ਹਾਈਕੋਰਟ ਦਾ ਅਹਿਮ ਫ਼ੈਸਲਾ : ਵਿਧਵਾ ਜੇਕਰ ਪਤੀ ਦੇ ਭਰਾ ਨਾਲ ਵਿਆਹ ਕਰੇ ਤਾਂ ਵੀ ਮਿਲੇਗੀ 'ਫੈਮਿਲੀ ਪੈਨਸ਼ਨ'

Thursday, Jan 19, 2023 - 02:28 PM (IST)

ਹਾਈਕੋਰਟ ਦਾ ਅਹਿਮ ਫ਼ੈਸਲਾ : ਵਿਧਵਾ ਜੇਕਰ ਪਤੀ ਦੇ ਭਰਾ ਨਾਲ ਵਿਆਹ ਕਰੇ ਤਾਂ ਵੀ ਮਿਲੇਗੀ 'ਫੈਮਿਲੀ ਪੈਨਸ਼ਨ'

ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਸਪੱਸ਼ਟ ਕਰ ਦਿੱਤਾ ਹੈ ਕਿ ਇਕ ਵਿਧਵਾ ਜੇਕਰ ਪਤੀ ਦੇ ਭਰਾ ਨਾਲ ਵੀ ਵਿਆਹ ਕਰਦੀ ਹੈ ਤਾਂ ਵੀ ਉਹ ਫੈਮਿਲੀ ਪੈਨਸ਼ਨ ਦੀ ਹੱਕਦਾਰ ਹੋਵੇਗੀ। ਇਹ ਫ਼ੈਸਲਾ ਅਦਾਲਤ ਵੱਲੋਂ ਫਤਿਹਗੜ੍ਹ ਸਾਹਿਬ ਦੇ ਇਕ ਫ਼ੌਜ ਦੇ ਜਵਾਨ ਦੀ ਵਿਧਵਾ ਸੁਖਜੀਤ ਕੌਰ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਣਾਇਆ ਗਿਆ ਹੈ। ਸੁਖਜੀਤ ਕੌਰ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਉਸ ਦਾ ਪਹਿਲਾ ਪਤੀ ਮੋਹਿੰਦਰ ਸਿੰਘ ਸਾਲ 1964 'ਚ ਭਾਰਤੀ ਹਵਾਈ ਫ਼ੌਜ 'ਚ ਭਰਤੀ ਹੋਇਆ ਸੀ। ਸਾਲ 1971 'ਚ ਮੈਡੀਕਲ ਆਧਾਰ 'ਤੇ ਮੋਹਿੰਦਰ ਸਿੰਘ ਨੂੰ ਸੇਵਾਮੁਕਤ ਕਰਕੇ ਅੰਗਹੀਣ ਪੈਨਸ਼ਨ ਦਿੱਤੀ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਜੀਤੀ ਸਿੱਧੂ' ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

ਕੁੱਝ ਸਮੇਂ ਬਾਅਦ ਮੋਹਿੰਦਰ ਸਿੰਘ ਇਕ ਸਧਾਰਨ ਮੁਲਾਜ਼ਮ ਵੱਜੋਂ ਦੁਬਾਰਾ ਫ਼ੌਜ 'ਚ ਸ਼ਾਮਲ ਹੋ ਗਿਆ। ਸਾਲ 1974 'ਚ ਸੁਖਜੀਤ ਦੇ ਪਤੀ ਮੋਹਿੰਦਰ ਦੀ ਮੌਤ ਹੋ ਗਈ ਅਤੇ 1975 'ਚ ਉਸ ਨੇ ਇਕ ਧੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਉਸ ਨੂੰ ਫੈਮਿਲੀ ਪੈਨਸ਼ਨ ਦਿੱਤੀ ਗਈ। ਬਾਅਦ 'ਚ ਉਸ ਨੇ ਪਤੀ ਦੇ ਭਰਾ ਨਾਲ ਦੂਜਾ ਵਿਆਹ ਕਰ ਲਿਆ ਤਾਂ ਉਸ ਦੀ ਪੈਨਸ਼ਨ ਰੋਕ ਦਿੱਤੀ ਗਈ। ਇਸ ਤੋਂ ਬਾਅਦ ਸੁਖਜੀਤ ਨੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬੀਊਨਲ (ਕੈਟ) ਚੰਡੀਗੜ੍ਹ 'ਚ ਪਟੀਸ਼ਨ ਦਾਇਰ ਕਰਕੇ ਪੈਨਸ਼ਨ ਬਹਾਲੀ ਦੀ ਮੰਗ ਕੀਤੀ। ਕੈਟ ਨੇ ਵੀ ਸਾਲ 2016 ਨੂੰ ਉਸ ਦੀ ਪੈਨਸ਼ਨ ਬਹਾਲੀ ਦੀ ਪਟੀਸ਼ਨ ਖਾਰਜ ਕਰ ਦਿੱਤੀ।

ਇਹ ਵੀ ਪੜ੍ਹੋ : ਕੱਵਾਲੀਆਂ ਦੇ ਪ੍ਰੋਗਰਾਮ 'ਚ ਪਿਆ ਚੀਕ-ਚਿਹਾੜਾ, ਜਵਾਨ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਇਸ ਮਗਰੋਂ ਸੁਖਜੀਤ ਕੌਰ ਨੇ ਕੈਟ ਦੇ ਇਨ੍ਹਾਂ ਹੁਕਮਾਂ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ। ਹਾਈਕੋਰਟ ਨੇ ਬੁੱਧਵਾਰ ਨੂੰ ਪੈਨਸ਼ਨ ਬਹਾਲੀ ਦੇ ਹੁਕਮ ਜਾਰੀ ਕਰਦੇ ਹੋਏ ਆਪਣੇ ਫ਼ੈਸਲੇ 'ਚ ਕਹਿ ਦਿੱਤਾ ਕਿ ਸੇਵਾ ਦੌਰਾਨ ਅਤੇ ਸੇਵਾ ਤੋਂ ਬਾਅਦ ਮੌਤ ਹੋਣ ਤੋਂ ਬਾਅਦ ਦੋਹਾਂ ਹਾਲਾਤ 'ਚ ਵਿਧਵਾਵਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਂ ਇੱਕੋ ਜਿਹੀਆਂ ਹਨ। ਅਦਾਲਤ ਨੇ ਕਿਹਾ ਕਿ ਕਿਸੇ ਅਜਿਹੇ ਵਿਅਕਤੀ ਦੀ ਵਿਧਵਾ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ, ਜਿਸ ਦੇ ਪਤੀ ਦੀ ਮੌਤ ਫ਼ੌਜ ਦੀ ਸੇਵਾ 'ਚ ਡਿਊਟੀ ਦੌਰਾਨ ਹੋਈ ਹੋਵੇ ਜਾਂ ਫਿਰ ਸਿਹਤ ਵਿਗੜਨ ਕਾਰਨ ਹੋਈ ਹੋਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News