ਪੰਜਾਬ ਉਪ-ਚੋਣਾਂ : 4 ਸੀਟਾਂ 'ਤੇ ਵੋਟਿੰਗ ਅੱਜ ; ਦਾਅ ’ਤੇ AAP, ਕਾਂਗਰਸ ਅਤੇ ਭਾਜਪਾ ਦਾ ਵੱਕਾਰ

Wednesday, Nov 20, 2024 - 03:00 AM (IST)

ਚੰਡੀਗੜ੍ਹ (ਰਮਨਜੀਤ)- ਪੰਜਾਬ ’ਚ ਸੱਤਾਧਾਰੀ 'ਆਮ ਆਦਮੀ ਪਾਰਟੀ' (ਆਪ) ਉਪ-ਚੋਣਾਂ ’ਚ ਜਿੱਤ ਦਰਜ ਕਰਨ ਲਈ ਪੂਰੀ ਵਾਹ ਲਾ ਰਹੀ ਹੈ। ਉੱਥੇ ਹੀ ਕਾਂਗਰਸ ਅਤੇ ਭਾਜਪਾ ਵੀ 4 ਵਿਧਾਨ ਸਭਾ ਹਲਕਿਆਂ ਲਈ ਬੁੱਧਵਾਰ ਨੂੰ ਹੋਣ ਵਾਲੀਆਂ ਉਪ-ਚੋਣਾਂ ’ਚ ਜਿੱਤ ਦੀ ਖਾਤਰ ਪੂਰੀ ਤਾਕਤ ਲਾ ਕੇ ਆਪਣਾ ਵੱਕਾਰ ਬਚਾਉਣ ਦੀ ਜੱਦੋ-ਜਹਿਦ ਕਰ ਰਹੀਆਂ ਹਨ। 

4 ਵਿਧਾਨ ਸਭਾ ਹਲਕਿਆਂ- ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ (ਰਾਖਵਾਂ) ਅਤੇ ਬਰਨਾਲਾ ’ਚ ਵੋਟਾਂ 20 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਗਿਣਤੀ 23 ਨਵੰਬਰ ਨੂੰ ਹੋਵੇਗੀ। ਇਨ੍ਹਾਂ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕਾਂ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਉਪ-ਚੋਣਾਂ ਜ਼ਰੂਰੀ ਹੋ ਗਈਆਂ ਸਨ। 4 ਵਿਧਾਨ ਸਭਾ ਹਲਕਿਆਂ ’ਚੋਂ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਤੇ ਪਹਿਲਾਂ ਕਾਂਗਰਸ ਦਾ ਕਬਜ਼ਾ ਸੀ ਅਤੇ ਬਰਨਾਲਾ ਸੀਟ ਤੋਂ ‘ਆਪ’ ਵਿਧਾਇਕ ਨੁਮਾਇੰਦਗੀ ਕਰ ਰਹੇ ਸਨ। ਚੋਣ ਕਮਿਸ਼ਨ ਨੇ ਉਪ-ਚੋਣਾਂ ਸਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦਿੰਦਿਆਂ ਮੰਗਲਵਾਰ ਨੂੰ ਸਾਰੇ 831 ਪੋਲਿੰਗ ਕੇਂਦਰਾਂ ਲਈ ਚੋਣ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਵਾਨਾ ਕਰ ਦਿੱਤਾ।

PunjabKesari

ਇਨ੍ਹਾਂ ਸੀਟਾਂ ’ਤੇ ਪਾਰਟੀਆਂ ਨੇ ਲਾਈ ਤਾਕਤ
ਗਿੱਦੜਬਾਹਾ : ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੂੰ 2 ਵਾਰ ਦੇ ਵਿੱਤ ਮੰਤਰੀ ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਅਤੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਅਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਸਖ਼ਤ ਟੱਕਰ ਮਿਲ ਰਹੀ ਹੈ। ਉੱਥੇ ਹੀ, ਜਿਸ ਅਕਾਲੀ ਦਲ ਦੀ ਇਸ ਸੀਟ ’ਤੇ ਮਜ਼ਬੂਤ ਪਕੜ ਰਹੀ, ਉਹ ਇਸ ਵਾਰ ਚੋਣ ਨਹੀਂ ਲੜ ਰਿਹਾ।

PunjabKesari

ਚੱਬੇਵਾਲ : ਹੁਸ਼ਿਆਰਪੁਰ ਦੀ ਚੱਬੇਵਾਲ ਸੀਟ ’ਤੇ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਮੰਨਿਆ ਜਾ ਰਿਹਾ ਹੈ। ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ ਦਲਬਦਲੂ ਹਨ। ਇਥੋਂ ‘ਆਪ’ ਨੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਬੇਟੇ ਇਸ਼ਾਂਕ ਨੂੰ ਟਿਕਟ ਦਿੱਤੀ ਹੈ। ਉੱਥੇ ਹੀ ਕਾਂਗਰਸ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਬਸਪਾ ਛੱਡ ਕੇ ਆਏ ਰਣਜੀਤ ਕੁਮਾਰ ਅਤੇ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਆਏ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੂੰ ਮੈਦਾਨ ’ਚ ਉਤਾਰਿਆ ਹੈ।

ਬਰਨਾਲਾ : ਇਹ ਸੀਟ ਪਿਛਲੇ 10 ਸਾਲਾਂ ਤੋਂ ‘ਆਪ’ ਦੇ ਕਬਜ਼ੇ ’ਚ ਰਹੀ ਹੈ। ਦੋਵਾਂ ਵਾਰ ਇਥੋਂ ਗੁਰਮੀਤ ਮੀਤ ਹੇਅਰ ਜਿੱਤੇ ਸਨ, ਜੋ ਹੁਣ ਸੰਸਦ ਮੈਂਬਰ ਬਣ ਚੁੱਕੇ ਹਨ। ‘ਆਪ’ ਨੇ ਹੁਣ ਹੇਅਰ ਦੇ ਕਰੀਬੀ ਦੋਸਤ ਹਰਿੰਦਰ ਧਾਲੀਵਾਲ ਨੂੰ ਟਿਕਟ ਦਿੱਤੀ ਹੈ। ਭਾਜਪਾ ਨੇ ਇਥੋਂ 2 ਵਾਰ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਹੈ, ਜੋ ਪਹਿਲਾਂ ਕਾਂਗਰਸ ’ਚ ਸਨ। ਕਾਂਗਰਸ ਨੇ ਇਥੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਦੋਹਤਾ ਗੋਬਿੰਦ ਸਿੰਘ ਸੰਧੂ ਨੂੰ ਟਿਕਟ ਦਿੱਤੀ ਹੈ।

PunjabKesari

ਡੇਰਾ ਬਾਬਾ ਨਾਨਕ : ਇਸ ਸੀਟ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਹੈ। ਪਿਛਲੀਆਂ 3 ਚੋਣਾਂ ਤੋਂ ਕਾਂਗਰਸ ਦੀ ਟਿਕਟ ’ਤੇ ਸੁਖਜਿੰਦਰ ਸਿੰਘ ਰੰਧਾਵਾ ਇਥੋਂ ਚੋਣ ਜਿੱਤਦੇ ਰਹੇ ਹਨ। ਇਸ ਵਾਰ ਉਨ੍ਹਾਂ ਦੀ ਪਤਨੀ ਜਤਿੰਦਰ ਕੌਰ ਕਿਸਮਤ ਅਜ਼ਮਾ ਰਹੇ ਹਨ। ਭਾਜਪਾ ਵੱਲੋਂ ਇਥੇ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਦੇ ਬੇਟੇ ਰਵੀਕਰਨ ਕਾਹਲੋਂ ਅਤੇ ‘ਆਪ’ ਵੱਲੋਂ ਗੁਰਦੀਪ ਰੰਧਾਵਾ ਚੋਣ ਲੜ ਰਹੇ ਹਨ। ਇਸ ਤਰ੍ਹਾਂ ਭਾਜਪਾ ਅਤੇ ‘ਆਪ’ ਦੋਵਾਂ ਲਈ ਹੀ ਇਸ ਸੀਟ ’ਤੇ ਜਿੱਤ ਦਾ ਝੰਡਾ ਲਹਿਰਾਉਣ ਦੀ ਵੱਡੀ ਚੁਣੌਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News