ਮਨਪ੍ਰੀਤ ਬਾਦਲ ਵੱਲੋਂ ਬਜਟ ਦੀ ਖੋਲ੍ਹੀ ਗਈ ਪਿਟਾਰੀ 'ਚ ਜਲੰਧਰ ਦੇ ਹੱਥ ਰਹੇ ਖਾਲੀ

Saturday, Feb 29, 2020 - 10:40 AM (IST)

ਮਨਪ੍ਰੀਤ ਬਾਦਲ ਵੱਲੋਂ ਬਜਟ ਦੀ ਖੋਲ੍ਹੀ ਗਈ ਪਿਟਾਰੀ 'ਚ ਜਲੰਧਰ ਦੇ ਹੱਥ ਰਹੇ ਖਾਲੀ

ਜਲੰਧਰ (ਚੋਪੜਾ)— ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬੀਤੇ ਦਿਨ ਪੇਸ਼ ਕੀਤੇ ਗਏ ਬਜਟ 'ਚ ਖੋਲ੍ਹੀ ਪਿਟਾਰੀ 'ਚ ਜਲੰਧਰ ਦੇ ਹੱਥ ਪੂਰੀ ਤਰ੍ਹਾਂ ਨਾਲ ਖਾਲੀ ਰਹੇ। ਉਂਝ ਤਾਂ ਜ਼ਿਲੇ ਨਾਲ ਸਬੰਧਤ 9 ਵਿਧਾਨ ਸਭਾ ਹਲਕਿਆਂ 'ਚੋਂ 6 ਹਲਕਿਆਂ 'ਚ ਕਾਂਗਰਸ ਦੇ ਵਿਧਾਇਕ ਹਨ ਪਰ ਫਿਰ ਵੀ ਜਨਤਾ ਨੂੰ ਇਕ ਵੀ ਵੱਡਾ ਪ੍ਰਾਜੈਕਟ ਬਜਟ 'ਚ ਨਹੀਂ ਮਿਲਿਆ। ਹਾਲਾਂਕਿ ਜਦੋਂ ਮਨਪ੍ਰੀਤ ਬਾਦਲ ਵਿਧਾਨ ਸਭਾ 'ਚ ਬਜਟ ਪੜ੍ਹ ਰਹੇ ਸਨ ਤਾਂ ਉਹ ਆਪਣੇ ਐਲਾਨ ਦੌਰਾਨ ਇਥੇ ਪਟਿਆਲਾ, ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ, ਫਰੀਕਦਕੋਟ ਅਤੇ ਹੋਰ ਜ਼ਿਲਿਆਂ ਨਾਲ ਸਬੰਧਤ ਵੱਡੇ ਐਲਾਨ ਕਰ ਰਹੇ ਸਨ, ਉਥੇ ਇਸ ਦੌਰਾਨ ਉਹ ਜਲੰਧਰ ਜ਼ਿਲੇ ਨਾਲ ਸਬੰਧਤ ਕੈਬਿਨਟ ਮੰਤਰੀਆਂ ਅਤੇ ਕੱਦਾਵਰ ਆਗੂਆਂ ਦੇ ਨਾਂ ਵੀ ਬੋਲ ਰਹੇ ਸਨ ਕਿ ਉਕਤ ਆਗੂਆਂ ਦੇ ਕਹਿਣ 'ਤੇ ਉਨ੍ਹਾਂ ਨੇ ਬਜਟ 'ਚ ਇਸ ਪ੍ਰਸਤਾਵ ਨੂੰ ਸ਼ਾਮਲ ਕੀਤਾ ਹੈ। ਇਸ ਦੌਰਾਨ ਕਾਂਗਰਸ ਆਗੂਆਂ ਨੇ ਕੈਪਟਨ ਸਰਕਾਰ ਦੇ ਆਮ ਬਜਟ ਦੀ ਸ਼ਲਾਘਾ ਕੀਤੀ ਹੈ। ਇਸ ਸਬੰਧੀ ਵੱਖ-ਵੱਖ ਕਾਂਗਰਸ ਆਗੂਆਂ ਦੇ ਬਜਟ 'ਤੇ ਪੇਸ਼ ਦੀ ਪ੍ਰਤੀਕਿਰਿਆ ਇਸ ਤਰ੍ਹਾਂ ਹੈ।

ਅਰਬਨ ਡਿਵੈਲਪਮੈਂਟ 'ਚ ਰੱਖੇ ਫੰਡਸ ਨਾਲ ਹੋਵੇਗਾ ਸ਼ਹਿਰਾਂ ਦਾ ਵਿਕਾਸ : ਵਿਧਾਇਕ ਰਾਜਿੰਦਰ ਬੇਰੀ
ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ 10 ਸਾਲਾਂ 'ਚ ਸੂਬੇ ਦਾ ਖਜ਼ਾਨਾ ਖਾਲੀ ਕਰ ਗਈ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸੱਤਾ ਸੰਭਾਲਣ ਤੋਂ ਬਾਅਦ ਤਿੰਨ ਸਾਲਾਂ ਦੀਆਂ ਕੋਸ਼ਿਸ਼ਾਂ ਨਾਲ ਸੂਬਾ ਆਪਣੇ ਪੈਰਾਂ 'ਤੇ ਮੁੜ ਖੜ੍ਹਾ ਹੋਇਆ ਹੈ। ਵਿੱਤ-ਮੰਤਰੀ ਮਨਪ੍ਰੀਤ ਬਾਦਲ ਦੇ ਬਜਟ 'ਚ ਅਰਬਨ ਡਿਵੈਲਪਮੈਂਟ ਲਈ 5026 ਕਰੋੜ ਰੁਪਏ ਦੀ ਵਿਵਸਥਾ ਰੱਖੀ ਜਾਣ ਨਾਲ ਸ਼ਹਿਰਾਂ ਦਾ ਵਿਕਾਸ ਹੋਵੇਗਾ। ਵਿਧਾਇਕ ਬੇਰੀ ਨੇ ਕਿਹਾ ਕਿ ਪੀਣ ਵਾਲਾ ਪਾਣੀ, ਸੀਵਰੇਜ, ਸਟਰੀਟ ਲਾਈਟਾਂ ਅਤੇ ਹੋਰ ਹੋਰ ਸਹੂਲਤਾਂ ਮਿਲਣ ਦੇ ਨਾਲ-ਨਾਲ ਸੜਕਾਂ ਅਤੇ ਨਵੇਂ ਇਨਫਰਾਸਟ੍ਰਕਚਰ ਨਾਲ ਲੋਕਾਂ ਦਾ ਜੀਵਨ ਪੱਧਰ ਸੁਧਰੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਬਿਜਲੀ ਬੋਰਡ ਮੁਨਾਫੇ 'ਚ ਆਇਆ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ 80 ਕਰੋੜ ਦਾ ਮੁਨਾਫਾ ਕਮਾਇਆ ਹੈ।

ਵਿੱਤ ਮੰਤਰੀ ਨੇ ਇਕ ਸੰਤੁਲਿਤ ਬਜਟ ਪੇਸ਼ ਕੀਤਾ, ਨਹੀਂ ਲਾਇਆ ਕੋਈ ਨਵਾਂ ਟੈਕਸ : ਵਿਧਾਇਕ ਜੂਨੀਅਰ ਹੈਨਰੀ
ਵਿਧਾਇਕ ਜੂਨੀਅਰ ਹੈਨਰੀ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਕ ਸੰਤੁਲਿਤ ਬਜਟ ਪੇਸ਼ ਕੀਤਾ ਹੈ। ਪੰਜਾਬ ਦੇ ਸਿਰ 248230 ਕਰੋੜ ਰੁਪਏ ਦਾ ਕਰਜ਼ ਹੋਣ ਦੇ ਬਾਵਜੂਦ ਜਨਤਾ 'ਤੇ ਕੋਈ ਨਵਾਂ ਟੈਕਸ ਨਹੀ ਲਾਇਆ ਗਿਆ ਹੈ ਅਤੇ ਨਾ ਹੀ ਟੈਕਸ 'ਚ ਕੋਈ ਵਾਧਾ ਕੀਤਾ ਹੈ। ਵਿਧਾਇਕ ਹੈਨਰੀ ਨੇ ਕਿਹਾ ਕਿ ਨਵੇਂ ਫੋਕਲ ਪੁਆਇੰਟ ਬਣਾਉਣ ਸਮੇਤ ਪਹਿਲਾਂ ਦੇ ਫੋਕਲ ਪੁਆਇੰਟਾਂ ਦੀ ਹਾਲਤ ਸੁਧਾਰਣ ਦੀ ਬਜਟ 'ਚ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਪੰਜਾਬ ਸਿਹਤ ਕੇਂਦਰ ਨੇ 2022 ਤੱਕ ਸਾਰੇ 2950 ਉਪ ਕੇਂਦਰਾਂ ਨੂੰ ਅੱਪਗ੍ਰੇਡ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸੂਬੇ 'ਚ ਸੜਕਾਂ ਦੀ ਕੁਨੈਕਟੀਵਿਟੀ 'ਤੇ 2676 ਕਰੋੜ ਅਤੇ ਪੀਣ ਦੇ ਪਾਣੀ ਲਈ 229 ਕਰੋੜ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ 'ਚ ਨਵੇਂ ਮੈਡੀਕਲ ਕਾਲਜ ਖੁੱਲ੍ਹਣ ਨਾਲ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਵੀ ਮਿਲਣਗੀਆਂ।

ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ ਅਤੇ ਰੋਜ਼ਗਾਰ ਦੇ ਸਾਧਨ : ਵਿਧਾਇਕ ਸੁਸ਼ੀਲ ਰਿੰਕੂ
ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਸਰਕਾਰੀ ਨੌਕਰੀਆਂ 'ਚ ਰਿਟਾਇਰਮੈਂਟ ਦੀ ਉਮਰ 60 ਸਾਲ ਤੋਂ ਘੱਟ ਕਰ ਕੇ 58 ਸਾਲ ਕਰਨਾ ਇਕ ਚੰਗਾ ਫੈਸਲਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ 'ਚ ਨੌਜਵਾਨਾਂ ਲਈ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਣਗੇ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਵੀ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਬਜਟ 'ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ 'ਚ ਸਰਕਾਰੀ ਨੌਕਰੀਆਂ 'ਚ ਭਰਤੀਆਂ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। ਉਥੇ ਹੀ ਸਰਕਾਰ ਵੱਲੋਂ ਸਾਲ 2020-21 'ਚ 800 ਤੋਂ ਜ਼ਿਆਦਾ ਪਲੇਸਮੈਂਟ ਕੈਂਪ ਲਾਏ ਜਾਣਗੇ, ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਬੇਰੋਜ਼ਗਾਰ ਨੌਜਵਾਨਾਂ ਦੀ ਕਾਊਂਸਲਿੰਗ 'ਚ ਸਹਾਇਤਾ ਕੀਤੀ ਜਾਵੇਗੀ ਅਤੇ ਕਰਮਚਾਰੀਆਂ ਨੂੰ 1 ਮਾਰਚ ਤੋਂ 6 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਮਿਲਣੀ ਵੀ ਸ਼ੁਰੂ ਹੋਵੇਗੀ।

ਪੰਜਾਬ ਨੂੰ ਉਦਯੋਗਿਕ ਤੌਰ 'ਤੇ ਪ੍ਰਫੁੱਲਿਤ ਕਰਨ ਲਈ ਬਜਟ 'ਚ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ : ਜੈਕਿਸ਼ਨ ਸੈਣੀ
ਪੰਜਾਬ ਦੇ ਸਾਬਕਾ ਮੰਤਰੀ ਅਤੇ ਨਿਗਮ ਦੇ ਸਾਬਕਾ ਮੇਅਰ ਜੈਕਿਸ਼ਨ ਸੈਣੀ ਨੇ ਕਿਹਾ ਕਿ ਪੰਜਾਬ ਨੂੰ ਉਦਯੋਗਿਕ ਤੌਰ 'ਤੇ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਨੇ ਬਜਟ 'ਚ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਹੈ। ਬਜਟ 'ਚ 3 ਮੈਗਾ ਉਦਯੋਗਿਕ ਪਾਰਕ ਵਿਕਸਿਤ ਕਰਨ ਦਾ ਐਲਾਨ ਕੀਤਾ ਹੈ। ਜੈਕਿਸ਼ਨ ਸੈਣੀ ਨੇ ਕਿਹਾ ਕਿ ਕੱਪੜਾ ਉਦਯੋਗ ਲਈ ਲੁਧਿਆਣਾ, ਗ੍ਰੀਨ ਇੰਡਸਟਰੀ ਲਈ ਬਠਿੰਡਾ, ਦਵਾਈ ਉਦਯੋਗ ਲਈ ਫਤਿਹਗੜ੍ਹ ਸਾਹਿਬ 'ਚ ਉਦਯੋਗਿਕ ਪਾਰਕ ਬਣਾਏ ਜਾਣਗੇ। ਇਨ੍ਹਾਂ ਉਦਯੋਗਿਕ ਪਾਰਕਾਂ ਦਾ ਸਮੁੱਚੇ ਪੰਜਾਬ ਦੀ ਸਬੰਧਤ ਇੰਡਸਟਰੀ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਉਦਯੋਗਾਂ ਨੂੰ ਸਬਸਿਡੀ ਵਾਲੀ ਬਿਜਲੀ ਦੇਣ ਲਈ 2267 ਕਰੋੜ ਰੁਪਏ ਖਰਚ ਹੋਣਗੇ ਜਿਸ ਨਾਲ ਉਦਯੋਗ ਜਗਤ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 'ਚ ਉਦਯੋਗ ਜਗਤ 'ਚ ਬਿਜਲੀ ਦੀ ਖਪਤ 16.92 ਫੀਸਦੀ ਵਧਣਾ ਇਸ ਗੱਲ ਦਾ ਸੰਕੇਤ ਹੈ।

ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਹੋਵੇਗੀ ਸਖਤ : ਰਾਣਾ ਰੰਧਾਵਾ
ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਬਿਨਾਂ ਘਾਟੇ ਦਾ ਬਜਟ ਪੇਸ਼ ਕਰ ਕੇ ਕੈਪਟਨ ਸਰਕਾਰ ਦੀ ਰਾਜਨੀਤਕ ਦਸ਼ਾ ਨੂੰ ਸਾਬਤ ਕੀਤਾ ਹੈ। ਰਾਣਾ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਡਰੱਗ ਮਾਫੀਆ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵਲੋਂ ਜੇਲਾਂ 'ਚ ਹੋ ਰਹੀ ਘਟਨਾਵਾਂ ਖਿਲਾਫ ਵੀ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ 5 ਜੇਲਾਂ 'ਚ ਨਸ਼ਾ ਮੁਕਤ ਕੇਂਦਰ ਖੋਲ੍ਹੇ ਜਾਣਗੇ ਤਾਂ ਕਿ ਜੇਲਾਂ 'ਚ ਰਹਿਣ ਵਾਲੇ ਕੈਦੀ ਵੀ ਨਸ਼ਿਆਂ ਤੋਂ ਮੁਕਤੀ ਹਾਸਲ ਕਰ ਸਕਣ।

ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਖੋਲ੍ਹਿਆ ਪਿਟਾਰਾ : ਸੁਖਵਿੰਦਰ ਸਿੰਘ ਲਾਲੀ
ਜ਼ਿਲਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਜਟ 'ਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪਿਟਾਰਾ ਖੋਲ੍ਹਿਆ ਹੈ। ਸੁੱਖਾ ਲਾਲੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਾਅਦਿਆਂ ਮੁਤਾਬਕ ਕਿਸਾਨਾਂ ਨੂੰ ਮੁਫਤ ਬਿਜਲੀ ਦੇਣਾ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਨਵੇਂ ਵਿੱਤੀ ਸਾਲ 'ਚ ਇਸ ਸਹੂਲਤ ਲਈ 8275 ਕਰੋੜ ਰੁਪਏ ਦੀ ਰਾਸ਼ੀ ਰੱਖੀ ਹੈ। ਇਸ ਤੋਂ ਇਲਾਵਾ ਕੈਪ. ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਕਿਸਾਨਾਂ, ਦਲਿਤਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕੀਤੇ ਹਨ। ਪਿਛਲੇ ਤਿੰਨ ਸਾਲਾਂ 'ਚ ਕਿਸਾਨਾਂ ਦੇ 2000 ਕਰੋੜ ਰੁਪਏ ਤੱਕ ਦੇ ਕਰਜ਼ੇ ਮੁਆਫ ਹੋਏ ਹਨ। ਜਦਕਿ ਹੁਣ ਦੇ ਬਜਟ 'ਚ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੋਂ ਇਲਾਵਾ ਖੇਤ ਮਜ਼ਦੂਰਾਂ ਲਈ ਵੀ 520 ਕਰੋੜ ਰੁਪਏ ਦੀ ਵਿਵਸਥਾ ਵੀ ਰੱਖੀ ਗਈ ਹੈ।

ਸ਼ਗਨ ਸਕੀਮ ਅਤੇ ਆਸ਼ੀਰਵਾਦ ਸਕੀਮਾਂ ਦਾ ਲੋੜਵੰਦਾਂ ਨੂੰ ਮਿਲੇਗਾ ਲਾਭ : ਬਲਦੇਵ ਸਿੰਘ ਦੇਵ
ਜ਼ਿਲਾ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਦੇਵ ਨੇ ਕਿਹਾ ਕਿ ਸਰਕਾਰ ਨੇ ਇਸ ਬਜਟ 'ਚ ਵੀ ਸ਼ਗਨ ਸਕੀਮ ਦੀ ਸਹਾਇਤਾ ਲਈ 165 ਕਰੋੜ ਅਤੇ ਆਸ਼ੀਰਵਾਦ ਸਕੀਮ ਲਈ 65 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਬਲਦੇਵ ਸਿੰਘ ਦੇਵ ਨੇ ਦੱਸਿਆ ਕਿ ਕਾਂਗਰਸ ਨੇ ਚੋਣਾਂ 'ਚ ਪੈਨਸ਼ਨ ਸਕੀਮ 'ਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ। ਸਰਕਾਰ ਨੇ ਸੱਤਾ 'ਚ ਆਉਂਦੇ ਹੀ ਅਕਾਲੀ ਭਾਜਪਾ ਗਠਜੋੜ ਸਰਕਾਰ ਵਲੋਂ 10 ਸਾਲਾਂ ਤੋਂ ਦਿੱਤੀ ਜਾ ਰਹੀ 250 ਰੁਪਏ ਦੀ ਪੈਨਸ਼ਨ ਰਾਸ਼ੀ ਨੂੰ ਵਧਾ ਕੇ 750 ਰੁਪਏ ਕਰ ਦਿੱਤਾ ਹੈ। ਸ਼ਗਨ ਸਕੀਮ ਨੂੰ ਵੀ ਵਧਾਇਆ ਗਿਆ। ਸਰਕਾਰ ਵਿੱਤੀ ਹਾਲਾਤ ਸੁਧਰਣ ਤੋਂ ਬਾਅਦ ਹੁਣ ਬੁਢਾਪਾ, ਵਿਧਵਾ, ਅਪਾਹਿਜ ਪੈਨਸ਼ਨ ਰਾਸ਼ੀ 'ਚ ਵੀ ਵਾਧਾ ਕਰੇਗੀ।

ਸਰਕਾਰ ਨੇ ਬਜਟ 'ਚ ਸਿੱਖਿਆ ਸੁਧਾਰਾਂ 'ਤੇ ਕੀਤਾ ਫੋਕਸ : ਅਸ਼ਵਨ ਭੱਲਾ
ਯੂਥ ਕਾਂਗਰਸ ਦੇ ਸੀਨੀ. ਆਗੂ ਅਸ਼ਵਨ ਭੱਲਾ ਨੇ ਕਿਹਾ ਕਿ ਬਜਟ 'ਚ ਸਰਕਾਰ ਨੇ ਸਿੱਖਿਆ ਸੁਧਾਰਾਂ 'ਤੇ ਵਿਸ਼ੇਸ਼ ਤੌਰ 'ਤੇ ਫੋਕਸ ਕੀਤਾ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ 12ਵੀਂ ਤੱਕ ਦੀ ਸਿੱਖਿਆ ਮੁਫਤ ਦੇਣਾ ਇਕ ਚੰਗਾ ਫੈਸਲਾ ਹੈ। ਇਹ ਸਹੂਲਤ ਅਜੇ ਤੱਕ 8ਵੀਂ ਕਲਾਸ ਤੱਕ ਹੀ ਸੀ। ਭੱਲਾ ਨੇ ਕਿਹਾ ਕਿ ਅਜੇ ਤੱਕ ਵਿਦਿਆਰਥਣਾਂ ਨੂੰ 12ਵੀਂ ਤੱਕ ਮੁਫਤ ਸਿੱਖਿਆ ਦਿੱਤੀ ਜਾਂਦੀ ਸੀ ਪਰ ਹੁਣ ਹਰੇਕ ਵਿਦਿਆਰਥੀ 12ਵੀਂ ਤੱਕ ਵੀ ਇਸ ਸਹੂਲਤ ਨੂੰ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁਢਲੇ ਸਕੂਲਾਂ 'ਚ ਬੱਚਿਆਂ ਨੂੰ ਲਿਆਉਣ ਅਤੇ ਲਿਜਾਣ ਲਈ ਪੰਜਾਬ ਸਰਕਾਰ ਮੁਫਤ ਟਰਾਂਸਪੋਰਟ ਦੀ ਵਿਵਸਥਾ ਕਰੇਗੀ। ਇਸ ਲਈ ਬਜਟ 'ਚ 10 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਸੂਬੇ ਦੇ ਸਕੂਲਾਂ ਦੇ ਰੱਖ-ਰਖਾਅ ਲਈ 75 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਵਿੱਤੀ ਸਾਲ 'ਚ ਸਰਕਾਰ ਨੇ ਸਿੱਖਿਆ ਬਜਟ ਨੂੰ ਪਿਛਲੇ ਬਜਟ ਤੋਂ 23 ਫੀਸਦੀ ਵਧਾਇਆ ਹੈ ਜੋ ਕਿ ਨੌਜਵਾਨਾਂ ਦੇ ਵਿਕਾਸ ਲਈ ਮਹੱਤਵਪੂਰਣ ਯੋਗਦਾਨ ਸਾਬਤ ਹੋਵੇਗਾ।


author

shivani attri

Content Editor

Related News