ਜਾਖੜ ਨੂੰ ਅਹਿਮੀਅਤ ਮਿਲਣ ਤੋਂ ਨਾਰਾਜ਼ ਪੰਜਾਬ ਭਾਜਪਾ ਦੇ ਆਗੂ, ਚੁੱਕੇ ਜਾ ਰਹੇ ਸਵਾਲ

05/26/2022 12:40:53 PM

ਜਲੰਧਰ( ਵਿਸ਼ੇਸ਼) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੇ ਕਈ ਆਗੂ ਅੰਦਰਖਾਤੇ ਨਾਰਾਜ਼ ਚੱਲ ਰਹੇ ਹਨ। ਸੁਨੀਲ ਜਾਖੜ ਪਾਰਟੀ ਵਿਚ ਸ਼ਾਮਲ ਹੋਣ ਸਮੇਂ ਇਕੱਲੇ ਹੀ ਆਏ ਹਨ ਅਤੇ ਉਨ੍ਹਾਂ ਨਾਲ ਕਿਸੇ ਵੱਡੇ ਕਾਂਗਰਸੀ ਆਗੂ ਨੇ ਤਾਂ ਕੀ ,ਕਿਸੇ ਕਾਂਗਰਸੀ ਵਰਕਰ ਨੇ ਵੀ ਭਾਜਪਾ ਜੁਆਇਨ ਨਹੀਂ ਕੀਤੀ। ਇਥੋਂ ਤਕ ਕਿ ਜਾਖੜ ਦੇ ਆਪਣੇ ਵਿਧਾਨ ਸਭਾ ਹਲਕਾ ਅਬੋਹਰ ਤੋਂ ਵੀ ਕਿਸੇ ਕਾਂਗਰਸੀ ਆਗੂ ਅਤੇ ਵਰਕਰ ਨੇ ਭਾਜਪਾ ਜੁਆਇਨ ਨਹੀਂ ਕੀਤੀ। ਇਹ ਹਲਕਾ ਜਾਖੜ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਜਾਖੜ ਖੁਦ ਇਥੋਂ ਵਿਧਾਇਕ ਰਹਿਣ ਦੇ ਨਾਲ-ਨਾਲ ਆਪਣੇ ਭਤੀਜੇ ਸੰਦੀਪ ਕੁਮਾਰ ਜਾਖੜ ਨੂੰ ਵੀ ਟਿਕਟ ਦਿਵਾ ਕੇ ਜਿੱਤਵਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਹ ਇਸ ਇਲਾਕੇ ਤੋਂ ਆਪਣੇ ਭਤੀਜੇ ਸੰਦੀਪ ਜਾਖੜ ਅਤੇ ਕਿਸੇ ਕਾਂਗਰਸੀ ਵਰਕਰ ਨੂੰ ਭਾਜਪਾ ਵਿਚ ਨਾਲ ਨਹੀਂ ਲੈ ਕੇ ਆ ਸਕੇ। ਇਸ ਨੂੰ ਲੈ ਕੇ ਵੀ ਭਾਜਪਾ ਅੰਦਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। 

ਇਹ ਵੀ ਪੜ੍ਹੋ- ਸੁਖਜਿੰਦਰ ਰੰਧਾਵਾ ਦੀ CM ਮਾਨ ਤੋਂ ਕੀਤੀ ਮੰਗ ਨੇ ਸਿਆਸੀ ਗਲਿਆਰਿਆਂ ’ਚ ਮਚਾਈ ਤੜਥੱਲੀ

ਭਾਜਪਾ ਵਿਚ ਜਾਖੜ ਦੀ ਚੋਣ ਰਣਨੀਤੀ ਦੀ ਸਫ਼ਲਤਾ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਖੁਦ 2014 ਦੇ ਲੋਕ ਸਭਾ ਚੋਣਾਂ ਦੇ ਨਾਲ-ਨਾਲ 2017 ਦੀਆਂ ਅਬੋਹਰ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਹਨ ਅਤੇ 2019 ਵਿਚ ਵੀ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਗੈਰ ਸਿਆਸੀ ਉਮੀਦਵਾਰ ਸੰਨੀ ਦਿਓਲ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਇਕ ਵਾਰ ਉਪ ਚੋਣਾਂ ਵਿਚ ਹੀ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ ਅਤੇ ਜਾਖੜ ਦੀ ਇਸ ਜਿੱਤ ਪਿੱਛੇ ਕਾਂਗਰਸ ਦੀ ਮਾਝਾ ਬ੍ਰਿਗੇਡ ਦੀ ਵੱਡੀ ਭੂਮਿਕਾ ਰਹੀ ਸੀ। ਮਾਝਾ ਬ੍ਰਿਗੇਡ ਦੇ ਦਮ ’ਤੇ ਹੀ ਜਾਖੜ ਇਹ ਚੋਣਾਂ ਜਿੱਤ ਸਕੇ ਸਨ।

ਇਹ ਵੀ ਪੜ੍ਹੋ- ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ CM ਮਾਨ ਦਾ ਮੰਤਰੀਆਂ ਲਈ ਨਵਾਂ ਫਰਮਾਨ ਜਾਰੀ

ਅਜਿਹੇ ਵਿਚ ਇਹ ਭਾਜਪਾ ਲਈ ਚੋਣ ਰਣਨੀਤੀ ਬਣਾਉਣ ਵਿਚ ਕਿੰਨੇ ਕਾਰਗਰ ਸਾਬਤ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਭਾਜਪਾ ਵਿਚ ਇਹ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਕਾਂਗਰਸ ਦਾ ਪ੍ਰਧਾਨ ਰਹਿੰਦੇ ਹੋਏ ਜਾਖੜ ਨੇ ਕਾਂਗਰਸੀ ਵਰਕਰਾਂ ਦੇ ਨਾਲ ਇਕ ਵੀ ਮੀਟਿੰਗ ਨਹੀਂ ਕੀਤੀ ਅਤੇ ਬਤੌਰ ਸੀ. ਐੱਲ. ਪੀ. ਅਤੇ ਬਤੌਰ ਪ੍ਰਧਾਨ ਪਾਰਟੀ ਦੇ ਅਨੁਸ਼ਾਸਨ ਨੂੰ ਵਾਰ-ਵਾਰ ਭੰਗ ਕਰਦੇ ਰਹੇ ਹਨ। ਅਜਿਹੇ ਵਿਚ ਭਾਜਪਾ ਵਰਗੀ ਅਨੁਸ਼ਾਸਿਤ ਪਾਰਟੀ ਵਿਚ ਜਾਖੜ ਦੇ ਲੰਬੇ ਸਮੇਂ ਤੱਕ ਟਿਕਣ ਨੂੰ ਲੈ ਕੇ ਵੀ ਸਵਾਲ ਚੁੱਕੇ ਜਾਣ ਲੱਗੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News