ਪੰਜਾਬ ਦੀ ਠੰਡ ''ਚ ਅਜੇ ਹੋਰ ਹੋਵੇਗਾ ਵਾਧਾ! ਇਨ੍ਹਾਂ ਲੋਕਾਂ ਲਈ ਐਡਵਾਈਜ਼ਰੀ ਜਾਰੀ
Wednesday, Jan 07, 2026 - 12:38 PM (IST)
ਸੁਲਤਾਨਪੁਰ ਲੋਧੀ (ਧੀਰ)-ਸੁਲਤਾਨਪੁਰ ਲੋਧੀ ਅਤੇ ਇਸ ਦੇ ਨੇੜਲੇ ਇਲਾਕਿਆਂ ਵਿਚ ਹੱਡ ਚੀਰਵੀਂ ਠੰਡ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਵੀ ਹਾਲੇ ਠੰਡ ਹੋਰ ਵਧੇਗੀ। ਜ਼ਿਲ੍ਹਾ ਕਪੂਰਥਲਾ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਜ਼ਿਲ੍ਹੇ ਦਾ ਤਾਪਮਾਨ ਵੱਧ ਤੋਂ ਵੱਧ 16 ਡਿਗਰੀ ਸੈਲਸੀਅਸ ਅਤੇ ਘੱਟ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੰਗਲਵਾਰ ਸਵੇਰ ਸਮੇਂ ਥੋੜ੍ਹਾ ਸੂਰਜ ਨਿੱਕਲਣ ਕਾਰਨ ਲੋਕਾਂ ਨੂੰ ਨਿੱਘ ਦਾ ਅਹਿਸਾਸ ਜ਼ਰੂਰ ਹੋਇਆ ਪਰ ਬਾਅਦ ਦੁਪਹਿਰ ਤੇਜ਼ ਹਵਾਵਾਂ ਅਤੇ ਬੱਦਲਵਾਈ ਕਾਰਨ ਠੰਢ ਨੇ ਇਕਦਮ ਆਪਣਾ ਅਸਰ ਵਿਖਾਉਣਾ ਮੁੜ ਤੋਂ ਆਰੰਭ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਭਾਜਪਾ ਨੇ ਐਲਾਨੇ ਨਵੇਂ ਅਹੁਦੇਦਾਰ
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਹਫ਼ਤੇ ਭਰ ਮੌਸਮ ਵਿਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਇਸੇ ਤਰ੍ਹਾਂ ਠੰਡ, ਬੱਦਲ ਅਤੇ ਸੀਤ ਲਹਿਰ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਅਜਿਹੇ ਵਿਚ ਲੋਕਾਂ ਨੂੰ ਫਿਲਹਾਲ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਹੀ ਨਜ਼ਰ ਆ ਰਹੀ ਹੈ। ਜਨਵਰੀ ਮਹੀਨੇ ਦੀ ਇਹ ਕੜਾਕੇ ਦੀ ਠੰਡ ਸਿਰਫ਼ ਆਮ ਲੋਕਾਂ ਲਈ ਹੀ ਨਹੀਂ, ਸਗੋਂ ਕਿਸਾਨਾਂ ਲਈ ਵੀ ਚਿੰਤਾ ਦਾ ਕਾਰਨ ਬਣ ਗਈ ਹੈ। ਇਸ ਸਮੇਂ ਖੇਤਾਂ ਵਿਚ ਕਣਕ, ਸਰ੍ਹੋਂ, ਛੋਲੇ ਅਤੇ ਹੋਰਨਾਂ ਸਬਜ਼ੀਆਂ ਦੀਆਂ ਫ਼ਸਲਾਂ ਖੜ੍ਹੀਆਂ ਹਨ। ਸੰਘਣਾ ਕੋਹਰਾ ਅਤੇ ਲਗਾਤਾਰ ਨਮੀ ਰਹਿਣ ਨਾਲ ਫ਼ਸਲਾਂ 'ਤੇ ਕੋਹਰਾ ਪੈਣ ਦਾ ਖ਼ਤਰਾ ਵਧ ਜਾਂਦਾ ਹੈ, ਜਿਸ ਨਾਲ ਪੌਦਿਆਂ ਦਾ ਵਾਧਾ ਰੁਕ ਸਕਦਾ ਹੈ, ਜਿਸ ਨਾਲ ਪੈਦਾਵਾਰ ’ਤੇ ਅਸਰ ਪੈ ਸਕਦਾ ਹੋ ਖ਼ਾਸ ਕਰਕੇ ਸਬਜ਼ੀਆਂ ਦੀਆਂ ਫ਼ਸਲਾਂ ਵਿਚ ਪੱਤਿਆਂ ਦੇ ਝੁਲਸਣ ਅਤੇ ਫੁੱਲ ਵਲ ਡਿੱਗਣ ਦਾ ਡਰ ਹੈ। ਸਬਜ਼ੀਆਂ ਦੇ ਕਾਸ਼ਤਕਾਰਾਂ ਨੂੰ ਡਰ ਹੈ ਕਿ ਜੇਕਰ ਠੰਡ ਹੋਰ ਜ਼ਿਆਦਾ ਵਧੀ ਤਾਂ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਜਾਵੇਗਾ। ਜ਼ਿਆਦਾ ਠੰਡ ਕਾਰਨ ਆਲੂਆਂ ਦੇ ਪਟਾਕੇ ਪੈ ਜਾਂਦੇ ਹਨ ਅਤੇ ਉਨ੍ਹਾਂ ਦੀ ਕੁਆਲਿਟੀ ਵਿਚ ਨਿਘਾਰ ਆ ਜਾਂਦਾ। ਪੈ ਰਿਹਾ ਕੋਹਰਾ ਅਤੇ ਠੰਡ ਪੱਕ ਰਹੀ ਕਣਕ ਦੀ ਫ਼ਸਲ ਨੂੰ ਇਸ ਦਾ ਜ਼ਰੂਰ ਫਾਇਦਾ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਦਾ ਬਜਟ ਹੋਵੇਗਾ ਖ਼ਾਸ! ਕਿਸਾਨਾਂ ਲਈ ਵਿਸ਼ੇਸ਼ ਉਪਰਾਲੇ ਤੇ ਅਨੁਸੂਚਿਤ ਜਾਤੀ ਲਈ ਹੋਵੇਗਾ ਸਪੈਸ਼ਲ...
ਲੋਕਾਂ ਨੂੰ ਕੈਲਰੀ ਕਾਊਂਟ ਦਾ ਧਿਆਨ ਰੱਖਣਾ ਚਾਹੀਦਾ : ਡਾ. ਅਮਨਪ੍ਰੀਤ ਸਿੰਘ
ਦੂਜੇ ਪਾਸੇ ਵਧੀ ਠੰਡ ਕਾਰਨ ਹਸਪਤਾਲਾਂ ਵਿਚ ਭੀੜ ਲੱਗ ਰਹੀ ਹੈ। ਜ਼ਿਆਦਾਤਰ ਬੱਚੇ ਅਤੇ ਬਜ਼ੁਰਗ ਖੰਘ ਜੁਕਾਮ ਤੋਂ ਪੀੜਤ ਹੋ ਕੇ ਡਾਕਟਰਾਂ ਤੋਂ ਆਪਣਾ ਇਲਾਜ ਕਰਵਾਉਣ ਲਈ ਪਹੁੰਚ ਰਹੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਅਮਨਪ੍ਰੀਤ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਮ. ਡੀ. ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਠੰਡ ਦੇ ਮੌਸਮ ਨੂੰ ਵੇਖਦਿਆਂ ਬਜ਼ੁਰਗਾਂ ਨੂੰ ਸਵੇਰ ਵੇਲੇ ਸੈਰ ਕਰਨ ਦਾ ਖਿਆਲ ਆਪਣੇ ਮਨ ਵਿਚੋਂ ਕੱਢਣਾ ਚਾਹੀਦਾ ਹੈ। ਦੂਜਾ ਪੂਰੇ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ। ਠੰਡ ਦੇ ਮੌਸਮ ਵਿਚ ਖਾਣ ਪੀਣ ਜ਼ਿਆਦਾ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਕੈਲਰੀ ਕਾਊਂਟ ਦਾ ਧਿਆਨ ਰੱਖਣਾ ਚਾਹੀਦਾ ਹੈ। ਬਜ਼ੁਰਗ ਅਤੇ ਵਡੇਰੀ ਉਮਰ ਦੇ ਵਿਅਕਤੀਆਂ ਨੂੰ ਫਲੂ ਤੋਂ ਬਚਾਅ ਲਈ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ, ਜਿਹੜਾ ਸਵਾਈਨ ਫਲੂ ਅਤੇ ਹੋਰ ਵਾਇਰਲ ਬੀਮਾਰੀਆਂ ਤੋਂ ਬਚਾਉਂਦਾ ਹੈ।
ਸਿਵਲ ਸਰਜਨ ਡਾ. ਸੰਜੀਵ ਭਗਤ ਵੱਲੋਂ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਅਪੀਲ
ਜ਼ਿਲ੍ਹਾ ਕਪੂਰਥਲਾ ਦੇ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਗੱਲਬਾਤ ਦੌਰਾਨ ਕਿਹਾ ਕਿ ਠੰਡ ਸਿਰਫ਼ ਕੁਝ ਹੀ ਦਿਨ ਦੀ ਹੈ, ਜਿਸ ਬਾਰੇ ਸਾਨੂੰ ਸਾਰਿਆਂ ਨੂੰ ਬਚਾਅ ਰੱਖਣਾ ਚਾਹੀਦਾ ਹੈ। ਠੰਡ ਵਿਚ ਬਜ਼ੁਰਗਾਂ, ਬੱਚਿਆਂ ਅਤੇ ਬੀਮਾਰ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ, ਗਰਮ ਕੱਪੜਿਆਂ ਦਾ ਉਪਯੋਗ ਕਰਨਾ ਚਾਹੀਦਾ। ਸਵੇਰੇ-ਸ਼ਾਮ ਬਾਹਰ ਨਿਕਲਣ ਤੋਂ ਪਰਹੇਜ ਅਤੇ ਗਰਮ ਪੀਣ ਵਾਲੇ ਪਦਾਰਥਾਂ ਦਾ ਸੇਵਨ ਜ਼ਰੂਰੀ ਹੈ। ਇਕ ਹੋਰ ਸਭ ਤੋਂ ਅਹਿਮ ਗੱਲ ਕਈ ਲੋਕ ਠੰਡ ਤੋਂ ਬਚਾਅ ਲਈ ਕਮਰਿਆਂ ’ਚ ਅੰਗੀਠੀਆਂ ਬਾਲ ਲੈਂਦੇ ਹਨ, ਇਹ ਬਹੁਤ ਖ਼ਤਰਨਾਕ ਹੋ ਸਕਦਾ ਹੈ। ਅਜਿਹਾ ਕਰਨ ਤੋਂ ਲੋਕ ਸੰਕੋਚ ਕਰਨ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਵਾਪਰੇ ਭਿਆਨਕ ਹਾਦਸੇ 'ਚ ਪਤੀ-ਪਤਨੀ ਦੀ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
