17 ਜਨਵਰੀ ਨੂੰ ਹੋਵੇਗਾ ਪੰਜਾਬ ਦੇ ਨਵੇਂ ਭਾਜਪਾ ਪ੍ਰਧਾਨ ਦਾ ਐਲਾਨ
Tuesday, Jan 14, 2020 - 08:16 AM (IST)
ਚਡੀਗੜ੍ਹ (ਸ਼ਰਮਾ) - ਭਾਰਤੀ ਜਨਤਾ ਪਾਰਟੀ ਦੇ ਦੇਸ਼ ਭਰ 'ਚ ਚੱਲ ਰਹੀਆਂ ਸੰਗਠਨਾਤਮਕ ਚੋਣਾਂ ਦੀ ਪ੍ਰਕਿਰਿਆ ਤਹਿਤ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਅਹੁਦੇ ਲਈ ਚੋਣ ਪ੍ਰਕਿਰਿਆ 17 ਜਨਵਰੀ ਨੂੰ ਪੂਰੀ ਕਰ ਲਈ ਜਾਵੇਗੀ। ਪ੍ਰਦੇਸ਼ ਚੋਣ ਇੰਚਾਰਜ ਅਨਿਲ ਸਰੀਨ ਅਨੁਸਾਰ 16 ਜਨਵਰੀ ਨੂੰ ਜਲੰਧਰ 'ਚ ਸ਼ਾਮ 3 ਤੋਂ 5 ਵਜੇ ਤੱਕ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਕੌਮੀ ਪਰਿਸ਼ਦ ਮੈਂਬਰਾਂ ਦੀ ਚੋਣ ਹਿੱਤ ਉਮੀਦਵਾਰ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਉਸੇ ਦਿਨ 5 ਤੋਂ 6 ਵਜੇ ਦੇ ਦੌਰਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ।
ਸਰੀਨ ਨੇ ਦੱਸਿਆ ਕਿ 17 ਜਨਵਰੀ ਨੂੰ ਜਲੰਧਰ 'ਚ ਦੁਪਹਿਰ 2 ਤੋਂ 3 ਵਜੇ ਦੌਰਾਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ 3 ਤੋਂ 5 ਵਜੇ ਵਿਚਕਾਰ ਚੋਣ ਪ੍ਰਕਿਰਿਆ ਪੂਰੀ ਕਰਦੇ ਹੋਏ ਨਵੇਂ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਕੌਮੀ ਪਰਿਸ਼ਦ ਮੈਂਬਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਅਨਿਲ ਸਰੀਨ ਨੇ ਦੱਸਿਆ ਕਿ ਇਸ ਮੌਕੇ ਕੇਂਦਰ ਵੱਲੋਂ ਕੌਮੀ ਉਪ-ਪ੍ਰਧਾਨ ਵਿਨੇ ਸਹਸਤਰਬੁੱਧੇ ਅਤੇ ਕੌਮੀ ਸਕੱਤਰ ਮਹੇਸ਼ ਗਿਰੀ ਨੂੰ ਇਸ ਚੋਣ ਲਈ ਕੌਮੀ ਆਬਜ਼ਰਬਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ।