ਬਾਰਸ਼ ਤੋਂ ਪਹਿਲਾਂ ਬਰਸਾਤੀ ਨਾਲਿਆਂ ਤੇ ਗਟਰਾਂ ਦੀ ਸਫ਼ਾਈ-ਮੁਰੰਮਤ ਦਾ ਕੰਮ ਸ਼ੁਰੂ
Wednesday, Jun 26, 2024 - 01:39 PM (IST)
ਚੰਡੀਗੜ੍ਹ (ਸੁਸ਼ੀਲ) : ਮਾਨਸੂਨ ਸੀਜ਼ਨ ’ਚ ਸ਼ਹਿਰ ’ਚ ਪਾਣੀ ਭਰਨ ਤੋਂ ਰੋਕਣ ਲਈ ਨਗਰ ਨਿਗਮ ਨੇ ਬਰਸਾਤੀ ਨਾਲਿਆਂ ਦੀ ਸਫ਼ਾਈ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਨਗਰ ਨਿਗਮ ਨੇ ਚੌਰਾਹਿਆਂ ਨੇੜੇ ਗਟਰਾਂ ਅਤੇ ਪਾਈਪਾਂ ’ਚ ਪਈ ਗੰਦਗੀ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਗਟਰ ਖੋਲ੍ਹ ਕੇ ਮਿੱਟੀ ਅਤੇ ਪੱਤੇ ਕੱਢੇ ਜਾ ਰਹੇ ਹਨ ਤਾਂ ਜੋ ਬਾਰਸ਼ ਪੈਣ ’ਤੇ ਚੌਰਾਹਿਆਂ ਅਤੇ ਲਾਈਟ ਪੁਆਇੰਟਾਂ ਨੇੜੇ ਸੜਕਾਂ ’ਤੇ ਪਾਣੀ ਨਾ ਖੜ੍ਹਾ ਹੋ ਸਕੇ। ਮਾਨਸੂਨ ਸੀਜ਼ਨ ’ਚ ਪਾਣੀ ਦੀ ਨਿਕਾਸੀ ਲਈ ਨਗਰ ਨਿਗਮ ਦੀਆਂ ਟੀਮਾਂ ਗਲੀਆਂ ਅਤੇ ਸੈਕਟਰਾਂ ਦੀ ਸਫ਼ਾਈ ਕਰਨ ’ਚ ਜੁੱਟੀਆਂ ਹੋਈਆਂ ਹਨ। ਪਿਛਲੇ ਸਾਲ ਮਾਨਸੂਨ ’ਚ ਕਿਸ਼ਨਗੜ੍ਹ, ਬਾਪੂਧਾਮ ਦੇ ਪਿੱਛੇ ਬਣਿਆ ਪੁਲ ਅਤੇ ਸੀ. ਟੀ. ਯੂ. ਵਰਕਸ਼ਾਪ ਨੇੜੇ ਬਣਿਆ ਪੁਲ ਟੁੱਟ ਗਿਆ ਸੀ। ਇਸ ਵਾਰ ਨਿਗਮ ਨੇ ਜੇ. ਸੀ. ਬੀ. ਨਾਲ ਇਨ੍ਹਾਂ ਦੀ ਸਫ਼ਾਈ ਕੀਤੀ ਹੈ। ਬਰਸਾਤੀ ਨਾਲੇ ਦੇ ਅੰਦਰ ਪਏ ਕੂੜੇ ਨੂੰ ਹਟਾ ਦਿੱਤਾ ਗਿਆ ਹੈ। ਕਿਸ਼ਨਗੜ੍ਹ ਅਤੇ ਸੀ. ਟੀ. ਯੂ. ਵਰਕਸ਼ਾਪ ਦੀ ਪੁਲ ਬਾਰਸ਼ ਦਾ ਜ਼ਿਆਦਾ ਪਾਣੀ ਆਉਣ ਕਾਰਨ ਟੁੱਟ ਗਿਆ ਸੀ। ਹੁਣ ਨਗਰ ਨਿਗਮ ਨੇ ਇਨ੍ਹਾਂ ਪੁਲਾਂ ਨੂੰ ਮਜ਼ਬੂਤ ਬਣਾ ਕੇ ਹੇਠਾਂ ਅਤੇ ਸਾਈਡ ’ਤੇ ਪੱਥਰ ਲਗਾ ਕੇ ਲੋਹੇ ਦੀਆਂ ਤਾਰਾਂ ਦਾ ਜਾਲ ਬਣਾਇਆ ਹੈ ਤਾਂ ਜੋ ਬਾਰਸ਼ ਦੇ ਮੌਸਮ ’ਚ ਕੋਈ ਨੁਕਸਾਨ ਨਾ ਹੋਵੇ ਅਤੇ ਪਾਣੀ ਦੀ ਨਿਕਾਸੀ ਹੋ ਸਕੇ। ਇਸ ਤੋਂ ਇਲਾਵਾ ਬਾਪੂਧਾਮ ਦੇ ਪਿੱਛੇ ਪੁਲ ਹੇਠੋਂ ਸਾਰੀ ਗੰਦਗੀ ਸਾਫ਼ ਕਰ ਦਿੱਤੀ ਗਈ ਹੈ। ਕਿਸ਼ਨਗੜ੍ਹ ਤੋਂ ਲੈ ਕੇ ਬਾਪੂਧਾਮ ਪੁਲ ਤੱਕ ਟੁੱਟੇ ਦਰੱਖ਼ਤਾਂ ਸਮੇਤ ਕੂੜਾ ਸਾਫ਼ ਕਰ ਦਿੱਤਾ ਗਿਆ ਹੈ। ਧਨਾਸ ਪਿੰਡ ਨੇੜਿਓਂ ਲੰਘਦੇ ਬਰਸਾਤੀ ਨਾਲੇ ਦੀ ਵੀ ਸਫ਼ਾਈ ਕਰਵਾਈ ਗਈ ਹੈ। ਮਾਨਸੂਨ 30 ਜੂਨ ਤੱਕ ਚੰਡੀਗੜ੍ਹ ਪਹੁੰਚ ਸਕਦਾ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਸਾਰੇ ਨਾਲਿਆਂ ਅਤੇ ਗਟਰਾਂ ਦੀ ਸਫ਼ਾਈ ਕਰਵਾਏਗਾ।
ਅੰਡਰ ਬ੍ਰਿਜ ਦੇ ਨੇੜੇ ਪੰਪਿੰਗ ਸਿਸਟਮ ਚਲਾਇਆ ਗਿਆ
ਬਾਰਸ਼ਾਂ ਦੇ ਦਿਨਾਂ ’ਚ ਸੀ. ਟੀ. ਯੂ. ਵਰਕਸ਼ਾਪ ਨੇੜੇ ਰੇਲਵੇ ਦੇ ਅੰਡਰ ਬ੍ਰਿਜ ’ਚ ਪਾਣੀ ਭਰ ਜਾਂਦਾ ਹੈ। ਨਗਰ ਨਿਗਮ ਨੇ ਪੰਪਿੰਗ ਸਿਸਟਮ ਚਾਲੂ ਕਰ ਦਿੱਤਾ ਹੈ। ਬਾਰਸ਼ਾਂ ਦੇ ਮੌਸਮ ਦੌਰਾਨ ਰੇਲਵੇ ਪੁਲ ਹੇਠਾਂ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਮਨੀਮਾਜਰਾ ਅਤੇ ਵਿਕਾਸ ਨਗਰ ਪੁਲ ਦੇ ਹੇਠਾਂ ਵੀ ਆਉਂਦੀ ਹੈ। ਇਸੇ ਨੂੰ ਲੈ ਕੇ ਨਗਰ ਨਿਗਮ ਨੇ ਸਾਰੇ ਰੇਲਵੇ ਦੇ ਅੰਡਰ ਬ੍ਰਿਜਾਂ ਦੇ ਨੇੜੇ ਲੱਗੇ ਪੰਪਿੰਗ ਸਿਸਟਮਾਂ ਦੀ ਜਾਂਚ ਕਰਕੇ ਇਨ੍ਹਾਂ ਨੂੰ ਚਾਲੂ ਕਰ ਦਿੱਤਾ ਹੈ।