''ਪੰਜਾਬ ਕੈਬਨਿਟ'' ਦੀ ਅਹਿਮ ਮੀਟਿੰਗ ਅੱਜ, ਬੀਬੀਆਂ ਦੇ ਰਾਖਵੇਂਕਰਨ ਬਾਰੇ ਹੋਵੇਗੀ ਚਰਚਾ
Friday, Feb 19, 2021 - 11:33 AM (IST)
ਚੰਡੀਗੜ੍ਹ : ਪੰਜਾਬ ਕੈਬਨਿਟ ਹੀ ਅਹਿਮ ਮੀਟਿੰਗ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਆਖ਼ਰੀ ਸਾਲ ਦਾ ਬਜਟ ਇਜਲਾਸ ਪਹਿਲੀ ਮਾਰਚ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜੋ ਕਿ 10 ਮਾਰਚ ਤੱਕ ਚੱਲ ਸਕਦਾ ਹੈ। ਕਾਂਗਰਸ ਦੇ ਕਾਰਜਕਾਲ ਦਾ ਇਹ ਆਖ਼ਰੀ ਬਜਟ ਇਜਲਾਸ ਹੋਵੇਗਾ, ਜਿਸ 'ਚ ਸਰਕਾਰ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਲੋਕ ਪੱਖੀ ਐਲਾਨ ਕਰ ਸਕਦੀ ਹੈ। ਇਸ ਬਾਰੇ ਕੈਬਨਿਟ ਮੀਟਿੰਗ 'ਚ ਵਿਚਾਰ-ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 3 ਦਿਨ ਨਹੀਂ ਚੱਲਣਗੀਆਂ 'ਸਰਕਾਰੀ ਬੱਸਾਂ', ਜਾਣੋ ਕੀ ਹੈ ਕਾਰਨ
ਸਰਕਾਰ ਨਗਰ ਨਿਗਮਾਂ ਦੇ ਮੇਅਰਾਂ ਅਤੇ ਕੌਂਸਲਾਂ ਦੀ ਪ੍ਰਧਾਨਗੀ 'ਚ ਬੀਬੀਆਂ ਨੂੰ 50 ਫ਼ੀਸਦੀ ਰਾਖਵਾਂਕਰਨ ਦੇਣ ਬਾਰੇ ਵਿਚਾਰ ਕਰ ਰਹੀ ਹੈ। ਕਾਂਗਰਸ ਸਰਕਾਰ ਵੱਲੋਂ ਆਉਣ ਵਾਲੇ ਬਜਟ ਇਜਲਾਸ 'ਚ ਬੀਬੀਆਂ ਨੂੰ ਰਾਖਵਾਂਕਰਨ ਦੇਣ ਦੇ ਕਾਨੂੰਨ 'ਚ ਸੋਧ ਕਰਨ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਸ਼ਹਿਰੀ ਸਥਾਨਕ ਚੋਣਾਂ 'ਚ ਬੀਬੀਆਂ ਦਾ ਮੌਜੂਦਾ ਰਾਖਵਾਂਕਰਨ 33 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕਰਨ ਬਾਰੇ ਵਿਚਾਰ-ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।
ਹਾਲ ਹੀ 'ਚ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਤਕਰੀਬਨ 11,00 ਵਾਰਡਾਂ 'ਚ ਮਹਿਲਾ ਉਮੀਦਵਾਰ ਚੁਣੀਆਂ ਗਈਆਂ ਹਨ। ਸਿਰਫ ਕਾਂਗਰਸ ਪਾਰਟੀ 'ਚ ਹੀ 675 ਮਹਿਲਾ ਉਮੀਦਵਾਰ ਜੇਤੂ ਰਹੀਆਂ ਹਨ।
ਸੂਤਰਾਂ ਮੁਤਾਬਕ ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਜਲਦੀ ਹੀ ਰਾਖਵਾਂਕਰਨ ਵਧਾਉਣ ਸਬੰਧੀ ਫ਼ੈਸਲਾ ਲਿਆ ਗਿਆ, ਜਿਸ ਦੇ ਨਤੀਜੇ ਵਜੋਂ ਹਾਲ ਹੀ 'ਚ ਹੋਈਆਂ ਚੋਣਾਂ ਦੌਰਾਨ ਮਹਿਲਾ ਉਮੀਦਵਾਰਾਂ ਦੀ ਹਿੱਸੇਦਾਰੀ ਵਧੀ ਹੈ। ਅੱਜ ਕੈਬਨਿਟ 'ਚ ਖੇਤੀ ਸੋਧ ਬਿੱਲਾਂ ਨੂੰ ਮੁੜ ਪਾਸ ਕੀਤੇ ਜਾਣ ਦਾ ਏਜੰਡਾ ਵੀ ਆ ਸਕਦਾ ਹੈ।
ਨੋਟ : ਸਥਾਨਕ ਚੋਣਾਂ 'ਚ ਬੀਬੀਆਂ ਨੂੰ ਰਾਖਵਾਂਕਰਨ ਵਧਾਉਣ ਸਬੰਧੀ ਦਿਓ ਆਪਣੇ ਵਿਚਾਰ