''ਕੋਰੋਨਾ'' ਕਹਿਰ ਦੌਰਾਨ ''ਪੰਜਾਬ ਵਜ਼ਾਰਤ'' ਦੀ ਅਹਿਮ ਮੀਟਿੰਗ ਅੱਜ, ਆਕਸੀਜਨ ਦੀ ਘਾਟ ''ਤੇ ਹੋਵੇਗੀ ਚਰਚਾ
Monday, Apr 26, 2021 - 09:51 AM (IST)
ਚੰਡੀਗੜ੍ਹ : ਪੰਜਾਬ 'ਚ ਲਗਾਤਾਰ ਵੱਧ ਰਹੀ ਕੋਰੋਨਾ ਬੀਮਾਰੀ ਦਰਮਿਆਨ ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਸੋਮਵਾਰ ਨੂੰ ਹੋਣ ਜਾ ਰਹੀ ਹੈ। ਇਹ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਭਵਨ 'ਚ ਸ਼ਾਮ 4 ਵਜੇ ਹੋਵੇਗੀ। ਇੱਥੇ ਦੱਸਣਯੋਗ ਹੈ ਕਿ ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਨਹੀਂ, ਸਗੋਂ ਫਿਜ਼ੀਕਲੀ ਤੌਰ 'ਤੇ ਹੋਵੇਗੀ। ਇਸ ਮੀਟਿੰਗ 'ਚ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਹਿੱਸਾ ਲੈਣਗੇ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਸ ਆਧਾਰ 'ਤੇ ਆਵੇਗਾ ਨਤੀਜਾ
ਮੀਟਿੰਗ ਦੌਰਾਨ ਕੋਰੋਨਾ ਕਹਿਰ ਨੂੰ ਦੇਖਦਿਆਂ ਸੂਬੇ 'ਚ ਆਕਸੀਜਨ ਦੀ ਘਾਟ 'ਤੇ ਵਿਚਾਰ-ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬੇਅਦਬੀ ਮਾਮਲਿਆਂ ਸਬੰਧੀ ਵੀ ਵਿਚਾਰ-ਵਟਾਂਦਰੇ ਹੋਣਗੇ ਅਤੇ ਕਿਸਾਨਾਂ ਦੇ ਮੁੱਦੇ ਨੂੰ ਵੀ ਮੀਟਿੰਗ 'ਚ ਵਿਚਾਰਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿਨ ਐਤਵਾਰ ਨੂੰ ਪੰਜਾਬ 'ਚ ਕੋਰੋਨਾ ਦੇ 7014 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 76 ਮਰੀਜ਼ਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ।
ਇਹ ਵੀ ਪੜ੍ਹੋ : 18 ਤੋਂ 45 ਸਾਲ ਉਮਰ ਵਰਗ ਲਈ 30 ਲੱਖ ਕੋਵੀਸ਼ੀਲਡ ਖ਼ੁਰਾਕਾਂ ਦੇ ਆਰਡਰ ਦੇਵੇਗੀ ਪੰਜਾਬ ਸਰਕਾਰ
ਹੁਣ ਤੱਕ ਸੂਬੇ 'ਚ 339090 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਇਨ੍ਹਾਂ 'ਚੋਂ 8432 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ ਬੀਤੇ ਦਿਨ ਕੁੱਲ 58286 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਇਨ੍ਹਾਂ 'ਚੋਂ 7014 ਲੋਕ ਪਾਜ਼ੇਟਿਵ ਪਾਏ ਗਏ ਹਨ। ਸੂਬੇ 'ਚ ਹੁੱਣ ਤੱਕ 6961532 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ