ਪੰਜਾਬ ਭਵਨ ''ਚ ਵਿਧਾਇਕਾਂ ਦੀ ਐਂਟਰੀ ਬੈਨ ਕਰਨ ਵਾਲੇ ਅਧਿਕਾਰੀ ਸਪੀਕਰ ਸਾਹਮਣੇ ਪੇਸ਼

Tuesday, Feb 18, 2020 - 06:48 PM (IST)

ਪੰਜਾਬ ਭਵਨ ''ਚ ਵਿਧਾਇਕਾਂ ਦੀ ਐਂਟਰੀ ਬੈਨ ਕਰਨ ਵਾਲੇ ਅਧਿਕਾਰੀ ਸਪੀਕਰ ਸਾਹਮਣੇ ਪੇਸ਼

ਚੰਡੀਗੜ੍ਹ : ਪੰਜਾਬ ਭਵਨ ਦਿੱਲੀ ਦੇ 'ਬੀ' ਬਲਾਕ 'ਚ ਵਿਧਾਇਕਾਂ ਦੀ ਐਂਟਰੀ 'ਬੈਨ' ਕਰਨ ਦੇ ਮਾਮਲੇ ਵਿਚ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ। ਇਨ੍ਹਾਂ ਹੁਕਮਾਂ ਤੋਂ ਬਾਅਦ ਮੁਨੀਸ਼ ਕੁਮਾਰ ਪੀ. ਸੀ. ਐੱਸ. ਸਪੈਸ਼ਲ ਸੈਕਟਰੀ, ਰਜਨੀਸ਼ ਮੈਨੀ ਡੀਲਿੰਗ ਸਹਾਇਕ ਅਤੇ ਜਨਰਲ ਪ੍ਰਸ਼ਾਸਨ ਦੇ ਵਿਭਾਗ ਨਾਲ ਸੰਬੰਧਤ ਸੁਪਰਡੈਂਟ ਅੱਜ ਸਪੀਕਰ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਸਪੀਕਰ ਨੇ ਉਕਤ ਅਧਿਕਾਰੀਆਂ ਨੂੰ ਵਿਧਾਇਕਾਂ ਪ੍ਰਤੀ ਵਰਤੇ ਰਵੱਈਏ ਲਈ ਸਪੱਸ਼ਟੀਕਰਨ ਦੇਣ ਲਈ ਕਿਹਾ ਅਤੇ ਉਨ੍ਹਾਂ ਨੂੰ ਲਿਖਤੀ ਰੁਪ ਵਿਚ ਇਹ ਦੱਸਣ ਲਈ ਕਿਹਾ ਗਿਆ ਕਿ ਉਨ੍ਹਾਂ ਨੇ ਕਿਸ ਅਧਿਕਾਰ ਨਾਲ ਵਿਧਾਇਕਾਂ ਪ੍ਰਤੀ ਅਜਿਹੀ ਰਵੱਈਆ ਅਪਣਾਇਆ ਗਿਆ। ਸਪੀਕਰ ਨੇ ਹਿਦਾਇਤ ਕੀਤੀ ਕਿ ਲੋਕਾਂ ਵਲੋਂ ਚੁਣੇ ਗਏ ਨੁਮਾਇੰਦਿਆਂ ਦੇ ਮਾਣ ਸਤਿਕਾਰ ਦਾ ਖਿਆਲ ਰੱਖਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਵਿੱਖ ਵਿਚ ਅਜਿਹੀ ਗਲਤੀ ਹੁੰਦੀ ਹੈ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਸਪੀਕਰ ਵਲੋਂ ਉਕਤ ਅਧਿਕਾਰੀਆਂ ਨੂੰ ਇਕ ਹਫਤੇ ਬਾਅਦ ਫਿਰ ਉਨ੍ਹਾਂ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। 

ਕੀ ਸੀ ਮਾਮਲਾ 
ਦਰਅਸਲ ਪੰਜਾਬ ਭਵਨ ਦਿੱਲੀ ਦੇ 'ਬੀ' ਬਲਾਕ 'ਚ ਵਿਧਾਇਕਾਂ ਦੀ ਐਂਟਰੀ 'ਬੈਨ' ਕਰ ਦਿੱਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਕੋਲ ਲਿਖਤੀ ਸ਼ਿਕਾਇਤ ਦਿੱਤੀ ਸੀ। ਮਾਮਲਾ ਅਸਲ ਵਿਚ ਇਹ ਸੀ ਕਿ ਪੰਜਾਬ ਭਵਨ ਵਿਚ ਪਹਿਲਾਂ ਵਿਧਾਇਕਾਂ ਨੂੰ ਪਹੁੰਚਣ 'ਤੇ ਕਮਰਾ ਮਿਲ ਜਾਂਦਾ ਸੀ। ਹੁਣ ਨਵਾਂ ਨਿਯਮ ਇਹ ਬਣਾ ਦਿੱਤਾ ਗਿਆ ਕਿ ਵਿਧਾਇਕਾਂ ਨੂੰ ਪਹਿਲਾਂ ਬੁਕਿੰਗ ਕਰਵਾਉਣੀ ਪਵੇਗੀ ਤਾਂ ਹੀ ਕਮਰਾ ਮਿਲ ਸਕੇਗਾ। ਦੂਜਾ ਨਿਯਮ ਇਹ ਹੈ ਕਿ ਇਹ ਕਮਰਾ 'ਬੀ-ਬਲਾਕ' ਵਿਚ ਨਹੀਂ ਮਿਲ ਸਕੇਗਾ। ਕਾਂਗਰਸ ਦੇ ਦੋਵੇਂ ਵਿਧਾਇਕਾਂ ਨੇ ਸਕੱਤਰ ਜਨਰਲ ਐਡਮਨਿਸਟਰੇਸ਼ਨ ਦੇ ਖਿਲਾਫ ਸਪੀਕਰ ਕੋਲ ਸ਼ਿਕਾਇਤ ਕੀਤੀ ਸੀ।


author

Gurminder Singh

Content Editor

Related News