ਹਰ ਸਾਲ ਵਿਦੇਸ਼ਾਂ ''ਚ  ਜਾਂਦੇ ਹਨ ਪੰਜਾਬ ਦੇ 65 ਹਜ਼ਾਰ ਕਰੋੜ ਰੁਪਏ

02/09/2019 10:55:22 AM

ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ ਅੰਦਰ ਬੇਰੁਜ਼ਗਾਰੀ ਦੀ ਸਮੱਸਿਆ ਕਾਰਨ ਵਿਦੇਸ਼ਾਂ 'ਚ ਜਾਣ ਵਾਲੇ ਲੜਕਿਆਂ ਦੀ ਵਧ ਰਹੀ ਗਿਣਤੀ ਦੇ ਨਾਲ-ਨਾਲ ਹੁਣ ਪੰਜਾਬ ਦੀਆਂ ਪੜ੍ਹੀਆਂ-ਲਿਖੀਆਂ ਧੀਆਂ ਨੇ ਵੀ ਆਪਣੇ ਭਵਿੱਖ ਨੂੰ 'ਸੁਰੱਖਿਅਤ' ਤੇ 'ਸੁਨਹਿਰੀ' ਬਣਾਉਣ ਲਈ ਵਿਦੇਸ਼ਾਂ ਵੱਲ 'ਉਡਾਰੀ' ਮਾਰਨੀ ਸ਼ੁਰੂ ਕਰ ਦਿੱਤੀ ਹੈ। ਇਕ ਅਨੁਮਾਨ ਅਨੁਸਾਰ ਇਕ ਵਿਦਿਆਰਥੀ ਨੂੰ  ਵਿਦੇਸ਼ 'ਚ ਜਾ ਕੇ ਪੜ੍ਹਾਈ ਸ਼ੁਰੂ ਕਰਨ ਲਈ ਪਹਿਲੇ ਸਾਲ 18 ਤੋਂ 25 ਲੱਖ ਰੁਪਏ ਖਰਚ ਕਰਨ  ਪੈਂਦੇ ਹਨ। ਇਸ ਤਹਿਤ ਜਿਸ ਤਰ੍ਹਾਂ 2017 ਦੌਰਾਨ ਡੇਢ ਲੱਖ ਨੌਜਵਾਨ ਵਿਦੇਸ਼ਾਂ 'ਚ ਗਏ ਸਨ,  ਉਸ ਮੁਤਾਬਿਕ ਇਹ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਕਾਰਨ ਸਾਲ ਵਿਚ ਕਰੀਬ 65  ਹਜ਼ਾਰ ਕਰੋੜ ਵਿਦੇਸ਼ਾਂ 'ਚ ਜਾ ਰਹੇ ਹਨ, ਕਿਉਂਕਿ ਨੌਜਵਾਨਾਂ ਦੀਆਂ ਫੀਸਾਂ ਤੋਂ ਇਲਾਵਾ  ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਦੇ ਰਹਿਣ-ਸਹਿਣ, ਘਰ ਤੇ ਕਾਰਾਂ ਵਰਗੀਆਂ ਸਹੂਲਤਾਂ ਲਈ ਵੀ  ਮੋਟੇ ਪੈਸੇ ਭੇਜਣ ਲਈ ਮਜਬੂਰ ਹੁੰਦੇ ਹਨ। ਇਸੇ ਕਾਰਨ ਲੋਕ ਆਪਣੀਆਂ ਜ਼ਮੀਨਾਂ ਅਤੇ ਹੋਰ  ਜਾਇਦਾਦਾਂ ਵੇਚਣ ਲਈ ਮਜਬੂਰ ਹੋ ਰਹੇ ਹਨ।

ਇਸ ਕਾਰਨ ਹੁਣ ਸਥਿਤੀ ਇਹ ਬਣ ਚੁੱਕੀ ਹੈ ਕਿ ਆਈਲੈਟਸ ਸੈਂਟਰਾਂ 'ਚ ਕੋਚਿੰਗ ਲੈਣ ਆਏ ਨੌਜਵਾਨਾਂ ਵਿਚੋਂ ਜ਼ਿਆਦਾ ਗਿਣਤੀ ਕੁੜੀਆਂ ਦੀ ਦਿਖਾਈ ਦਿੰਦੀ ਹੈ। ਇਸੇ ਤਰ੍ਹਾਂ ਸਟੱਡੀ ਵੀਜ਼ੇ ਹਾਸਿਲ ਕਰਨ 'ਚ ਸਫਲ ਰਹਿਣ ਵਾਲੇ ਨੌਜਵਾਨਾਂ ਦੀ ਗਿਣਤੀ ਦੇ ਮਾਮਲੇ 'ਚ ਵੀ ਲੜਕੀਆਂ ਨੇ ਲੜਕਿਆਂ ਨੂੰ ਪਛਾੜ ਦਿੱਤਾ ਹੈ। ਜਿਸ ਦੇ ਚਲਦਿਆਂ ਵਿਦੇਸ਼ਾਂ 'ਚ ਜਾਣ ਵਾਲੇ ਕੁਲ ਨੌਜਵਾਨਾਂ ਵਿਚੋਂ 55 ਤੋਂ 60 ਫੀਸਦੀ ਦੇ ਕਰੀਬ ਗਿਣਤੀ ਲੜਕੀਆਂ ਦੀ ਦੱਸੀ ਜਾ ਰਹੀ ਹੈ। ਨੌਜਵਾਨਾਂ ਦੇ ਵਿਦੇਸ਼ਾਂ 'ਚ ਹੋ ਰਹੇ ਪ੍ਰਵਾਸ ਦੇ ਮਾਮਲੇ 'ਚ ਇਕ ਹੋਰ ਦਿਲਚਸਪ ਗੱਲ ਇਹ ਸਾਹਮਣੇ ਆਈ ਹੈ ਕਿ ਪੰਜਾਬ 'ਚ ਬੇਰੁਜ਼ਗਾਰੀ ਅਤੇ ਆਰਥਿਕ ਤੰਗੀਆਂ ਨਾਲ ਜੂਝ ਰਹੇ ਜਿਹੜੇ ਨੌਜਵਾਨ ਵਿਦੇਸ਼ਾਂ 'ਚ ਪੜ੍ਹਾਈ ਲਈ ਜਾ ਰਹੇ ਹਨ, ਉਨ੍ਹਾਂ ਦੀ ਪੜ੍ਹਾਈ ਅਤੇ ਹੋਰ ਖਰਚਿਆਂ ਲਈ ਹਰੇਕ ਸਾਲ ਪੰਜਾਬ ਦੇ ਕਰੋੜਾਂ ਰੁਪਏ ਵਿਦੇਸ਼ਾਂ 'ਚ ਜਾ ਰਹੇ ਹਨ।

2017 'ਚ ਡੇਢ ਲੱਖ ਨੌਜਵਾਨ ਗਏ ਕੈਨੇਡਾ
ਇਕੱਤਰ ਜਾਣਕਾਰੀ ਮੁਤਾਬਕ ਹਰੇਕ ਸਾਲ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ 'ਚੋਂ ਵੱਡੀ ਗਿਣਤੀ 'ਚ ਨੌਜਵਾਨ ਵਿਦੇਸ਼ਾਂ ਵੱਲ ਨੂੰ ਪ੍ਰਵਾਸ ਕਰ ਰਹੇ ਹਨ। ਸਾਲ 2017 ਦੌਰਾਨ ਵੱਖ-ਵੱਖ ਦੇਸ਼ਾਂ 'ਚ ਪੜ੍ਹਾਈ ਲਈ ਜਾਣ ਵਾਲੇ ਨੌਜਵਾਨਾਂ ਦੀ ਕੁਲ ਗਿਣਤੀ ਦਾ ਮੁਲਾਂਕਣ ਕਰੀਏ ਤਾਂ ਉਸ ਸਾਲ ਕੈਨੇਡਾ, ਆਸਟਰੇਲੀਆ, ਅਮਰੀਕਾ, ਇੰਗਲੈਂਡ ਅਤੇ ਨਿਊਜ਼ੀਲੈਂਡ ਜਾਣ ਵਾਲੇ ਕਰੀਬ ਡੇਢ ਲੱਖ ਨੌਜਵਾਨਾਂ ਵਿਚੋਂ ਕਰੀਬ ਸਵਾ ਲੱਖ ਨੌਜਵਾਨ ਇਕੱਲੇ ਕੈਨੇਡਾ ਵਿਚ ਗਏ, ਜਦੋਂ ਕਿ ਵਰਕ ਪਰਮਿਟ, ਪੀ. ਆਰ. ਅਤੇ ਕੈਨੇਡਾ ਦੀ ਪੱਕੀ ਕੁੜੀ ਨਾਲ ਵਿਆਹ ਕਰਵਾ ਕੇ ਜਾਣ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ।

ਆਈਲੈਟਸ ਵਾਲੀਆਂ ਕੁੜੀਆਂ ਬਣੀਆਂ ਪਹਿਲੀ ਪਸੰਦ
ਵਿਦੇਸ਼ਾਂ 'ਚ ਜਾਣ ਲਈ ਕੁਝ ਸਾਲਾਂ ਤੋਂ ਆਈਲੈਟਸ 'ਚ ਚੰਗੇ ਬੈਂਡ ਲੈਣ ਵਾਲੀਆਂ ਕੁੜੀਆਂ, ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਪਹਿਲੀ ਪਸੰਦ ਬਣਦੀਆਂ ਜਾ ਰਹੀਆਂ ਹਨ। ਜਿਹੜੇ ਨੌਜਵਾਨ ਖੁਦ ਆਈਲੈਟਸ ਪਾਸ ਕਰਕੇ ਲੋੜੀਂਦੇ ਬੈਂਡ ਲੈਣ ਅਤੇ ਹੋਰ ਯੋਗਤਾਵਾਂ ਪੂਰੀਆਂ ਕਰਨ ਤੋਂ ਅਸਮਰਥ ਰਹਿ ਜਾਂਦੇ ਹਨ। ਉਨ੍ਹਾਂ ਵੱਲੋਂ ਵੀ ਵਿਦੇਸ਼ਾਂ 'ਚ ਪਹੁੰਚਣ ਲਈ ਆਈਲੈਟਸ ਪਾਸ ਲੜਕੀਆਂ ਨਾਲ ਰਿਸ਼ਤੇ ਕਰਨ ਅਤੇ ਹੋਰ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਦੇ ਮਾਮਲੇ ਵਧ ਰਹੇ ਹਨ।

ਹਰੇਕ ਸਾਲ 3.36 ਲੱਖ ਨੌਜਵਾਨ ਦਿੰਦੇ ਹਨ ਆਈਲੈਟਸ ਦੀ ਪ੍ਰੀਖਿਆ
ਜਾਣਕਾਰੀ ਅਨੁਸਾਰ ਹਰੇਕ ਸਾਲ ਵਿਦੇਸ਼ ਜਾਣ ਦੇ ਚਾਹਵਾਨ 3.36 ਲੱਖ ਨੌਜਵਾਨ ਆਈਲੈਟਸ ਦੀ ਪ੍ਰੀਖਿਆ ਦਿੰਦੇ ਹਨ , ਜਿਸ ਦੀ ਫੀਸ ਲਈ ਇਨ੍ਹਾਂ ਨੌਜਵਾਨਾਂ ਵੱਲੋਂ ਕਰੀਬ 425 ਕਰੋੜ ਰੁਪਏ ਦੀ ਫੀਸ ਭਰੀ ਜਾਂਦੀ ਹੈ। ਅਜਿਹੇ ਨੌਜਵਾਨਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਹੁਣ ਆਈਲੈਟਸ ਦੀ ਕੋਚਿੰਗ ਦੇਣ ਵਾਲੇ ਸੈਂਟਰ ਵੀ ਖੂੰਬਾਂ ਵਾਂਗ ਉਗ ਰਹੇ ਹਨ ਅਤੇ ਹੁਣ ਛੋਟੇ ਸ਼ਹਿਰਾਂ ਵਿਚ ਵੀ ਕਈ-ਕਈ ਸੈਂਟਰ ਖੁੱਲ੍ਹ ਚੁੱਕੇ ਹਨ।

ਕੀ ਕਹਿਣਾ ਹੈ ਵੀਜ਼ਾ ਮਾਹਿਰ ਦਾ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਨੌਜਵਾਨ ਪੰਜਾਬ ਵਿਚ ਸਖਤ ਮਿਹਨਤ ਕਰਨ ਦੀ ਬਜਾਏ ਵਿਦੇਸ਼ਾਂ 'ਚ ਸੈਟ ਹੋਣ ਨੂੰ ਤਰਜ਼ੀਹ ਦੇ ਰਹੇ ਹਨ। ਇਥੋਂ ਤੱਕ ਦੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਹੁਣ ਲੜਕਿਆਂ ਦੇ ਨਾਲ-ਨਾਲ ਲੜਕੀਆਂ 'ਚ ਵੀ ਵਿਦੇਸ਼ ਜਾ ਕੇ ਪੜ੍ਹਨ ਅਤੇ ਰਹਿਣ ਦੀ ਰੁਚੀ ਵਧਦੀ ਜਾ ਰਹੀ ਹੈ। ਪਹਿਲਾਂ ਲੜਕੀਆਂ ਦੇ ਮਾਪੇ ਲੜਕੀਆਂ ਨੂੰ ਬਾਹਰ ਭੇਜਣ ਤੋਂ ਡਰਦੇ ਸਨ ਪਰ ਪਿਛਲੇ 2 ਕੁ ਸਾਲਾਂ 'ਤੋਂ ਲੜਕੀਆਂ ਦੇ ਵੀਜ਼ਿਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ।


Baljeet Kaur

Content Editor

Related News