ਰਾਜਪਾਲ ਨੇ ਇਸ ਤਰ੍ਹਾਂ ਸ਼ੁਰੂ ਕੀਤਾ 'ਬਜਟ ਸੈਸ਼ਨ', ਪੇਸ਼ ਕੀਤੀ ਇਹ ਰਿਪੋਰਟ

02/12/2019 1:18:31 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮੰਗਲਵਾਰ ਨੂੰ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਆਪਣੇ ਭਾਸ਼ਣ ਦੌਰਾਨ ਰਾਜਪਾਲ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਪਿਛਲੇ ਬਜਟ ਸੈਸ਼ਨ ਦੇ ਸਮੇਂ ਤੋਂ ਹੁਣ ਤੱਕ ਦੇ ਵਿਚਕਾਰਲੇ ਸਮੇਂ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਸੂਬੇ 'ਚ ਕਾਨੂੰਨ ਤੇ ਵਿਵਸਥਾ ਦੀ ਪੁਨਰ-ਸਥਾਪਤੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਹਨ ਅਤੇ ਗੰਭੀਰ ਵਿੱਤੀ ਸਮੱਸਿਆਵਾਂ ਦੇ ਬਾਵਜੂਦ ਸਰਕਾਰ ਆਪਣੀਆਂ ਵਚਨਬੱਧਤਾਵਾਂ ਦੀ ਪੂਰਤੀ ਦੇ ਸਾਰੇ ਸੰਭਵ ਯਤਨ ਕਰੇਗੀ। ਇਸ ਦੌਰਾਨ ਰਾਜਪਾਲ ਨੇ ਆਪਣੇ ਭਾਸ਼ਣ ਦੌਰਾਨ ਇਹ ਗੱਲਾਂ ਵੀ ਟੇਬਲ 'ਤੇ ਰੱਖੀਆਂ—

  • ਸਰਕਾਰ ਨੇ ਸੂਬੇ 'ਚ ਸਰਗਰਮ ਗੈਂਗਸਟਰਾਂ ਦੇ ਸਮੂਹਾਂ ਨੂੰ ਨੱਥ ਪਾਉਣ 'ਚ ਵੱਡੀ ਸਫਲਤਾ ਪ੍ਰਾਪਤ ਕੀਤੀ। 'ਏ' ਸ਼੍ਰੇਣੀ ਦੇ 10 ਗੈਂਗਟਰਾਂ ਸਮੇਤ 144 ਗੈਂਗਸਟਰਾਂ ਤੇ ਮੁਜ਼ਰਮਾਂ ਨੂੰ ਗ੍ਰਿਫਤਾਰ ਜਾਂ ਨਿਰੱਸਤ ਕੀਤਾ। 101 ਅੱਤਵਾਦੀਆਂ ਅਤੇ 22 ਵਿਦੇਸ਼ੀ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ 19 ਅੱਤਵਾਦੀ ਮਡਿਊਲਾਂ ਨੂੰ ਖਤਮ ਕੀਤਾ। 
  • 19 ਅਕਤੂਬਰ, 2018 ਨੂੰ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਪਈ ਮੁਸੀਬਤ ਦਾ  ਟਾਕਰਾ ਕਰਨ ਲਈ ਸਿਵਲ ਸੁਸਾਇਟੀਆਂ ਦੀ ਸਹਾਇਤਾ ਨਾਲ ਸਰਕਾਰ ਨੇ ਮਹੱਤਵਪੂਰਨ ਸਮਰੱਥਾ ਤੇ ਹੌਂਸਲੇ ਦਾ ਪ੍ਰਗਟਾਵਾ ਕੀਤਾ। 
  • ਪੰਜਾਬ ਪੁਲਸ 'ਚ ਇਕ ਹੋਰ ਵਿਸ਼ੇਸ਼ ਬਲ ਦੀ ਸਿਰਜਣਾ ਕੀਤੀ ਗਈ, ਮਤਲਬ ਕਿ ਐੱਸ. ਓ. ਜੀ. (ਸਪੈਸ਼ਲ ਆਪਰੇਸ਼ਨਜ਼ ਗਰੁੱਪ) ਫਿਦਾਇਨ ਹਮਲੇ, ਬੰਦੀ ਬਣਾਉਣ ਤੇ ਸ਼ਸਤਰਧਾਰੀ ਅੱਤਵਾਦੀਆਂ ਵਲੋਂ ਹਮਲਿਆਂ ਦੇ ਮੁਕਾਬਲੇ ਲਈ ਇਸ ਗਰੁੱਪ ਨੂੰ ਉਚ ਤਕਨੀਕੀ ਸਿਖਲਾਈ ਨਾਲ ਤਿਆਰ ਕੀਤਾ ਜਾ ਰਿਹਾ ਹੈ।
  • ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਆਪਣੇ ਵਾਅਦੇ ਨੂੰ ਪੁਰਜ਼ੋਰ ਢੰਗ ਨਾਲ ਨਿਭਾਉਣ ਲਈ ਸਰਕਾਰ ਨੇ ਸੂਬੇ ਦੇ ਦਰਿਆਈ ਪਾਣੀਆਂ ਦੇ ਬਚਾਓ ਲਈ ਹਰ ਸੰਭਵ ਪ੍ਰਬੰਧਕੀ ਤੇ ਕਾਨੂੰਨੀ ਚਾਰਾਜੋਈ ਕੀਤੀ।  
  • ਸਰਕਾਰ ਨੇ ਦੱਖਣ-ਪੱਛਮੀ ਜ਼ਿਲਿਆਂ 'ਚ ਸੇਮ ਦੀ ਸਮੱਸਿਆ ਦੇ ਨਿਪਟਾਰੇ ਲਈ ਸੰਗਠਿਤ ਪ੍ਰੋਗਰਾਮ ਨਾਂ ਦਾ ਇਕ ਪ੍ਰਾਜੈਕਟ ਸ਼ੁਰੂ ਕੀਤਾ। ਸੂਬੇ 'ਚ ਉਚਿਤ ਜਲ ਨਿਕਾਸ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਇਸ ਪ੍ਰਾਜੈਕਟ 'ਤੇ 960 ਕਰੋੜ ਰੁਪਏ ਦੀ ਲਾਗਤ ਆਵੇਗੀ। 
     

Babita

Content Editor

Related News