ਸਿੱਖਿਆ ਬੋਰਡ ਦੀ ਅਣਗਹਿਲੀ ਆਈ ਸਾਹਮਣੇ : ਡਾ. ਰਾਜਿੰਦਰ ਪ੍ਰਸਾਦ ਨੂੰ ਦੱਸਿਆ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ

Tuesday, Aug 15, 2017 - 01:35 PM (IST)

ਸਿੱਖਿਆ ਬੋਰਡ ਦੀ ਅਣਗਹਿਲੀ ਆਈ ਸਾਹਮਣੇ : ਡਾ. ਰਾਜਿੰਦਰ ਪ੍ਰਸਾਦ ਨੂੰ ਦੱਸਿਆ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ

ਬਲਾਚੌਰ (ਬੈਂਸ, ਬ੍ਰਹਮਪੁਰੀ) - ਆਏ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਣਗਹਿਲੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। 
ਹੁਣ ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਪੁਸਤਕ ਦੇ ਪਾਠ ਨੰਬਰ 23 ਭਾਗ ਇਤਿਹਾਸ ਦੇ ਪਾਠਕ੍ਰਮ ਅਨੁਸਾਰ ਡਾ. ਰਾਜਿੰਦਰ ਪ੍ਰਸਾਦ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਦੱਸਿਆ ਗਿਆ ਹੈ ਅਤੇ ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਇਕ ਸਕੂਲ ਵਿਚ ਆਜ਼ਾਦੀ ਸੰਗਰਾਮ ਨੂੰ ਸਮਰਪਿਤ ਪ੍ਰਸ਼ਨੋਤਰੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਭਾਵੇਂ 2016 ਐਡੀਸ਼ਨ ਤਹਿਤ ਛਪੀ ਇਸ ਪੁਸਤਕ ਦੇ ਲੇਖਕ ਡਾ. ਮੰਜੂ ਵਰਮਾ ਅਤੇ ਉਨ੍ਹਾਂ ਦੇ ਨਾਲ ਚਾਰ ਹੋਰ ਸਹਿਯੋਗੀ ਪੁਸਤਕ ਦੇ ਪਾਠਕ੍ਰਮ ਦੀ ਸੂਚੀ ਦੇ ਅਨੁਸਾਰ ਦਰਸਾਏ ਗਏ ਹਨ ਅਤੇ ਸੋਧਕ ਵਜੋਂ ਸੀਨੀਅਰ ਪ੍ਰਾਜੈਕਟ ਅਫਸਰ ਇਤਿਹਾਸ ਦਲਜੀਤ ਕੌਰ ਕਾਰਖਲ ਦਾ ਨਾਂ ਅਗਲੀ ਸੂਚੀ ਵਿਚ ਲਿਖਿਆ ਗਿਆ ਹੈ, ਜਦਕਿ ਇਤਿਹਾਸ ਅਨੁਸਾਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸਨ।
ਸਿੱਖਿਆ ਵਿਭਾਗ ਵੱਲੋਂ ਛਾਪੀਆਂ ਗਈਆਂ ਇਹ ਪੁਸਤਕਾਂ ਲੱਖਾਂ ਦੀ ਗਿਣਤੀ ਵਿਚ ਹਨ ਅਤੇ ਹਰ ਪਾਠ ਦੇ ਅੰਤ ਵਿਚ ਕੁਝ ਯਾਦ ਰੱਖਣਯੋਗ ਗੱਲਾਂ ਅੰਕਿਤ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ ਪਾਠ ਨੰਬਰ 23 ਦੀ ਪਹਿਲੀ ਲਾਈਨ ਵਿਚ ਪ੍ਰਧਾਨ ਮੰਤਰੀ ਦਾ ਨਾਂ ਗਲਤ ਲਿਖਿਆ ਹੋਇਆ ਹੈ, ਜਦੋਂਕਿ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਸਨ।


Related News