ਬਜਟ ਇਜਲਾਸ : ਮਜੀਠੀਆ ਨੇ ਦਲਿਤ ਵਿਦਿਆਰਥੀਆਂ ਸਮੇਤ ਦਿੱਤਾ ਧਰਨਾ, ਕਾਂਗਰਸ 'ਤੇ ਲਾਏ ਰਗੜੇ

Monday, Mar 02, 2020 - 04:20 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਦਲਿਤ ਵਿਦਿਆਰਥੀਆਂ ਸਮੇਤ ਸਦਨ ਦੇ ਬਾਹਰ ਕਾਂਗਰਸ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰਦੇ ਹੋਏ ਮਜੀਠੀਆ ਨੇ ਕਾਂਗਰਸ ਦੇ ਰਗੜੇ ਲਾਉਂਦਿਆਂ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਇਕ ਦਿਨ ਦਾ ਧੋਖਾ ਦੱਸਿਆ ਹੈ। ਮਜੀਠੀਆ ਨੇ ਕਿਹਾ ਬਜਟ 'ਚ ਐੱਸ. ਸੀ. ਵਿਦਿਆਰਥੀਆਂ ਦੀ ਸਕਾਲਰਸ਼ਿਪ ਲਈ ਕੋਈ ਗੱਲਬਾਤ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਪੰਜਾਬ 'ਚ 32 ਫੀਸਦੀ ਐੱਸ. ਸੀ. ਭਾਈਚਾਰਾ ਰਹਿੰਦਾ ਹੈ ਅਤੇ ਜੇਕਰ ਦਲਿਤ ਵਿਦਿਆਰਥੀਆਂ ਨੂੰ ਵਜੀਫੇ ਨਹੀਂ ਦਿੱਤਾ ਜਾਣਗੇ ਤਾਂ ਉਹ ਪੜਨਗੇ ਕਿਵੇਂ ਅਤੇ ਪੰਜਾਬ ਦਾ ਭਵਿੱਖ ਕਿਵੇਂ ਤੈਅ ਹੋਵੇਗਾ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਭਾਈਚਾਰੇ ਨੂੰ ਨਾਰਾਜ਼ ਕਰਕੇ ਕਾਂਗਰਸ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਹਾਲਾਤ ਪੈਦਾ ਕਰ ਦਿੱਤੇ ਹਨ, ਜੋ ਕਿ ਸਰਾਸਰ ਗਲਤ ਹਨ। ਮਜੀਠੀਆ ਨੇ ਕਿਹਾ ਕਿ ਇਹ ਸਕੀਮ ਵੀ ਕਾਂਗਰਸ ਦੀ ਮਨਮੋਹਨ ਸਰਕਾਰ ਨੇ ਸ਼ੁਰੂ ਕੀਤੀ ਸੀ ਅਤੇ ਕਿਹਾ ਸੀ ਕਿ 5 ਸਾਲਾਂ ਬਾਅਦ ਇਸ ਸਕੀਮ ਨੂੰ ਸੂਬੇ ਆਪੋ-ਆਪਣੇ ਪੱਧਰ 'ਤੇ ਚਲਾਉਣਗੇ ਤਾਂ ਫਿਰ ਆਪਣੀ ਹੀ ਸਕੀਮ ਤੋਂ ਕਾਂਗਰਸੀ ਕਿਉਂ ਪਿੱਛੇ ਭੱਜ ਰਹੇ ਹਨ।

ਇਸ ਮੌਕੇ ਮਜੀਠੀਆ ਨਾਲ ਧਰਨਾ ਦੇ ਰਹੇ ਦਲਿਤ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਆਪਣੀਆਂ ਫੀਸਾਂ ਭਰ ਸਕਣ ਅਤੇ ਇਸ ਕਾਰਨ ਉਨ੍ਹਾਂ ਨੂੰ ਕਾਲਜਾਂ 'ਚ ਦਾਖਲਾ ਨਹੀਂ ਮਿਲਦਾ, ਜਿਸ ਕਾਰਨ ਉਨ੍ਹਾਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਦਾ ਭਵਿੱਖ ਦਾਅ 'ਤੇ ਲਾ ਦਿੱਤਾ ਹੈ। ਦਲਿਤ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਇਸ ਸਕੀਮ ਨੂੰ ਚੰਗੀ ਤਰ੍ਹਾਂ ਲਾਗੂ ਕਰਨ 'ਚ ਅਸਫਲ ਸਾਬਿਤ ਹੋਈ ਹੈ।


Babita

Content Editor

Related News