4 ਮਹੀਨਿਆਂ ਦੌਰਾਨ ਮੁੱਖ ਮੰਤਰੀ ਰਾਹਤ ਫੰਡ 'ਚ 67 ਕਰੋੜ ਰੁਪਏ ਆਏ ਪਰ ਇਸ ਰਕਮ 'ਚੋਂ ਸਿਰਫ 2.28 ਕਰੋੜ ਰੁਪਿਆ ਹੀ ਖਰਚਿਆ ਗਿਆ। ਇਹ ਰਕਮ ਵੀ ਉਸ ਸਮੇਂ ਖਰਚੀ ਗਈ, ਜਦੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵਿਦੇਸ਼ਾਂ ਅਤੇ ਦੂਜੇ ਵੱਖ-ਵੱਖ ਸੂਬਿਆਂ ਤੋਂ ਲੋਕਾਂ ਨੂੰ ਭਾਰਤ ਲਿਆਂਦਾ ਗਿਆ।
ਇਹ ਵੀ ਪੜ੍ਹੋ : ਮੋਹਾਲੀ 'ਚ ਫਿਰ 'ਕੋਰੋਨਾ' ਦਾ ਕੋਹਰਾਮ, 15 ਨਵੇਂ ਕੇਸ ਆਏ ਸਾਹਮਣੇ, ਇਕ ਦੀ ਮੌਤ
ਬਾਕੀ ਦੀ 64 ਕਰੋੜ ਰੁਪਏ ਦੀ ਰਕਮ ਨਿੱਜੀ ਬੈਂਕਾਂ 'ਚ ਜਮ੍ਹਾਂ ਹੈ। ਹੁਣ ਇੱਕ ਪਾਸੇ ਜਿੱਥੇ ਕੋਰੋਨਾ ਕਾਰਨ ਲੋਕ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ ਅਤੇ ਸਿਹਤ ਸਹੂਲਤਾਂ 'ਚ ਵੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਹਤ ਫੰਡ 'ਚ ਪਈ ਰਕਮ ਦਾ ਇਸਤੇਮਾਲ ਕਿਉਂ ਨਹੀਂ ਕੀਤਾ ਜਾ ਰਿਹਾ। ਅਸ਼ਵਨੀ ਚਾਵਲਾ ਨੇ 'ਜਗਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਵੱਲੋਂ ਜਿਹੜੀ ਰਕਮ ਖਰਚੀ ਗਈ ਹੈ, ਉਸ 'ਚੋਂ 35 ਲੱਖ ਰੁਪਏ ਕੋਵਿਡ ਕਾਰਨ ਮੌਤ ਦੇ ਮੂੰਹ 'ਚ ਗਏ ਲੁਧਿਆਣਾ ਦੇ ਏ. ਸੀ. ਪੀ. ਅਨਿਲ ਕੋਹਲੀ ਦੇ ਪਰਿਵਾਰ ਨੂੰ ਦਿੱਤੇ ਗਏ, ਜਦੋਂ ਕਿ ਇਹ ਪੈਸਾ ਸਰਕਾਰ ਨੂੰ ਆਪਣੇ ਪੱਲਿਓਂ ਦੇਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਪ੍ਰਾਪਰਟੀ ਖਰੀਦਣ 'ਚ ਪੰਜਾਬੀ ਨਹੀਂ ਦਿਖਾ ਰਹੇ ਦਿਲਚਸਪੀ, ਰਜਿਸਟਰੀਆਂ ਦਾ ਕੰਪ ਠੱਪ
ਇਸ ਤੋਂ ਇਲਾਵਾ ਨਾਂਦੇੜ ਸਾਹਿਬ ਤੋਂ ਸ਼ਰਧਾਲੂ ਲਿਆਉਣ ਅਤੇ ਤਾਮਿਲਨਾਡੂ ਅਤੇ ਰਾਜਸਥਾਨ 'ਚ ਫਸੇ ਲੋਕਾਂ ਨੂੰ ਪੰਜਾਬ ਵਾਪਸ ਲਿਆਉਣ ਲਈ ਤਕਰੀਬਨ 1 ਕਰੋੜ, 83 ਲੱਖ ਰੁਪਿਆ ਖਰਚਿਆ ਗਿਆ। ਅਸ਼ਵਨੀ ਚਾਵਲਾ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਦਾ ਪੈਸਾ ਅਜਿਹੇ ਲੋਕਾਂ ਲਈ ਖਰਚਿਆ ਜਾਣਾ ਸੀ, ਜਿਹੜੇ ਮਾਸਕ, ਸੈਨੇਟਾਈਜ਼ਰ ਤੱਕ ਨਹੀਂ ਖਰੀਦ ਸਕਦੇ। ਅਸ਼ਵਨੀ ਚਾਵਲਾ ਨੇ ਕਿਹਾ ਕਿ ਪੰਜਾਬ 'ਚ 3 ਕਰੋੜ ਦੇ ਕਰੀਬ ਆਬਾਦੀ ਹੈ ਅਤੇ ਜੇਕਰ ਕੈਪਟਨ ਸਰਕਾਰ ਹਰ ਘਰ 'ਚ ਮਾਸਕ ਵੰਡਣ ਲੱਗਦੀ ਤਾਂ ਵੀ 6-7 ਕੋਰੜ ਰੁਪਿਆ ਹੀ ਖਰਚਿਆ ਜਾਣਾ ਸੀ ਪਰ ਪੰਜਾਬ ਸਰਕਾਰ ਨੇ ਕੋਵਿਡ ਮਹਾਮਾਰੀ ਦੌਰਾਨ ਖਰਚਿਆ ਜਾਣ ਵਾਲਾ ਪੈਸਾ ਨਿੱਜੀ ਬੈਂਕਾਂ 'ਚ ਪਿਆ ਹੋਇਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ 'ਚ 'ਕੋਰੋਨਾ' ਨੇ ਪਾਇਆ ਭੜਥੂ, ਵੱਡੀ ਗਿਣਤੀ 'ਚ ਨਵੇਂ ਕੇਸਾਂ ਦੀ ਪੁਸ਼ਟੀ