ਅੱਜ ਮੁੜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਨਵੀਂ ਆਬਕਾਰੀ ਨੀਤੀ 'ਤੇ ਚਰਚਾ ਸੰਭਵ
Wednesday, Jun 08, 2022 - 10:31 AM (IST)
ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਦੀ 8 ਜੂਨ ਨੂੰ ਸ਼ਾਮ 4 ਵਜੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੁੜ ਮੀਟਿੰਗ ਸੱਦੀ ਹੈ। ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਵੱਲੋਂ ਜਾਰੀ ਪੱਤਰ ’ਚ ਸਾਰੇ ਕੈਬਨਿਟ ਮੰਤਰੀਆਂ ਅਤੇ ਕੈਬਨਿਟ ਅਧਿਕਾਰੀਆਂ ਨੂੰ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਇਸ ਮੀਟਿੰਗ ’ਚ ਭਗਵੰਤ ਮਾਨ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਬਾਰੇ ਚਰਚਾ ਕਰ ਸਕਦੇ ਹਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਬੀਤੇ ਦਿਨ ਹੋਈ ਕੈਬਨਿਟ ਮੀਟਿੰਗ ’ਚ ਨਵੀਂ ਆਬਕਾਰੀ ਨੀਤੀ ’ਤੇ ਮੋਹਰ ਲੱਗ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : 27 ਜੂਨ ਨੂੰ ਪੇਸ਼ ਹੋਵੇਗਾ 'ਪੰਜਾਬ' ਦਾ ਬਜਟ, ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ ਫ਼ੈਸਲਾ
ਪੰਜਾਬ ਮੰਤਰੀ ਮੰਡਲ ਨੇ ‘ਆਪ’ ਸਰਕਾਰ ਦੀ ਪਹਿਲੀ ਆਬਕਾਰੀ ਨੀਤੀ ’ਤੇ ਚਰਚਾ ਨਹੀਂ ਕੀਤੀ। ਇਸ ਦੇ ਲਈ ਇਕ ਸਬ-ਕਮੇਟੀ ਬਣਾਈ ਗਈ ਹੈ, ਜੋ ਆਬਕਾਰੀ ਨੀਤੀ ਸਬੰਧੀ ਵੱਖ-ਵੱਖ ਇਤਰਾਜ਼ਾਂ ਦੀ ਘੋਖ ਕਰੇਗੀ। ਕਿਹਾ ਜਾ ਰਿਹਾ ਸੀ ਕਿ ਸੋਧੀ ਹੋਈ ਨੀਤੀ ਕੈਬਨਿਟ ਮੀਟਿੰਗ ’ਚ ਰੱਖੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਦੀ ਮੀਟਿੰਗ ’ਚ ਨਵੀਂ ਆਬਕਾਰੀ ਨੀਤੀ ਪੇਸ਼ ਕੀਤੀ ਜਾਂਦੀ ਹੈ ਜਾਂ ਨਹੀਂ। 24 ਜੂਨ ਤੋਂ ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਹੈ, ਇਸ ’ਚ ਅਜੇ ਕਈ ਦਿਨ ਬਾਕੀ ਹਨ। ਸੂਬਾ ਸਰਕਾਰ ਵੱਲੋਂ ਨਵੀਂ ਆਬਕਾਰੀ ਨੀਤੀ 1 ਜੁਲਾਈ ਤੋਂ ਸੂਬੇ ’ਚ ਲਾਗੂ ਕੀਤੀ ਜਾਣੀ ਹੈ। ਇਸ ਲਈ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਵੀ ਅਲਾਟ ਕੀਤੇ ਜਾਣੇ ਹਨ, ਇਸ ਲਈ ਨਵੀਂ ਆਬਕਾਰੀ ਨੀਤੀ ਨੂੰ ਕੈਬਨਿਟ ਤੋਂ ਮਨਜ਼ੂਰੀ ਲੈਣ ’ਚ ਬਹੁਤੀ ਦੇਰ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ : ਪੰਜਾਬ 'ਚ ਸਸਤੀ ਹੋਵੇਗੀ 'ਸ਼ਰਾਬ', ਅੰਗਰੇਜ਼ੀ ਤੇ ਬੀਅਰ ਦਾ ਕੋਟਾ ਵੀ ਹੋਵੇਗਾ ਖ਼ਤਮ! (ਵੀਡੀਓ)
ਸਰਕਾਰੀ ਹਲਕਿਆਂ ਨੇ ਦੱਸਿਆ ਕਿ ਕੈਬਨਿਟ ਵੱਲੋਂ ਆਬਕਾਰੀ ਨੀਤੀ ਪਾਸ ਹੋਣ ਤੋਂ ਬਾਅਦ ਸੂਬੇ ਵਿਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਠੇਕੇਦਾਰਾਂ ਨੂੰ ਅਲਾਟ ਕਰ ਦਿੱਤੇ ਜਾਣਗੇ। ਇਸ ਦੇ ਲਈ ਲਾਟਰੀ ਪ੍ਰਣਾਲੀ ਅਪਣਾਈ ਜਾਂਦੀ ਹੈ ਜਾਂ ਨਵੀਂ ਨੀਤੀ ਨੂੰ ਵਰਤੋਂ ’ਚ ਲਿਆਂਦਾ ਜਾਂਦਾ ਹੈ, ਇਸ ’ਤੇ ਸਾਰੇ ਠੇਕੇਦਾਰਾਂ ਦੀਆਂ ਨਜ਼ਰਾਂ ਹਨ। ਸਰਕਾਰ ਨਵੀਂ ਆਬਕਾਰੀ ਨੀਤੀ ਨਾਲ ਆਪਣਾ ਮਾਲੀਆ ਵਧਾਉਣਾ ਚਾਹੁੰਦੀ ਹੈ। ਮੌਜੂਦਾ ਸਮੇਂ ’ਚ ਸਰਕਾਰ ਨੂੰ ਆਬਕਾਰੀ ਨੀਤੀ ਤੋਂ ਲਗਭਗ 7500 ਕਰੋੜ ਰੁਪਏ ਦਾ ਸਲਾਨਾ ਮਾਲੀਆ ਮਿਲ ਰਿਹਾ ਹੈ। ਸਰਕਾਰ ਇਸ ਨੂੰ 30 ਤੋਂ 35 ਫ਼ੀਸਦੀ ਤੱਕ ਵਧਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਸਰਕਾਰ ਸ਼ਰਾਬ ਨੂੰ ਸਸਤੀ ਕਰਨਾ ਵੀ ਚਾਹੁੰਦੀ ਹੈ ਤਾਂ ਜੋ ਦੂਜੇ ਸੂਬਿਆਂ ਤੋਂ ਸ਼ਰਾਬ ਦੀ ਤਸਕਰੀ ਨੂੰ ਰੋਕਿਆ ਜਾ ਸਕੇ, ਜਦੋਂ ਕਿ ਸੂਬੇ ਦੇ ਠੇਕੇਦਾਰਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਨਵੀਂ ਆਬਕਾਰੀ ਨੀਤੀ ਰਾਹੀਂ ਮਾਲੀਏ ’ਚ 20 ਤੋਂ 22 ਫ਼ੀਸਦੀ ਵਾਧਾ ਕਰਨਾ ਚਾਹੀਦਾ ਹੈ। ਇਸ ਨਾਲ ਠੇਕੇਦਾਰਾਂ ਦਾ ਕਾਰੋਬਾਰ ਵੀ ਵਧੀਆ ਢੰਗ ਨਾਲ ਚੱਲ ਸਕੇਗਾ ਅਤੇ ਇਸ ਦੇ ਨਾਲ ਹੀ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਪੰਜਾਬ ਦੇ ਲੋਕਾਂ ਦਾ ਰੁਜ਼ਗਾਰ ਵੀ ਕਾਇਮ ਰਹੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ