ਗੈਂਗਵਾਰ ਦਾ ਗੜ੍ਹ ਬਣਿਆ ਪੰਜਾਬ, ਅੱਗੇ ਵੱਧਣ ਦੀ ਹੋੜ ਵਿਚ ਕਤਲੇਆਮ ਕਰ ਰਹੇ ਗੈਂਗਸਟਰ

Tuesday, May 31, 2022 - 06:36 PM (IST)

ਗੈਂਗਵਾਰ ਦਾ ਗੜ੍ਹ ਬਣਿਆ ਪੰਜਾਬ, ਅੱਗੇ ਵੱਧਣ ਦੀ ਹੋੜ ਵਿਚ ਕਤਲੇਆਮ ਕਰ ਰਹੇ ਗੈਂਗਸਟਰ

ਚੰਡੀਗੜ੍ਹ: ਪੰਜਾਬ 'ਚ ਗੈਂਗਵਾਰ ਕੋਈ ਨਵੀਂ ਗੱਲ ਨਹੀਂ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਖੂਨੀ ਖੇਡ ਬਣ ਗਿਆ ਹੈ। ਜਦੋਂ ਵੀ ਇਕ ਕਤਲ ਹੁੰਦਾ ਹੈ, ਉਸ ਤੋਂ ਬਾਅਦ ਬਦਲਾਖੋਰੀ ਲਈ ਦੂਜਾ ਕਤਲ ਕਰ ਦਿੱਤਾ ਜਾਂਦਾ ਹੈ, ਜਿਸ ਦੀਆਂ ਜ਼ਿੰਮੇਵਾਰ ਵੱਖ-ਵੱਖ ਗੈਂਗਾਂ ਲੈਂਦੀਆਂ ਹਨ। ਸਭ ਤੋਂ ਪਹਿਲਾਂ ਗੈਂਗ ਦੀ ਮੌਜੂਦਗੀ ਦਾ ਅਹਿਸਾਸ ਉਸ ਵੇਲੇ ਹੋਇਆ ਸੀ ਜਦੋਂ ਹਥਿਆਰਬੰਦ ਗੈਂਗਸਟਰਾਂ ਨੇ ਨਾਭਾ ਜੇਲ੍ਹ ’ਤੇ ਹਮਲਾ ਕਰ ਦਿੱਤਾ ਸੀ ਅਤੇ 6 ਕੈਦੀਆਂ ਨੂੰ ਛੁਡਾਉਣ ਵਿਚ ਕਾਮਯਾਬੀ ਹਾਸਲ ਕੀਤੀ ਸੀ। ਉਨ੍ਹਾਂ ਵਿਚੋਂ 2 ਅੱਤਵਾਦੀ ਸਨ ਅਤੇ ਬਾਕੀ 4 ਗੈਂਗਸਟਰ ਸਨ। ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁੱਖ ਗੈਂਗਸਟਰ ਵਿੱਕੀ ਗੌਂਡਰ ਆਪਣੇ ਸਾਥੀ ਸਮੇਤ ਬਾਅਦ ਵਿਚ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਸੀ ਜਦਕਿ ਜੇਲ੍ਹ ਹਮਲੇ ਦੀ ਅਗਵਾਈ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਦਮੇ ’ਚ 17 ਸਾਲਾ ਮੁੰਡੇ ਨੇ ਪੀਤਾ ਜ਼ਹਿਰ

ਪਿਛਲੇ 4 ਸਾਲਾਂ ਤੋਂ ਇਹ ਗੈਂਗਸਟਰ ਫਿਰ ਸੁਰਖੀਆਂ ’ਚ ਰਹਿਣ ਲੱਗੇ ਹਨ ਜਿਨ੍ਹਾਂ ਵਿਚੋਂ ਕਈ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਮੱਧ ਪ੍ਰਦੇਸ਼ 'ਚ ਆਪਣਾ ਡੇਰਾ ਲਾਈ ਬੈਠੇ ਹਨ। ਹੈਰਾਨੀਜਨਕ ਹੈ ਕਿ ਇਨ੍ਹਾਂ ਸਭ ਦਾ ਨੈਕਸਸ ਵੱਖ-ਵੱਖ ਸੂਬਿਆਂ 'ਚ ਫੈਲਿਆ ਹੋਇਆ ਹੈ ਜੋ ਗੈਂਗਸਟਰਾਂ ਨੂੰ ਲੁਕਣ ਅਤੇ ਸੁਰੱਖਿਅਤ ਰੱਖਣ ਵਿਚ ਮਦਦ ਕਰਦਾ ਹੈ। ਬੀਤੇ ਦਿਨੀਂ ਹੋਏ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਹੀ ਘੰਟਿਆਂ ਬਾਅਦ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਸੀ। ਇਸ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਦਾ ਨਾਮ ਵੀ ਸਾਹਮਣੇ ਆ ਰਿਹਾ ਸੀ ਪਰ ਉਸ ਦੇ ਵਕੀਲ ਨੇ ਉਸ ਦੀ ਸ਼ਮੂਲੀਅਤ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। 
ਗੱਲਬਾਤ ਕਰਦਿਆਂ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਹੁਣ ਇੱਕ ਹੋਰ ਗੈਂਗਵਾਰ ਦਾ ਡਰ ਹੈ, ਕਿਉਂਕਿ ਗੈਂਗਾਂ ਦੀ ਲੜੀ ਆਪਸ ਵਿੱਚ ਜੁੜੀ ਹੋਈ ਹੈ ਅਤੇ ਗੁੰਝਲਦਾਰ ਹੈ ਅਤੇ ਇਸਨੂੰ ਸਮਝਣਾ ਮਹੱਤਵਪੂਰਨ ਹੈ। ਹਰ ਗਰੋਹ ਦੂਜੇ ਉੱਤੇ ਆਪਣੀ ਸਰਦਾਰੀ ਸਾਬਤ ਕਰਨਾ ਚਾਹੁੰਦਾ ਹੈ ਅਤੇ ਆਪਣੇ ਇਲਾਕਿਆਂ ਵਿਚ ਆਪਣਾ ਦਬਦਬਾ ਵਧਾਉਣਾ ਚਾਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਿੰਸਾ ਦੀਆਂ ਕਈ ਘਟਨਾਵਾਂ ਦਰਸਾਉਂਦੀਆਂ ਹਨ ਕਿ ਕਤਲ ਦਾ ਬਦਲਾ ਕਤਲ ਨਾਲ ਲਿਆ ਜਾ ਰਿਹਾ ਹੈ ਇਸ ਲਈ ਸਭ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਕਤੂਬਰ 2020 ਵਿਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਦੇ ਸਾਬਕਾ ਸੂਬਾ ਪ੍ਰਧਾਨ, 26 ਸਾਲਾ ਗੁਰਲਾਲ ਬਰਾੜ ਨੂੰ ਚੰਡੀਗੜ੍ਹ ਵਿੱਚ ਸਿਟੀ ਐਂਪੋਰੀਅਮ ਮਾਲ ਦੇ ਬਾਹਰ 3 ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਦਿੱਤੀ ਸੀ। ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸੀ। 

ਇਹ ਵੀ ਪੜ੍ਹੋ- ਮਾਨਸਾ ਤੋਂ ਤੈਅ ਹੋਵੇਗਾ ਪੰਜਾਬ ਦੀ ਸਿਆਸਤ ਦਾ ਭਵਿੱਖ

ਬਾਅਦ ਵਿਚ ਮੋਗਾ ਪੁਲਸ ਵੱਲੋਂ 2021 ਵਿਚ ਗ੍ਰਿਫ਼ਤਾਰ ਕੀਤੇ ਗਏ ਕਥਿਤ ਸ਼ੂਟਰ ਬੇਅੰਤ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਆਪਣੇ ਸਾਥੀਆਂ ਨੀਰਜ ਅਤੇ ਮਨਦੀਪ ਮੈਂਡੀ ਵਾਸੀ ਫਰੀਦਕੋਟ ਨਾਲ ਮਿਲ ਕੇ ਲਵੀ ਦਿਓੜਾ ਦੇ ਕਤਲ ਦਾ ਬਦਲਾ ਲੈਣ ਲਈ ਕਥਿਤ ਤੌਰ 'ਤੇ ਗੁਰਲਾਲ ਬਰਾੜ ਦਾ ਕਤਲ ਕੀਤਾ ਸੀ। ਬੰਬੀਹਾ ਗਰੁੱਪ ਦਾ ਇਕ ਸਾਥੀ, ਜਿਸਨੂੰ 2017 ਵਿੱਚ ਕੋਟਕਪੂਰਾ ਵਿੱਚ ਇੱਕ ਮੇਲੇ ਦੌਰਾਨ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੇ ਮਾਰ ਦਿੱਤਾ ਸੀ ਉਸ ਦੇ ਬਦਲੇ ਵਜੋਂ 22 ਅਕਤੂਬਰ 2020 ਨੂੰ ਰਣਜੀਤ ਸਿੰਘ ਉਰਫ਼ ਰਾਣਾ ਸਿੱਧੂ ਨੂੰ ਮੁਕਤਸਰ-ਮਲੋਟ ਹਾਈਵੇਅ 'ਤੇ ਪਿੰਡ ਔਲਖ ਵਿਖੇ 4 ਹਥਿਆਰਬੰਦ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਮੁਕਤਸਰ ਦੇ ਸਾਬਕਾ ਐੱਸ.ਐੱਸ.ਪੀ. ਡੀ ਸੁਦਾਰਵਿਜ਼ੀ ਨੇ ਦਸੰਬਰ 2020 ਵਿੱਚ ਦਾਅਵਾ ਕੀਤਾ ਸੀ ਕਿ ਮੁਲਜ਼ਮ ਪਵਨ ਨਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ। “ਮਾਸਟਰਮਾਈਂਡ ਗੋਲਡੀ ਬਰਾੜ, ਜੋ ਇਸ ਸਮੇਂ ਕੈਨੇਡਾ ਵਿਚ ਹੈ ਅਤੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਗੋਲਡੀ ਆਪਣੇ ਚਚੇਰੇ ਭਰਾ ਗੁਰਲਾਲ ਬਰਾੜ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ, ਜਿਸ ਨੂੰ ਚੰਡੀਗੜ੍ਹ ਵਿਚ ਗੋਲੀ ਮਾਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਬੈੱਕ ਫੁੱਟ 'ਤੇ , ਕੈਬਨਿਟ ਮੀਟਿੰਗ ਕੀਤੀ ਮੁਲਤਵੀ

ਫਰਵਰੀ 2021 ਵਿਚ ਫਰੀਦਕੋਟ ਦੇ ਗੁਰਲਾਲ ਪਹਿਲਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਬਾਅਦ ਵਿਚ ਉਸ ਸਮੇਂ ਦੇ ਪੰਜਾਬ ਦੇ ਡੀ.ਜੀ.ਪੀ. ਨੇ ਦਾਅਵਾ ਕੀਤਾ ਸੀ ਕਿ ਇਹ ਕਤਲ ਗੋਲਡੀ ਬਰਾੜ ਨੇ ਗੈਂਗਸਟਰ ਬਿਸ਼ਨੋਈ ਦੀ ਮਦਦ ਨਾਲ ਆਪਣੇ ਚਚੇਰੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਸੀ। ਪਿਛਲੇ ਸਾਲ ਅਗਸਤ ਵਿਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੀ ਮੋਹਾਲੀ ਵਿਚ ਦਿਨ ਦਿਹਾੜੇ 2 ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿਚ ਬੰਬੀਹਾ ਅਤੇ ਹਰਿਆਣਾ ਆਧਾਰਿਤ ਗੈਂਗ ਦੇ ਮੈਂਬਰਾਂ ਦੇ ਨਾਲ ਸਿੱਧੂ ਮੂਸੇਵਾਲਾ ਦੇ ਮੈਨੇਜਰ ਦਾ ਨਾਮ ਵੀ ਸਾਹਮਣੇ ਆਇਆ ਸੀ।
ਇਕ ਆਈ.ਪੀ.ਐੱਸ ਅਧਿਕਾਰੀ ਨੇ ਕਿਹਾ ਕਿ ਬੀਤੇ ਦਿਨੀਂ ਹੋਈ ਘਟਨਾ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਗੈਂਗ ਦੀ ਦੁਸ਼ਮਣੀ ਇਕ ਵੱਖਰੇ ਪੱਧਰ ’ਤੇ ਪਹੁੰਚ ਗਈ ਹੈ ਅਤੇ ਕੁਝ ਪੰਜਾਬੀ ਗਾਇਕਾਂ ਨੂੰ ਇਸ ਕਾਰਨ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਸਖ਼ਤੀ ਨਾਲ ਕਾਰਵਾਈ ਕਰਨ ਅਤੇ ਇਨਸਾਫ਼ ਨੂੰ ਯਕੀਨੀ ਬਣਾਉਣ ਅਤੇ ਇਨ੍ਹਾਂ ਮਾਮਲਿਆਂ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰਨ ਦੀ ਲੋੜ ਹੈ ਪਰ ਜ਼ਿਆਦਾਤਰ ਮਾਮਲਿਆਂ ਵਿਚ ਉਹ ਵਿਦੇਸ਼ ਵਿੱਚ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News