ਬੇਅਦਬੀਆਂ ਦੇ ਮਾਮਲੇ ਕੇਵਲ ਪੰਜਾਬ ਤੇ ਹਰਿਆਣਾ ’ਚ ਹੀ ਕਿਉਂ ਵਾਪਰਦੇ ਹਨ : ਭਾਈ ਦਾਦੂਵਾਲ

Thursday, Oct 15, 2020 - 10:52 PM (IST)

ਬੇਅਦਬੀਆਂ ਦੇ ਮਾਮਲੇ ਕੇਵਲ ਪੰਜਾਬ ਤੇ ਹਰਿਆਣਾ ’ਚ ਹੀ ਕਿਉਂ ਵਾਪਰਦੇ ਹਨ : ਭਾਈ ਦਾਦੂਵਾਲ

ਫਤਿਹਗੜ੍ਹ ਸਾਹਿਬ,(ਜਗਦੇਵ)- ਫਤਿਹਗੜ੍ਹ ਸਾਹਿਬ ਇਥੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਵਾਲੇ ਪਿੰਡਾਂ ਤਰਖਾਣ ਮਾਜਰਾ ਤੇ ਜੱਲ੍ਹਾ ਦੇ ਗੁਰਦੁਆਰਾ ਸਾਹਿਬ ’ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਪਹੁੰਚੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ’ਤੇ ਕਿਸੇ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੋ ਪਿੰਡ ਤਰਖਾਣ ਮਾਜਰਾ ਵਿਖੇ ਬੇਅਦਬੀ ਕਰਨ ਵਾਲਾ ਅਸਲ ਦੋਸ਼ੀ ਫੜਿਆ ਗਿਆ ਹੈ, ਉਸ ਤੋਂ ਸੱਚਾਈ ਦਾ ਪਤਾ ਲਾਇਆ ਜਾਵੇ ਕਿ ਇਨ੍ਹਾਂ ਬੇਅਦਬੀਆਂ ਪਿੱਛੇ ਕਿਹੜੀਆਂ ਸਾਜ਼ਿਸ਼ਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਸਿਰਫਿਰੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਅੰਗ ਕਿਉਂ ਪੜ੍ਹੇ ਗਏ ਉਸ ਨੇ ਆਪਣੇ ਮਾਂ-ਬਾਪ ਦਾ ਸਿਰ ਕਿਉਂ ਨਹੀਂ ਪਾੜਿਆ। ਉਨ੍ਹਾਂ ਕਿਹਾ ਕਿ ਬੇਅਦਬੀਆਂ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਤੇ ਸਰਕਾਰਾਂ ਅਜਿਹੇ ਮਾਮਲਿਆਂ ’ਚ ਸਿਆਸੀ ਪੁਸ਼ਤ ਪਨਾਹੀ ਕਰ ਰਹੀਆਂ ਹਨ।

ਭਾਈ ਦਾਦੂਵਾਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਕੇਵਲ ਪੰਜਾਬ ਤੇ ਹਰਿਆਣਾ ’ਚ ਹੀ ਕਿਉਂ ਵਾਪਰਦੀਆਂ ਹਨ, ਜਦਕਿ ਹੋਰ ਸੂਬਿਆਂ ’ਚ ਵੀ ਗੁਰਦੁਆਰਾ ਸਾਹਿਬਾਨ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਅਦਬੀਆਂ ਦੇ ਕਾਂਡ ਦੀ ਸੱਚਾਈ ਜਨਤਾ ਦੇ ਸਾਹਮਣੇ ਲਿਆ ਕੇ ਰੱਖੇ ਤੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿਵਾਏ ਜਾਣ ’ਚ ਮੋਹਰੀ ਰੋਲ ਅਦਾ ਕਰਨ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨੀ ਮਾਰੂ ਕਾਨੂੰਨ ਖਿਲਾਫ ਰੋਹ ਨੂੰ ਲੈ ਕੇ ਧਰਨੇ ’ਤੇ ਬੈਠੀਆਂ ਹਨ ਤੇ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾ ਕੇ ਉਨ੍ਹਾਂ ਦਾ ਰੁਖ ਬਦਲਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਬੇਟੇ ਮਨਜੋਤ ਸਿੰਘ ਵੱਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਗ੍ਰਿਫ਼ਤਾਰ ਕਰਵਾਏ ਜਾਣ ਕਾਰਣ ਕਥਿਤ ਦੋਸ਼ੀ ਤੋਂ ਪੁਲਸ ਵੱਡੇ ਖੁਲਾਸੇ ਕਰਵਾ ਸਕਦੀ ਹੈ ਤੇ ਦੋਸ਼ੀ ਨੂੰ ਫੜਨ ’ਤੇ ਉਨ੍ਹਾਂ ਮਨਜੋਤ ਸਿੰਘ ਤੇ ਉਸ ਦੇ ਪਿਤਾ ਗ੍ਰੰਥੀ ਸਿੰਘ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਵੀ ਕੀਤਾ । ਇਸ ਮੌਕੇ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਪ੍ਰੀਤਮ ਸਿੰਘ ਰਾਜਪੁਰਾ, ਬਾਬਾ ਭਗਵੰਤ ਸਿੰਘ ਢੀਂਡਸੇ ਵਾਲੇ, ਬਾਬਾ ਜੈਮਲ ਸਿੰਘ ਪਟਿਆਲਾ, ਬਾਬਾ ਸੁਖਦੇਵ ਸਿੰਘ ਪਟਿਆਲਾ, ਬਾਬਾ ਭਰਪੂਰ ਸਿੰਘ ਸੇਖੇ ਵਾਲੇ, ਬਾਬਾ ਲਖਵੀਰ ਸਿੰਘ ਪਟਿਆਲਾ, ਬਾਬਾ ਕਰਨ ਸਿੰਘ ਬਹਾਦਰਗੜ੍ਹ, ਬਾਬਾ ਜਸਵੰਤ ਸਿੰਘ ਫ਼ਤਿਹਗੜ੍ਹ ਸਾਹਿਬ ਤੋਂ ਇਲਾਵਾ ਰਣਜੀਤ ਸਿੰਘ ਤਰਖਾਣ ਮਾਜਰਾ, ਸਾਬਕਾ ਚੇਅਰਮੈਨ ਗੁਰਵਿੰਦਰ ਸਿੰਘ ਸ਼ਾਹੀ, ਸਾਬਕਾ ਸਰਪੰਚ ਮਲਕਪੁਰ, ਮਨਦੀਪ ਸਿੰਘ ਤਰਖਾਣ ਮਾਜਰਾ ਸਾਬਕਾ ਚੇਅਰਮੈਨ ਤੋਂ ਇਲਾਵਾ ਹੋਰ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।


author

Deepak Kumar

Content Editor

Related News