ਮਾਲਵਾ ਦੀ ਸਰਕਾਰ, ਦੋਆਬਾ ਨਜ਼ਰ ਅੰਦਾਜ਼

04/21/2018 3:25:42 PM

ਜਲੰਧਰ(ਨਰੇਸ਼)— ਪੰਜਾਬ 'ਚ ਕਾਂਗਰਸ ਦੀ ਸਰਕਾਰ ਦਾ ਇਕ ਸਾਲ ਪੂਰਾ ਹੋਣ ਤੋਂ ਬਾਅਦ ਆਖਿਰਕਾਰ ਸਰਕਾਰ ਨੇ ਪੂਰਨ ਰੂਪ ਲੈ ਲਿਆ ਹੈ। ਸ਼ਨੀਵਾਰ ਗਵਰਨਰ ਵੱਲੋਂ ਨਵੇਂ ਮੰਤਰੀਆਂ ਨੂੰ ਸਹੁੰ ਦਿਵਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕੈਬਨਿਟ ਦੇ ਕੁੱਲ 18 ਮੰਤਰੀ ਹੋ ਜਾਣਗੇ। ਇਨ੍ਹਾਂ 'ਚੋਂ 11 ਮੰਤਰੀ ਮਾਲਵਾ ਹਲਕੇ ਤੋਂ ਸ਼ਾਮਲ ਕੀਤੇ ਗਏ ਹਨ, ਜਦਕਿ 6 ਮੰਤਰੀ ਮਾਝਾ ਇਲਾਕੇ ਤੋਂ ਹੋਣਗੇ। ਮੰਤਰੀ ਮੰਡਲ 'ਚ ਦੋਆਬਾ ਨੂੰ ਸਿਰਫ 1 ਸੀਟ ਮਿਲੀ ਹੈ। ਹੁਸ਼ਿਆਰਪੁਰ ਤੋਂ ਵਿਧਾਇਕ ਸ਼ਾਮ ਸੁੰਦਰ ਅਰੋੜਾ ਦੋਆਬਾ ਤੋਂ ਸਰਕਾਰ ਦਾ ਚਿਹਰਾ ਹੋਣਗੇ। ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ 'ਚੋਂ 69 ਸੀਟਾਂ ਮਾਲਵਾ ਤੋਂ ਆਉਂਦੀਆਂ ਹਨ ਜਦਕਿ ਮਾਝਾ 'ਚ 26 ਵਿਧਾਨ ਸਭਾ ਸੀਟਾਂ ਹਨ ਅਤੇ ਦੋਆਬਾ 'ਚ ਇਹ ਗਿਣਤੀ 22 ਹੈ ਪਰ ਵਿਧਾਨ ਸਭਾ ਸੀਟਾਂ ਦੇ ਲਿਹਾਜ ਨਾਲ ਦੋਆਬਾ ਨੂੰ ਨੁਮਾਇੰਦਗੀ ਨਹੀਂ ਮਿਲੀ ਹੈ। 
ਜਿੱਤ ਦੀ ਹੈਟ੍ਰਿਕ ਲਗਾਉਣ ਵਾਲੇ ਸੁੱਖ ਸਰਕਾਰੀਆ ਨੂੰ ਮਿਲੀ ਕੁਰਸੀ
ਸਾਲ 2007, 2012 ਅਤੇ 2017 ਦੀਆਂ ਚੋਣਾਂ 'ਚ ਉਨ੍ਹਾਂ ਨੇ ਲਗਾਤਾਰ ਤਿੰਨ ਜਿੱਤਾਂ ਦਰਜ ਕਰਵਾਉਣ ਵਾਲੇ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਆਖਿਰਕਾਰ ਲੰਬੇ ਸਮੇਂ ਦੇ ਇੰਤਜ਼ਾਰ ਦੇ ਬਾਅਦ ਸੱਤਾ 'ਚ ਹਿੱਸੇਦਾਰੀ ਮਿਲ ਰਹੀ ਹੈ ਪਰ ਉਨ੍ਹਾਂ ਦਾ ਇਹ ਸਫਰ ਇੰਨਾ ਵੀ ਆਸਾਨ ਨਹੀਂ ਰਿਹਾ। ਉਹ 1997 ਅਤੇ 2002 ਦੀਆਂ ਚੋਣਾਂ 'ਚ ਹਾਰ ਦਾ ਮੂੰਹ ਦੇਖ ਚੁੱਕੇ ਹਨ ਪਰ ਲਗਾਤਾਰ ਦੋ ਵਾਰ ਹਾਰਨ ਦੇ ਬਾਅਦ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਸੁੱਖ ਸਰਕਾਰੀਆ ਨੂੰ 1997 'ਚ ਪਹਿਲੀ ਚੋਣ ਨਿਰਮਲ ਸਿੰਘ ਕਾਹਲੋ ਦੇ ਹੱਥੋਂ 5536 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਹ ਉਨ੍ਹਾਂ ਦੀ ਆਖਰੀ ਹਾਰ ਸੀ। 2007 ਦੀਆਂ ਚੋਣਾਂ 'ਚ ਉਨ੍ਹਾਂ ਨੇ ਵੀਰ ਸਿੰਘ ਲੋਪੋਕੇ ਨੂੰ 8276 ਵੋਟਾਂ ਨਾਲ ਹਰਾਇਆ ਸੀ ਜਦਕਿ 2012 'ਚ ਚੋਣਾਂ 'ਚ ਇਕ ਵਾਰ ਫਿਰ ਤੋਂ ਵੀਰ ਸਿੰਘ ਲੋਪੋਕੇ ਨੂੰ ਕਰੀਬੀ ਮੁਕਾਬਲਾ 'ਚ 1084 ਵੋਟਾਂ ਨਾਲ ਮਾਤ ਦਿੱਤੀ। 2017 ਦੀਆਂ ਵਿਧਾਨ ਸਭਾ ਚੋਣਾਂ ਉਹ 5727 ਵੋਟਾਂ ਨਾਲ ਜਿੱਤੇ ਸਨ। ਜਿੱਤ ਦੀ ਹੈਟ੍ਰਿਕ ਦੇ ਬਾਅਦ ਉਨ੍ਹਾਂ ਨੂੰ ਮੰਤਰੀ ਅਹੁਦੇ ਦੀ ਉਮੀਦ ਸੀ ਅਤੇ ਆਖਿਰਕਾਰ ਉਨ੍ਹਾਂ ਦੀ ਇਹ ਉਮੀਦ ਪੂਰੀ ਹੋ ਰਹੀ ਹੈ। 
2 ਵਾਰ ਚੋਣਾਂ ਹਾਰੇ ਰੰਧਾਵਾ ਹੁਣ ਬਣਗੇ ਮੰਤਰੀ 
ਡੇਰਾ ਬਾਬਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ 1997 ਅਤੇ 2007 ਦੀਆਂ ਚੋਣਾਂ 'ਚ ਦੋ ਵਾਰ ਹਾਰ ਦਾ ਮੂੰਹ ਦੇਖ ਚੁੱਕੇ ਹਨ ਪਰ ਇਸ ਦੇ ਬਾਅਦ ਅਗਲੀਆਂ ਦੋ ਚੋਣਾਂ 'ਚ ਉਹ ਲਗਾਤਾਰ ਚੁਣੇ ਗਏ ਅਤੇ ਆਖਿਰ ਹੁਣ ਲੰਬੇ ਇੰਤਜ਼ਾਰ ਦੇ ਬਾਅਦ ਮੰਤਰੀ ਅਹੁਦਾ ਨਸੀਬ ਹੋਇਆ ਹੈ। ਉਨ੍ਹਾਂ ਨੇ ਸਾਲ 2012 ਦੀਆਂ ਚੋਣਾਂ 'ਚ ਲੰਗਾਹ ਨੂੰ 2940 ਵੋਟਾਂ ਨਾਲ ਹਾਰ ਦਿੱਤੀ ਜਦਕਿ 2017 ਦੀਆਂ ਚੋਣਾਂ 'ਚ ਵੀ ਉਹ 1197 ਵੋਟਾਂ ਦੇ ਅੰਤਰ ਨਾਲ ਜਿੱਤੇ ਪਰ ਇਸ ਤੋਂ ਪਹਿਲਾਂ ਉਹ 2007 ਦੀਆਂ ਚੋਣਾਂ 'ਚ ਨਿਰਮਲ ਸਿੰਘ ਕਾਹਲੋ ਦੇ ਹੱਥੋਂ 5828 ਵੋਟਾਂ ਦੇ ਅੰਤਰ ਨਾਲ ਹਾਰ ਗਏ ਸਨ। ਇਸ ਤੋਂ ਪਹਿਲਾਂ 2002 ਦੀਆਂ ਚੋਣਾਂ 'ਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ ਅਤੇ ਸਾਲ 1997 'ਚ ਉਹ 5536 ਵੋਟਾਂ ਨਾਲ ਹਾਰੇ ਸਨ। ਉਨ੍ਹਾਂ ਨੂੰ ਦੋਵੇਂ ਵਾਰ ਨਿਰਮਲ ਸਿੰਘ ਕਾਹਲੋਂ ਨੇ ਹੀ ਹਾਰ ਦਿੱਤੀ ਸੀ। 
ਕੌਂਸਲਰ ਚੋਣ ਨਾਲ ਹੋਇਆ ਆਸ਼ੂ ਦਾ ਸਫਰ
ਕੈਪਟਨ ਦੀ ਕੈਬਨਿਟ 'ਚ ਸ਼ਾਮਲ ਕੀਤੇ ਗਏ ਲੁਧਿਆਣਾ ਵੈਸਟ ਸੀਟ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਦੀ ਆਪਣੇ ਹਲਕੇ 'ਚ ਖਾਸੀ ਪਕੜ ਹੈ। ਪਿਛਲੇ 2 ਚੋਣਾਂ ਆਸ਼ੂ 30 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ ਹਨ। ਸਾਲ 2012 ਦੀਆਂ ਚੋਣਾਂ 'ਚ ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰ ਪ੍ਰੋ. ਰਜਿੰਦਰ ਭੰਡਾਰੀ ਨੂੰ 35,922 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ ਜਦਕਿ 2017 ਦੀਆਂ ਚੋਣਾਂ 'ਚ ਉਹ ਅਹਬਾਬ ਸਿੰਘ ਗ੍ਰੇਵਾਲ ਨੂੰ 36,521 ਵੋਟਾਂ ਨਾਲ ਹਰਾ ਕੇ ਵਿਧਾਨ ਸਭਾ 'ਚ ਪਹੁੰਚੇ ਹਨ। ਆਸ਼ੂ ਨੂੰ ਚੋਣਾਂ 'ਚ  66,627 ਵੋਟਾਂ ਹਾਸਲ ਹੋਈਆਂ। ਆਸ਼ੂ ਨੇ ਸਿਆਸੀ ਕਰੀਅਰ ਬਤੌਰ ਕੌਂਸਲਰ ਦੇ ਤੌਰ 'ਤੇ ਸ਼ੁਰੂ ਕੀਤਾ ਸੀ। ਉਹ ਲੁਧਿਆਣਾ 'ਚ ਲਗਾਤਾਰ 3 ਵਾਰ ਕੌਂਸਲਰ ਰਹੇ ਅਤੇ 2012 'ਚ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲੋੜਨ ਦਾ ਮੌਕਾ ਦਿੱਤਾ ਗਿਆ। ਆਸ਼ੂ ਦੀ ਪਤਨੀ ਮਮਤਾ ਸ਼ਰਮਾ ਵੀ ਲਗਾਤਾਰ 3 ਵਾਰ ਕੌਂਸਲਰ ਦੀ ਚੋਣ ਜਿੱਤ ਚੁੱਕੀ ਹੈ। 
ਬਲਬੀਰ ਸਿੰਘ ਸਿੱਧੂ ਨੂੰ ਵੀ ਜਿੱਤ ਦੀ ਹ੍ਰੈਟਿਕ ਦਾ ਇਨਾਮ 
ਕੈਪਟਨ ਸਰਕਾਰ 'ਚ ਸ਼ਾਮਲ ਕੀਤੇ ਜਾ ਰਹੇ ਮੋਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਵੀ ਜਿੱਤ ਦੀ ਹੈਟ੍ਰਿਕ ਲਗਾਉਣ ਦੇ ਬਾਅਦ ਮੰਤਰੀ ਅਹੁਦਾ ਮਿਲਣ ਜਾ ਰਿਹਾ ਹੈ। ਬਲਬੀਰ ਸਿੰਘ ਨੇ ਸਾਲ 2007, 2012 ਅਤੇ 2017 ਦੀਆਂ ਚੋਣਾਂ 'ਚ ਲਗਾਤਾਰ ਜਿੱਤ ਹਾਸਲ ਕੀਤੀ ਹੈ। 
2007 ਦੀਆਂ ਚੋਣਾਂ 'ਚ ਉਹ ਖਰੜ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੇ ਸਨ, ਉਨ੍ਹਾਂ ਨੇ ਆਪਣੇ ਵਿਰੋਧੀ ਧਿਰ ਉਮੀਦਵਾਰ ਜਸਜੀਤ ਸਿੰਘ ਨੂੰ 13,615 ਵੋਟਾਂ ਦੇ ਅੰਤਰ ਤੋਂ ਹਰਾਇਆ ਸੀ। ਇਸ ਦੇ ਬਾਅਦ 2012 ਦੀਆਂ ਚੋਣਾਂ 'ਚ ਬਲਵੰਤ ਸਿੰਘ ਰਾਮੂਵਾਲੀਆ ਨੂੰ 16,756 ਵੋਟਾਂ ਦੇ ਅੰਤਰ ਨਾਲ ਹਰਾਇਆ। ਪਿਛਲੀਆਂ ਚੋਣਾਂ ਦੌਰਾਨ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਦੇ ਨਾਲ ਸੀ। ਬਲਬੀਰ ਸਿੰਘ ਨੇ ਨਰਿੰਦਰ ਸਿੰਘ ਨੂੰ 27,857 ਵੋਟਾਂ ਨਾਲ ਹਾਰ ਦਿੱਤੀ ਸੀ। ਸਿੱਧੂ ਨੂੰ 66,844 ਵੋਟਾਂ ਹਾਸਲ ਹੋਈਆਂ ਸਨ ਜਦਕਿ ਨਰਿੰਦਰ ਸਿੰਘ ਨੂੰ 38,971 ਵੋਟਾਂ ਮਿਲੀਆਂ। ਹਾਲਾਂਕਿ ਇਸ ਤੋਂ ਪਹਿਲਾਂ ਸਿੱਧੂ ਵੀ ਬਤੌਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਹਾਰ ਚੁੱਕੇ ਹਨ। ਉਨ੍ਹਾਂ ਨੂੰ 2002 ਦੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਉਮੀਦਵਾਰ ਬੀਰ ਦਵਿੰਦਰ ਸਿੰਘ ਨੇ ਖਰੜ ਵਿਧਾਨ ਸਭਾ ਖੇਤਰ 'ਚ ਕਰਾਰੀ ਮਾਤ ਦਿੱਤੀ ਸੀ। 
ਵਿਸਥਾਰ 'ਚ ਵੀ ਮਾਲਵਾ ਨੂੰ ਤਵਜੋ 
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਪਹਿਲਾਂ ਹੀ ਮਾਲਵਾ ਦੇ ਵਿਧਾਇਕਾਂ ਦੀ ਸਰਦਾਰੀ ਸੀ ਪਰ ਨਵੇਂ ਕੈਬਨਿਟ ਵਿਸਥਾਰ 'ਚ ਵੀ ਮਾਲਵਾ ਦੇ 5 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਕੈਬਨਿਟ 'ਚ ਮਾਲਵਾ ਦੇ 6 ਮੰਤਰੀ ਸਨ। ਮਾਝਾ ਦੇ 3 ਵਿਧਾਇਕਾਂ ਨੂੰ ਕੈਬਨਿਟ 'ਚ ਜਗ੍ਹਾ ਮਿਲੀ ਹੈ, ਇਸ ਤੋਂ ਪਹਿਲਾਂ ਕੈਬਨਿਟ 'ਚ ਮਾਝਾ ਦੇ 3 ਵਿਧਾਇਕ ਮੰਤਰੀ ਬਣਾਏ ਗਏ ਸਨ। 
ਓ. ਪੀ. ਸੋਨੀ (ਅੰਮ੍ਰਿਤਸਰ ਸੈਂਟਰਲ) ਕਾਂਗਰਸ ਦਾ ਜੇਤੂ ਚਿਹਰਾ
ਕੈਪਟਨ ਕੈਬਨਿਟ 'ਚ ਸ਼ਾਮਲ ਕੀਤੇ ਗਏ ਅੰਮ੍ਰਿਤਸਰ ਸੈਂਟਰਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਓ. ਪੀ. ਸੋਨੀ ਕਾਂਗਰਸ ਦਾ ਜੇਤੂ ਚਿਹਰਾ ਹਨ। ਉਹ ਪਿਛਲੇ 20 ਸਾਲਾਂ ਤੋਂ ਵਿਧਾਇਕ ਹਨ। 1997 ਅਤੇ 2002 ਦੀਆਂ ਚੋਣਾਂ ਸੋਨੀ ਨੇ ਆਜ਼ਾਦ ਉਮੀਦਵਾਰ ਦੇ ਰੂਪ 'ਚ ਜਿੱਤੀਆਂ ਸਨ ਅਤੇ ਉਸ ਦੇ ਬਾਅਦ ਸਾਲ 2007 ਦੀਆਂ ਚੋਣਾਂ 'ਚ ਉਨ੍ਹਾਂ ਨੇ ਰਾਜਿੰਦਰ ਮੋਹਨ ਛੀਨਾ ਨੂੰ 12,103 ਵੋਟਾਂ ਨਾਲ ਹਰਾਇਆ ਸੀ ਜਦਕਿ 2012 ਦੀਆਂ ਚੋਣਾਂ 'ਚ ਤਰੁਣ ਚੁੱਘ 12,797 ਅਤੇ 2017 ਦੀਆਂ ਚੋਣਾਂ 'ਚ ਇਕ ਵਾਰ ਫਿਰ ਤੋਂ ਤਰੁਣ ਚੁੱਘ ਨੂੰ ਹੀ 21,116 ਵੋਟਾਂ ਨਾਲ ਮਾਤ ਦਿੱਤੀ। ਓ. ਪੀ. ਸੋਨੀ ਕਾਂਗਰਸ ਵਿਧਾਇਕ ਮੰਡਲ ਦੇ ਇਕਲੌਤੇ ਅਜਿਹੇ ਨੇਤਾ ਹਨ, ਜੋ ਪਿਛਲੀਆਂ 5 ਚੋਣਾਂ ਲਗਾਤਾਰ ਜਿੱਤ ਰਹੇ ਹਨ ਪਰ ਸਾਲ 2017 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਸੀਨੀਆਰਤਾ ਮੰਤਰੀ ਅਹੁਦਾ ਨਹੀਂ ਮਿਲ ਪਾਇਆ ਸੀ।
ਲੋਕਸਭਾ ਚੋਣਾਂ 'ਚ ਹਾਰੇ ਸਿੰਗਲਾ ਹੁਣ ਬਣਗੇ ਮੰਤਰੀ 
ਕੈਪਟਨ ਸਰਕਾਰ 'ਚ ਸ਼ਾਮਲ ਕੀਤੇ ਗਏ ਸੰਗਰੂਰ ਤੋਂ ਵਿਧਾਇਕ ਵਿਜੇਇੰਦਰ ਸਿੰਗਲਾ ਨੂੰ ਸਿਆਸਤ ਵਿਰਾਸਤ 'ਚ ਮਿਲੀ ਹੈ। ਉਨ੍ਹਾਂ ਦੇ ਪਿਤਾ ਸੰਤ ਰਾਮ ਸਿੰਗਲਾ ਕਾਂਗਰਸ ਦੇ ਸੰਸਦ ਸਨ। ਸਿੰਗਲਾ ਨੇ ਸਿਆਸੀ ਸਫਰ 2002 'ਚ ਪੰਜਾਬ ਯੂਥ ਕਾਂਗਰਸ ਦੇ ਜ਼ਰੀਏ ਸ਼ੁਰੂ ਕੀਤਾ ਸੀ। ਸਾਲ 2005 'ਚ ਕੈਪਟਨ ਸਿੰਘ ਦੀ ਸਰਕਾਰ ਦੇ ਸਮੇਂ ਉਨ੍ਹਾਂ ਨੂੰ ਪੰਜਾਬ ਐਨਰਜੀ ਡਿਵੈਲਪਮੈਂਟ ਅਥਾਰਿਟੀ ਯਾਨੀ ਪੇਡਾ ਦਾ ਚੇਅਰਮੈਨ ਬਣਾਇਆ ਗਿਆ। ਇਸ ਦੇ ਬਾਅਦ ਉਹ 2006 ਤੋਂ 2008 ਤੱਕ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਰਹੇ। 2019 ਦੀਆਂ ਲੋਕਸਭਾ ਚੋਣਾਂ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੂੰ ਮਾਤ ਦਿੱਤੀ ਅਤੇ ਯੂ. ਪੀ. ਏ. ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਉਹ ਬੈਸਟ ਪਾਰਟੀਮੈਂਟੇਰੀਅਨ ਵੀ ਚੁਣੇ ਗਏ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਨੇਸ਼ ਬਾਂਸਲ ਨੂੰ 30,812 ਵੋਟਾਂ ਦੇ ਅੰਤਰ ਨਾਲ ਹਰਾਇਆ। ਵਿਜੇਇੰਦਰ ਸਿੰਗਲਾ ਸਰਕਾਰ 'ਚ ਨੌਜਵਾਨ ਮੰਤਰੀ ਦੇ ਤੌਰ 'ਤੇ ਸ਼ਾਮਲ ਕੀਤੇ ਜਾ ਰਹੇ ਹਨ। 
ਬਤੌਰ ਆਜ਼ਾਦ ਉਮੀਦਵਾਰ ਚੋਣ ਹਾਰੇ ਸਨ ਅਰੋੜਾ, ਅੱਜ ਮੰਤਰੀ ਬਣਨਗੇ 
ਕੈਪਟਨ ਦੀ ਕੈਬਨਿਟ 'ਚ ਸ਼ਾਮਲ ਕੀਤੇ ਜਾ ਰਹੇ ਦੋਆਬਾ ਦੇ ਇਕਲੌਤੇ ਚਿਹਰੇ ਸ਼ਾਮ ਸੁੰਦਰ ਅਰੋੜਾ ਵੀ 2002 ਦੀਆਂ ਚੋਣਾਂ 'ਚ ਬਤੌਰ ਆਜ਼ਾਦ ਉਮੀਦਵਾਰ ਚੋਣਾਂ ਲੜ ਕੇ ਤੀਜੇ ਨੰਬਰ 'ਤੇ ਰਹੇ ਸਨ ਪਰ ਬਾਅਦ 'ਚ ਉਹ ਕਾਂਗਰਸ ਦੇ ਨਾਲ ਆ ਗਏ ਅਤੇ 2012 ਅਤੇ 2017 'ਚ ਲਗਾਤਾਰ 2 ਵਾਰ ਜਿੱਤ ਹਾਸਲ ਕੀਤੀ। ਸਾਲ 2002 ਦੀਆਂ ਚੋਣਾਂ 'ਚ ਉਨ੍ਹਾਂ ਨੇ ਤੀਸ਼ਨ ਸੂਦ ਨੂੰ 6208 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ ਜਦਕਿ 2017 ਦੀਆਂ ਚੋਣਾਂ 'ਚ ਉਹ 11,233 ਵੋਟਾਂ ਦੇ ਅੰਤਰ ਨਾਲ ਜੇਤੂ ਰਹੇ ਸਨ। ਸ਼ਾਮ ਸੁੰਦਰ ਅਰੋੜਾ ਨੂੰ ਕੈਪਟਨ ਦੇ ਨਾਲ ਕਰੀਬੀ ਹੋਣ ਦਾ ਫਾਇਦਾ ਮਿਲਿਆ ਹੈ ਅਤੇ ਲਗਾਤਾਰ 2 ਜਿੱਤਾਂ ਹਾਸਲ ਕਰਨ ਦੇ ਬਾਅਦ ਉਨ੍ਹਾਂ ਨੂੰ ਸੱਤਾ 'ਚ ਹਿੱਸੇਦਾਰੀ ਹਾਸਲ ਹੋਈ ਹੈ। 
2012 'ਚ ਚੋਣ ਹਾਰੇ ਅੱਜ ਮੰਤਰੀ ਬਣਗੇ ਕਾਂਗੜ 
ਕੈਬਨਿਟ 'ਚ ਸ਼ਾਮਲ ਕੀਤੇ ਗਏ ਰਾਮਪੂਰਾਫੂਲ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਨੂੰ ਵੀ ਸੀਨੀਆਰਤਾ ਦਾ ਇਨਾਮ ਮਿਲਿਆ ਹੈ। ਹਾਲਾਂਕਿ ਕਾਂਗੜ 2012 ਦੀ ਚੋਣ ਸਿਕੰਦਰ ਸਿੰਘ ਮਲੂਕਾ ਦੇ ਹੱਥੋਂ 5136 ਵੋਟਾਂ ਦੇ ਅੰਤਰ ਨਾਲ ਹਾਰ ਗਏ ਸਨ ਪਰ ਸਾਲ 2017 ਦੀਆਂ ਚੋਣਾਂ 'ਚ ਉਨ੍ਹਾਂ ਨੇ ਮਲੂਕਾ ਨੂੰ 10,385 ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ 2007 'ਚ ਚੋਣਾਂ 'ਚ ਵੀ ਕਾਂਗੜ ਨੇ ਸਿਕੰਦਰ ਸਿੰਘ ਮਲੂਕਾ ਨੂੰ 2259 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। ਕਾਂਗੜ ਨੂੰ ਅਕਾਲੀ ਦਲ ਦੇ ਹੈਵੀਵੇਟ ਮੰਤਰੀ ਮਲੂਕਾ ਨੂੰ ਹਰਾਉਣ ਦਾ ਵੀ ਫਾਇਦਾ ਹੋਇਆ ਹੈ ਅਤੇ ਕਾਂਗਰਸ ਹਾਈਕਮਾਨ ਨੇ ਉਨ੍ਹਾਂ 'ਤੇ ਭਰੋਸਾ ਜਤਾ ਕੇ ਉਨ੍ਹਾਂ ਨੂੰ ਮੰਤਰੀ ਅਹੁਦਾ ਦਿੱਤਾ ਹੈ। 
ਲਗਾਤਾਰ 4 ਚੋਣਾਂ ਜਿੱਤਣ ਵਾਲੇ ਸੋਢੀ ਬਣਗੇ ਮੰਤਰੀ 
ਕੈਬਨਿਟ 'ਚ ਸ਼ਾਮਲ ਕੀਤੇ ਗਏ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵੀ ਜਿੱਤ ਦੀ ਹ੍ਰੈਟਿਕ ਲਗਾ ਚੁੱਕੇ ਹਨ। ਉਨ੍ਹਾਂ ਨੇ ਸਾਲ 2002, 2007, 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਲਗਾਤਾਰ 4 ਜਿੱਤ ਹਾਸਲ ਕੀਤੀ ਹੈ। ਸਾਲ 2002 ਦੇ ਚੋਣਾਂ 'ਚ ਉਨ੍ਹਾਂ ਪਰਮਜੀਤ ਸਿੰਘ ਨੂੰ 5431 ਵੋਟਾਂ ਦੇ ਅੰਤਰ ਨਾਲ ਹਰਾਇਆ ਜਦਕਿ 2007 ਦੀ ਚੋਣਾਂ 'ਚ ਇਕ ਵਾਰ ਫਿਰ ਪਰਮਜੀਤ ਸਿੰਘ ਸੰਧੂ ਨੂੰ 18,570 ਵੋਟਾਂ ਦੇ ਅੰਤਰ ਨਾਲ ਹਾਰ ਦਾ ਮੂੰਹ ਦਿਖਾਇਆ ਸੀ ਜਦਕਿ 2012 ਦੀਆਂ ਚੋਣਾਂ 'ਚ ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਨੂੰ 3249 ਵੋਟਾਂ ਨਾਲ ਹਾਰ ਦਿਖਾਈ। ਸਾਲ 2017 'ਚ ਇਕ ਵਾਰ ਫਿਰ ਉਨ੍ਹਾਂ ਨੇ ਬਲਦੇਵ ਸਿੰਘ ਨੂੰ 5796 ਵੋਟਾਂ ਦੇ ਅੰਤਰ ਨਾਲ ਹਰਾਇਆ। ਰਾਣਾ ਗੁਰਮੀਤ ਸਿੰਘ ਸੋਢੀ ਨੂੰ 62,787 ਵੋਟਾਂ ਹਾਸਲ ਹੋਈਆਂ ਜਦਕਿ ਉਨ੍ਹਾਂ ਦੇ ਵਿਰੋਧੀ ਵਰਦੇਵ ਸਿੰਘ ਮਾਨ 56,991 ਵੋਟਾਂ ਹੀ ਹਾਸਲ ਕਰ ਸਕੇ।


Related News