ਪੰਜਾਬ ਵਿਧਾਨ ਸਭਾ ਚੋਣਾਂ : ਇਸ ਵਾਰ ਇਨ੍ਹਾਂ ਉਮੀਦਵਾਰ ਬੀਬੀਆਂ ਨੇ ਕੀਤੀ ਜਿੱਤ ਹਾਸਲ
Friday, Mar 11, 2022 - 12:00 AM (IST)
ਚੰਡੀਗੜ੍ਹ (ਬਿਊਰੋ)- 20 ਫਰਵਰੀ ਨੂੰ ਪਈਆਂ ਵੋਟਾਂ, ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ 'ਚੋਂ 'ਆਪ' ਨੇ 92 ਸੀਟਾਂ ਹਾਸਲ ਕੀਤੀਆਂ ਹਨ। ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ, ਅਕਾਲੀ ਤੇ ਭਾਜਪਾ ਦੇ ਕਈ ਵੱਡੇ ਦਿੱਗਜ ਨੇਤਾ ਚੋਣ ਹਾਰ ਗਏ ਹਨ।
ਇਹ ਖ਼ਬਰ ਪੜ੍ਹੋ- ਆਪ ਦੀ ਜਿੱਤ ਨਾਲ ਵਿਦੇਸ਼ੀ ਸਿੱਖ ਹੋਏ ਬਾਗੋ-ਬਾਗ, ਭਗਵੰਤ ਮਾਨ ਦੀ ਸਮੁੱਚੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਪੰਜਾਬ ਵਿਧਾਨ ਸਭਾ ਚੋਣਾਂ ਵਿਚ 12 ਬੀਬੀਆਂ ਉਮੀਦਵਾਰ ਵਿਧਾਨ ਸਭਾ 'ਚ ਪੁੱਜਣ ਵਿਚ ਕਾਮਯਾਬ ਹੋਈਆਂ ਹਨ। ਇਨ੍ਹਾਂ ’ਚ ਤਿੰਨ ਵਿਧਾਇਕਾਂ ਨੂੰ ਮੁੜ ਸਦਨ 'ਚ ਪੁੱਜਣ ਦਾ ਮੌਕਾ ਮਿਲਿਆ ਹੈ, ਜਦਕਿ 7 ਬੀਬੀਆਂ ਪਹਿਲੀ ਵਾਰ ਵਿਧਾਇਕ ਬਣੀਆਂ ਹਨ। ਸਭ ਤੋਂ ਵੱਧ ‘ਆਪ’ ਦੀਆਂ 10 ਉਮੀਦਵਾਰਾਂ ਦੇ ਹਿੱਸੇ ਜਿੱਤ ਆਈ ਹੈ, ਜਦਕਿ ਅਕਾਲੀ ਦਲ ਤੇ ਕਾਂਗਰਸ ਦੀ ਇਕ-ਇਕ ਉਮੀਦਵਾਰ ਨੇ ਚੋਣ ਜਿੱਤ ਕੇ ਪਾਰਟੀ ਦੀ ਲਾਜ਼ ਰੱਖੀ ਹੈ।
ਇਹ ਖ਼ਬਰ ਪੜ੍ਹੋ- ਬਾਘਾ ਪੁਰਾਣਾ ਹਲਕੇ 'ਚ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਜਿੱਤ 'ਤੇ ਨੌਜਵਾਨਾਂ ਤੇ ਵਰਕਰਾਂ ਨੇ ਕੀਤਾ ਜ਼ੋਰਦਾਰ ਸੁਆਗਤ
ਕਾਂਗਰਸ ਦੀ ਦੀਨਾ ਨਗਰ ਤੋਂ ਉਮੀਦਵਾਰ ਅਰੁਣਾ ਚੌਧਰੀ ਮੁੜ ਵਿਧਾਨ ਸਭਾ ’ਚ ਪੁੱਜਣ ਵਿਚ ਕਾਮਯਾਬ ਹੋਈ ਹੈ। ਅਕਾਲੀ ਦਲ ਦੀ ਮਜੀਠਾ ਤੋਂ ਉਮੀਦਵਾਰ ਗਨੀਵ ਕੌਰ ਮਹਿਲਾ ਵਿਧਾਇਕ ਚੁਣੀ ਗਈ ਹੈ। ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਸਰਬਜੀਤ ਕੌਰ ਮਾਣੂੰਕੇ ਅਤੇ ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ ਦੂਜੀ ਵਾਰ ਵਿਧਾਨ ਸਭਾ ਦੇ ਲਈ ਉਮੀਦਵਾਰ ਚੁਣੀ ਗਈ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ, ਮੋਗਾ ਤੋਂ ਅਮਨਦੀਪ ਕੌਰ ਅਰੋੜਾ, ਰਾਜਪੁਰਾ ਤੋਂ ਪਾਰਟੀ ਦੀ ਖਜ਼ਾਨਚੀ ਨੀਨਾ ਮਿੱਤਲ, ਸੰਗਰੂਰ ਤੋਂ ਨਰਿੰਦਰ ਭਾਰਜ, ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਰਜਿੰਦਰ ਪਾਲ ਕੌਰ ਲੁਧਿਆਣਾ ਦੱਖਣੀ ਤੋਂ, ਮਲੋਟ ਤੋਂ ਡਾ. ਬਲਜੀਤ ਕੌਰ ਅਤੇ ਖਰੜ ਤੋਂ ਅਨਮੋਲ ਗਗਨ ਮਾਨ ਨੇ ਚੋਣ ਜਿੱਤ ਲਈ ਹੈ। ਵਿਧਾਨ ਸਭਾ ਚੋਣਾਂ ’ਚ ਕੁੱਲ 1304 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਸਨ। ਜਿਨ੍ਹਾਂ ’ਚ 93 ਔਰਤਾਂ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।