ਦਾਅ ’ਤੇ ਲੱਗਿਆ ਦਿੱਗਜ਼ ਨੇਤਾਵਾਂ ਦਾ ਸਿਆਸੀ ਭਵਿੱਖ! ਕਈ ਪਰਿਵਾਰਾਂ ਦਾ ਟਿਕਿਆ ਦਾਰੋਮਦਾਰ

Saturday, Nov 23, 2024 - 09:51 AM (IST)

ਚੰਡੀਗੜ੍ਹ (ਅੰਕੁਰ ਤਾਂਗੜੀ ) : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪੋ-ਆਪਣੀ ਜਿੱਤ ਦਾ ਦਾਅਵਾ ਸੋਸ਼ਲ ਮੀਡੀਆ ਰਾਹੀਂ ਕਰ ਰਹੇ ਹਨ। ਹਾਲਾਂਕਿ ਇਹ ਚੋਣ ਸਿਰਫ਼ ਢਾਈ ਸਾਲਾਂ ਲਈ ਵਿਧਾਇਕ ਚੁਣਨ ਵਾਸਤੇ ਹੋ ਰਹੀ ਹੈ ਪਰ ਇਸ ਵਾਰ ਚਾਰ ਦੀਆਂ ਚਾਰ ਸੀਟਾਂ ’ਤੇ ਸਾਰੀਆਂ ਸਿਆਸੀ ਪਾਰਟੀਆਂ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ।
ਗਿੱਦੜਬਾਹਾ ਬਣੀ ਹੋਈ ਹੈ ਸਭ ਤੋਂ ਹੌਟ ਸੀਟ
ਚਾਰ ਹਲਕਿਆਂ ’ਚੋਂ ਸਭ ਤੋਂ ਜ਼ਿਆਦਾ ਨਜ਼ਰਾਂ ਗਿੱਦੜਬਾਹਾ ’ਤੇ ਲੱਗੀਆਂ ਹੋਈਆਂ ਹਨ। ਇੱਥੇ ਕਈ ਸਿਆਸੀ ਦਿੱਗਜਾਂ ਦੀ ਸਾਖ਼ ਦਾਅ ’ਤੇ ਲੱਗੀ ਹੈ। ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੇ ਉਮੀਦਵਾਰ ਹਨ, ਜਿਨ੍ਹਾਂ ਰਾਹੀਂ ਭਾਜਪਾ ਪੰਜਾਬ ’ਚ ਪੈਰ ਜਮਾਉਣ ਦੀ ਕੋਸ਼ਿਸ਼ ’ਚ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਮੈਦਾਨ ’ਚ ਹਨ। ਇਸ ਤੋਂ ਇਲਾਵਾ ਪਹਿਲਾਂ ਅਕਾਲੀ ਦਲ ’ਚ ਰਹੇ ਹਰਦੀਪ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ, ਵੱਡੇ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
ਬਰਨਾਲਾ ਸੀਟ ’ਤੇ ਮੀਤ ਹੇਅਰ ਦਾ ਲੱਗਾ ਪੂਰਾ ਜ਼ੋਰ
ਬਰਨਾਲਾ ਸੀਟ 'ਤੇ 'ਆਪ' ਨੇ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਹੈ। ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਤੇ ਕਾਂਗਰਸ ਵੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਉਮੀਦਵਾਰ ਹਨ। ਇਸ ਸੀਟ ’ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ, ਜਿਨ੍ਹਾਂ ਦੇ ਐੱਮ. ਪੀ. ਬਣਨ ਨਾਲ ਇਹ ਸੀਟ ਖ਼ਾਲੀ ਹੋਈ ਹੈ। ਦੂਜੇ ਪਾਸੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਨੇ ਆਪਣੀ ਸਾਖ਼ ਬਚਾਉਣ ਦਾ ਪੂਰਾ ਮੌਕਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਥੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੂੰ ਸਮਰਥਨ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਹੋਣ ਲੱਗੀਆਂ ਚੋਣਾਂ, ਜਾਰੀ ਹੋ ਗਿਆ ਨੋਟੀਫਿਕੇਸ਼ਨ
ਚੱਬੇਵਾਲ ਤੋਂ ਐੱਮ.ਪੀ. ਦੇ ਪੁੱਤ ਦਾ ਬਸਪਾ ਤੇ ਅਕਾਲੀ ਦਲ ’ਚੋਂ ਆਏ ਲੀਡਰਾਂ ਨਾਲ ਫਸਵਾਂ ਮੁਕਾਬਲਾ
ਚੱਬੇਵਾਲ ਸੀਟ ਤੋਂ 'ਆਪ' ਨੇ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦੇ ਪੁੱਤਰ ਇਸ਼ਾਂਕ ਕੁਮਾਰ ਨੂੰ ਟਿਕਟ ਦਿੱਤੀ ਸੀ। ਇਸ ਸੀਟ 'ਤੇ ਪਾਰਟੀ ਦੇ ਨਾਲ-ਨਾਲ ਰਾਜਕੁਮਾਰ ਚੱਬੇਵਾਲ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ’ਚ ਮੰਤਰੀ ਰਹਿ ਚੁੱਕੇ ਸੋਹਣ ਸਿੰਘ ਠੰਡਲ ਭਾਜਪਾ ਵੱਲੋਂ ਚੋਣ ਮੈਦਾਨ ’ਚ ਹਨ। ਕਾਂਗਰਸ ਨੇ ਬਸਪਾ ’ਚੋਂ ਆਏ ਐਡਵੋਕੇਟ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਕੁਮਾਰ ’ਤੇ ਦਾਅ ਖੇਡਿਆ ਹੈ, ਜੋ ਵੋਟਾਂ ਦਾ ਗਣਿਤ ਵਿਗਾੜ ਸਕਦੇ ਹਨ।
ਡੇਰਾ ਬਾਬਾ ਨਾਨਕ ’ਚ ਦੋ ਰੰਧਾਵਿਆਂ ਦਾ ਕਾਹਲੋਂ ਨਾਲ ਹੋਵੇਗਾ ਮੁਕਾਬਲਾ
ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਹਨ, ਜੋ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਦੀ ਪਤਨੀ ਹੈ। ਸੁਖਜਿੰਦਰ ਰੰਧਾਵਾ ਵੀ ਮੁੱਖ ਮੰਤਰੀ ਬਣਨ ਲਈ ਦਾਅਵਾ ਕਰ ਚੁੱਕੇ ਹਨ। ਜੇ ਉਨ੍ਹਾਂ ਦੀ ਪਤਨੀ ਜਿੱਤਦੀ ਹੈ ਤਾਂ ਕਾਂਗਰਸ ’ਚ ਉਨ੍ਹਾਂ ਦੀ ਸੀ. ਐੱਮ. ਵਜੋਂ ਦਾਅਵੇਦਾਰੀ ਹੋਰ ਮਜ਼ਬੂਤ ਹੋਵੇਗੀ। ਗੁਰਦੀਪ ਸਿੰਘ ਰੰਧਾਵਾ ਇੱਥੋਂ ‘ਆਪ’ ਦੇ ਉਮੀਦਵਾਰ ਹਨ। ਜੇ ਇਹ ਸੀਟ ‘ਆਪ’ ਜਿੱਤਦੀ ਹੈ ਤਾਂ ਰੰਧਾਵਾ ਪਰਿਵਾਰ ਦਾ ਗ੍ਰਾਫ ਹੇਠਾਂ ਡਿੱਗੇਗਾ। ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ਮੈਦਾਨ ’ਚ ਉਤਾਰਿਆ ਹੈ, ਜੋ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਹਨ। ਭਾਜਪਾ ਨੂੰ ਉਮੀਦ ਹੈ ਕਿ ਅਕਾਲੀ ਦਲ ਦੀਆਂ ਵੋਟਾਂ ਵੀ ਕਾਹਲੋਂ ਹਾਸਲ ਕਰ ਲੈਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


Babita

Content Editor

Related News