ਪੰਜਾਬ ਵਜ਼ਾਰਤ ਦੀ ਅਹਿਮ ਬੈਠਕ ਅੱਜ, ਵਿਚਾਰੇ ਜਾਣਗੇ ਪ੍ਰਭਾਵਸ਼ਾਲੀ ਮੁੱਦੇ
Monday, Jun 22, 2020 - 11:58 AM (IST)
ਚੰਡੀਗੜ੍ਹ : ਪੰਜਾਬ ਵਜ਼ਾਰਤ ਦੀ ਅਹਿਮ ਬੈਠਕ ਅੱਜ ਮਤਲਬ ਕਿ 22 ਜੂਨ, ਦਿਨ ਸੋਮਵਾਰ ਨੂੰ ਹੋਣ ਜਾ ਰਹੀ ਹੈ। ਇਹ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਵੇਗੀ। ਬੈਠਕ ਦੌਰਾਨ ਕਈ ਅਹਿਮ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਬੈਠਕ 'ਚ ਪੰਜਾਬ ਦੇ ਮੈਡੀਕਲ ਕਾਲਜਾਂ ਅਤੇ ਰਾਮਪੁਰਾ ਦੇ ਵੈਟਰਨਰੀ ਕਾਲਜ ਲਈ ਨਵੀਆਂ ਅਸਾਮੀਆਂ ਦੀ ਰਚਨਾ ਬਾਰੇ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ।
ਬਠਿੰਡਾ ਥਰਮਲ ਦੀ ਜ਼ਮੀਨ ਅਤੇ ਪੁੱਡਾ ਨੂੰ 100 ਕਰੋੜ ਦਾ ਲੋਨ ਲੈਣ ’ਤੇ ਵੀ ਮੋਹਰ ਲੱਗ ਸਕਦੀ ਹੈ। ਕੈਬਨਿਟ ਬੈਠਕ 'ਚ ਰਾਮਪੁਰਾ ਫੂਲ ਦੇ ਵੈਟਰਨਰੀ ਕਾਲਜ 'ਚ ਸੀਨੀਅਰ ਪੱਧਰ ਦੀਆਂ ਅਸਾਮੀਆਂ ਦੀ ਰਚਨਾ ਕਰਨ ਬਾਰੇ ਫੈਸਲਾ ਹੋਣਾ ਹੈ। ਇਨ੍ਹਾਂ ਅਸਾਮੀਆਂ ਨੂੰ ਭਰੇ ਜਾਣ ਦੀ ਸੂਰਤ 'ਚ ਪੂਰੀ ਤਨਖ਼ਾਹ ਅਤੇ ਭੱਤੇ ਦਿੱਤੇ ਜਾਣ ਦੀ ਯੋਜਨਾ ਹੈ। ਪੰਜਾਬ ਦੇ ਚਾਰ ਸਰਕਾਰੀ ਮੈਡੀਕਲ ਕਾਲਜਾਂ 'ਚ 135 ਅਸਾਮੀਆਂ ਦੀ ਰਚਨਾ ਤੇ ਪੰਜਾਬ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਟੀ ਕਮਿਸ਼ਨ 'ਚ 10 ਅਸਾਮੀਆਂ ਦੀ ਰਚਨਾ ਵੀ ਬੈਠਕ ਦੇ ਏਜੰਡੇ ’ਚ ਸ਼ਾਮਲ ਹੈ। ਨਵੀਂ ਸ਼ਿਕਾਇਤ ਨਿਵਾਰਣ ਨੀਤੀ ਬਣਾਏ ਜਾਣ ਤੇ ਪੇਂਡੂ ਆਵਾਸ ਯੋਜਨਾ ਸਕੀਮ ਦਾ ਨਾਮ ਬਦਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਆਵਾਸ ਯੋਜਨਾ ਰੱਖੇ ਜਾਣ ਦੀ ਵੀ ਸੰਭਾਵਨਾ ਹੈ।