ਲੁਧਿਆਣਾ ਸੀਫੇਟ ਵੱਲੋਂ ਕੋਰੋਨਾ ਨੂੰ ਖਤਮ ਕਰਨ ਲਈ ਤਿਆਰ ਕੀਤੀਆਂ ਗਈਆਂ ''ਮਸ਼ੀਨਾਂ''

05/29/2020 4:26:02 PM

ਲੁਧਿਆਣਾ (ਨਰਿੰਦਰ) : ਪੰਜਾਬੀ 'ਚ ਅਕਸਰ ਕਿਹਾ ਜਾਂਦਾ ਹੈ ਕਿ ਲੋੜ ਕਾਢ ਦੀ ਮਾਂ ਹੈ। ਕੁਝ ਅਜਿਹਾ ਹੀ ਕਰ ਵਿਖਾਇਆ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਚੱਲ ਰਹੇ ਸੀਫੈਟ ਦੇ ਡਾਕਟਰਾਂ ਨੇ। ਇਨ੍ਹਾਂ ਡਾਕਟਰਾਂ ਨੇ ਵੱਖ-ਵੱਖ ਤਿੰਨ ਮਸ਼ੀਨਾਂ ਬਣਾਈਆਂ ਹਨ, ਜਿਨ੍ਹਾਂ ਨਾਲ ਫਲ ਸਬਜ਼ੀਆਂ ਨੂੰ ਬਿਨਾਂ ਹੱਥ ਲਾਏ ਪੂਰੀ ਤਰ੍ਹਾਂ ਕੀਟਾਣੂ ਮੁਕਤ ਕੀਤਾ ਜਾ ਸਕਦਾ ਹੈ। ਇਨ੍ਹਾਂ 'ਚੋਂ ਇਕ ਮਸ਼ੀਨ ਫਲ ਅਤੇ ਸਬਜ਼ੀਆਂ ਸਾਫ ਕਰਦੀ ਹੈ। ਇਸ ਤੋਂ ਇਲਾਵਾ ਪੋਰਟੇਬਲ ਸਮਾਰਟ ਯੂ. ਵੀ. ਸੀ. ਡਿਸ ਇਨਫੈਕਸ਼ਨ ਸਿਸਟਮ ਤਿਆਰ ਕੀਤਾ ਗਿਆ ਹੈ ਅਤੇ ਹੈਂਡ ਫ੍ਰੀ ਸੈਨੇਟਾਈਜ਼ਰ ਮਸ਼ੀਨ ਵੀ ਬਣਾਈ ਗਈ ਹੈ, ਜਿਸ 'ਚ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਹੀ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ।

ਇੱਥੋਂ ਤੱਕ ਕਿ ਇਸ ਨੂੰ ਮੇਕ ਇਨ ਇੰਡੀਆ ਨਾਲ ਜੋੜ ਕੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਸਕਦਾ ਹੈ। ਸੀਫੇਟ ਦੇ ਡਾਕਟਰ ਨੇ ਇਨ੍ਹਾਂ ਮਸ਼ੀਨਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋਂ ਪਹਿਲੀ ਮਸ਼ੀਨ ਪੋਰਟੇਬਲ ਡਿਵਾਈਸ ਹੈ, ਜਿਸ ਨਾਲ ਸਬਜ਼ੀਆਂ ਅਤੇ ਫਲ ਆਦਿ ਨੂੰ ਇੱਕ ਭਾਂਡੇ 'ਚ ਰੱਖ ਕੇ ਮਸ਼ੀਨ ਨੂੰ ਸਵਿੱਚ ਆਨ ਕਰਦੇ ਹੀ 10-15 ਮਿੰਟ 'ਚ ਇਹ ਫਲਾਂ ਅਤੇ ਸਬਜ਼ੀਆਂ ਦੇ 'ਤੇ ਲੱਗੇ ਸਾਰੇ ਬੈਕਟੀਰੀਆ ਇੱਥੋਂ ਤੱਕ ਕਿ ਕਰੋਨਾ ਨੂੰ ਵੀ ਖਤਮ ਕਰ ਦਿੰਦੀ ਹੈ। ਇਸ ਤੋਂ ਇਲਾਵਾ ਮਾਹਿਰਾਂ ਵੱਲੋਂ ਪੋਰਟੇਬਲ ਸਮਾਰਟ ਯੂ. ਵੀ. ਸੀ. ਡਿਸ ਇਨਫੈਕਸ਼ਨ ਸਿਸਟਮ ਤਿਆਰ ਕੀਤਾ ਗਿਆ ਹੈ, ਜੋ ਰੋਜ਼ਾਨਾ 'ਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਜਿਵੇਂ ਪੈਨ ਫਾਈਲ, ਐਨਕਾਂ, ਪਰਸ, ਮੋਬਾਈਲ ਆਦਿ 'ਤੇ ਮੌਜੂਦ ਕੋਰੋਨਾ ਨੂੰ ਖਤਮ ਕਰ ਦੇਵੇਗਾ। ਇਸ ਨੂੰ ਘਰਾਂ ਅਤੇ ਦਫ਼ਤਰਾਂ 'ਚ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੱਕ ਹੈਂਡ ਮੁਕਤ ਸੈਨੀਟਾਈਜ਼ਰ ਮਸ਼ੀਨ ਵੀ ਤਿਆਰ ਕੀਤੀ ਗਈ ਹੈ। ਇਹ ਮਸ਼ੀਨ ਫੈਕਟਰੀਆਂ, ਹਸਪਤਾਲਾਂ, ਹੋਟਲਾਂ, ਦਫ਼ਤਰਾਂ ਆਦਿ 'ਚ ਕਾਫੀ ਕਾਰਗਰ ਸਿੱਧ ਹੋ ਸਕਦੀ ਹੈ, ਜਿਸ ਨਾਲ ਨਾ ਸਿਰਫ ਕੋਰੋਨਾ ਖਤਮ ਹੋਵੇਗਾ ਸਗੋਂ ਆਪਸ 'ਚ ਕੋਈ ਸੰਪਰਕ ਚ ਵੀ ਨਹੀਂ ਆਵੇਗਾ।
 


Babita

Content Editor

Related News