ਸੰਘਣੀ ਧੁੰਦ ਬਣੀ ਆਫ਼ਤ: ਵੱਖ-ਵੱਖ 4 ਸੜਕ ਹਾਦਸਿਆਂ ’ਚ 1 ਦੀ ਮੌਤ, 6 ਜ਼ਖ਼ਮੀ
Thursday, Jan 01, 2026 - 04:47 PM (IST)
ਸੁਲਤਾਨਪੁਰ ਲੋਧੀ (ਧੀਰ)-ਇਲਾਕੇ ਵਿਚ ਸ਼ਾਮ ਸਮੇਂ ਅਚਾਨਕ ਪਈ ਸੰਘਣੀ ਧੁੰਦ ਨੇ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਜਿਸ ਕਾਰਨ ਵੱਖ-ਵੱਖ ਥਾਵਾਂ ’ਤੇ 4 ਸੜਕ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, 6 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਦਕਿ ਇਕ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਗਿਆ।
ਹਾਦਸਿਆਂ ਤੋਂ ਬਾਅਦ ਸਿਵਲ ਹਸਪਤਾਲ ਵਿਚ ਐਂਬੂਲੈਂਸ ਸੇਵਾਵਾਂ ਦੀ ਘਾਟ ਖੁੱਲ੍ਹ ਕੇ ਸਾਹਮਣੇ ਆ ਗਈ। ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਸਮੇਂ ’ਤੇ ਐਂਬੂਲੈਂਸ ਨਾ ਮਿਲਣ ’ਤੇ ਹਸਪਤਾਲ ਅੰਦਰ ਰੋਸ ਪ੍ਰਦਰਸ਼ਨ ਕੀਤਾ। ਹਾਲਾਤ ਇੱਥੋਂ ਤੱਕ ਬਣ ਗਏ ਕਿ ਕਈ ਪਰਿਵਾਰਾਂ ਨੂੰ ਮਰੀਜ਼ਾਂ ਨੂੰ ਆਪਣੀਆਂ ਨਿੱਜੀ ਗੱਡੀਆਂ ਰਾਹੀਂ ਉੱਚ ਕੇਂਦਰਾਂ ਵੱਲ ਲਿਜਾਣਾ ਪਿਆ।
ਇਹ ਵੀ ਪੜ੍ਹੋ: ਜਲੰਧਰ-ਫਗਵਾੜਾ NH 'ਤੇ Eastwood Village 'ਚ ਨਵੇਂ ਸਾਲ ਦੇ ਜਸ਼ਨ ਦੌਰਾਨ ਹੰਗਾਮਾ! ਬਾਉਸਰਾਂ ਨੇ ਕੁੱਟੇ ਮੁੰਡੇ
ਪਹਿਲਾ ਹਾਦਸਾ ਪਿੰਡ ਬੂਸੋਵਾਲ ਨੇੜੇ ਆਟਾ ਚੱਕੀ ਕੋਲ ਵਾਪਰੇ ਸੜਕ ਹਾਦਸੇ ਵਿਚ ਪਿਆਰਾ ਸਿੰਘ, ਰਵਿੰਦਰਪਾਲ ਕੌਰ ਅਤੇ ਸਰਬਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਦੂਜੇ ਹਾਦਸੇ ’ਚ ਪਿੰਡ ਬੂਸੋਵਾਲ ’ਚ ਹੀ ਵਾਪਰੇ ਹਾਦਸੇ ਦੌਰਾਨ 75 ਸਾਲਾ ਸ਼ਿੰਗਾਰਾ ਸਿੰਘ ਦੀ ਮੌਤ ਹੋ ਗਈ, ਜਦਕਿ ਜੋਗਿੰਦਰ ਸਿੰਘ ਗੰਭੀਰ ਜ਼ਖ਼ਮੀ ਹੋਣ ਕਾਰਨ ਉੱਚ ਇਲਾਜ ਲਈ ਰੈਫਰ ਕੀਤਾ ਗਿਆ। ਤੀਜਾ ਹਾਦਸਾ ਸੁਲਤਾਨਪੁਰ ਲੋਧੀ ਸ਼ਹਿਰ ’ਚ ਵਾਪਰਿਆ, ਜਿੱਥੇ ਪਰਮਜੀਤ ਸਿੰਘ ਜ਼ਖ਼ਮੀ ਹੋਇਆ, ਜਿਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਚੌਥਾ ਹਾਦਸਾ ਨੇੜਲੇ ਪਿੰਡ ਡੱਲਾ ਵਿਚ ਵਾਪਰਿਆ, ਜਿੱਥੇ ਪ੍ਰਿੰਸ ਅਤੇ ਮਨਪ੍ਰੀਤ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਾਲਤ ਨਾਜ਼ੁਕ ਹੋਣ ਕਾਰਨ ਰੈਫਰ ਕੀਤਾ ਗਿਆ ਹੈ।
ਇਲਾਕੇ ਦੇ ਲੋਕਾਂ ਨੇ ਘਟਨਾਵਾਂ ਮਗਰੋਂ ਐਂਬੂਲੈਂਸਾਂ ਦੇ ਸਮੇਂ ’ਤੇ ਨਾ ਪਹੁੰਚਣ ’ਤੇ ਗੰਭੀਰ ਚਿੰਤਾ ਜਤਾਉਂਦਿਆਂ ਪ੍ਰਸ਼ਾਸਨ ਤੋਂ ਸਿਹਤ ਸੇਵਾਵਾਂ ਨੂੰ ਤੁਰੰਤ ਸੁਧਾਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਡਿਊਟੀ ’ਤੇ ਮੌਜੂਦ ਡਾਕਟਰ ਅਮਿਤ ਆਨੰਦ ਨੇ ਦੱਸਿਆ ਕਿ ਹਾਦਸੇ ਵੱਖ-ਵੱਖ ਥਾਵਾਂ ’ਤੇ ਵਾਪਰੇ ਸਨ ਅਤੇ ਬਹੁਤੇ ਜ਼ਖ਼ਮੀਆਂ ਲਈ ਐਂਬੂਲੈਂਸ ਸੇਵਾਵਾਂ ਉਪਲੱਬਧ ਕਰਵਾ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਆਖਰੀ ਮਰੀਜ਼ ਲਈ ਵੀ ਐਂਬੂਲੈਂਸ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ।
ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਪੰਜਾਬ 'ਚ ਹਨ੍ਹੇਰੀ ਦੇ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ 4 ਜਨਵਰੀ ਤੱਕ ਦਿੱਤੀ ਵੱਡੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
