ਸੂਬੇ ’ਚ ਮੰਡਰਾ ਰਿਹੈ ਟਿੱਡੀ ਦਲ ਦਾ ਖਤਰਾ, ਰੋਕਥਾਮ ਦਾ ਪੰਜਾਬ ਸਰਕਾਰ ਕੋਲ ਕੋਈ ਪ੍ਰਬੰਧ ਨਹੀਂ

01/31/2020 9:46:49 AM

ਚੰਡੀਗੜ੍ਹ (ਭੁੱਲਰ) - ਪੰਜਾਬ ਸਰਕਾਰ ਦੇ ਖੇਤੀ ਵਿਭਾਗ ਕੋਲ ਰਾਜ ’ਚ ਫਸਲਾਂ ਤੇ ਹਰਿਆਲੀ ਦੇ ਬਚਾਅ ਲਈ ਗੁਆਂਢੀ ਰਾਜ ਰਾਜਸਥਾਨ ਤੋਂ ਆਉਣ ਵਾਲੇ ਖਤਰਨਾਕ ਟਿੱਡੀ ਦਲ ਦੀ ਰੋਕਥਾਮ ਲਈ ਡਰੋਨ ਸਪ੍ਰੇਅ ਦੇ ਪੂਰੇ ਪ੍ਰਬੰਧ ਨਹੀਂ ਹਨ। ਜ਼ਿਕਰਯੋਗ ਹੈ ਕਿ ਪਾਕਿ ਤੋਂ ਰਾਜਸਥਾਨ ’ਚ ਪਹੁੰਚ ਨੁਕਸਾਨ ਕਰਨ ਵਾਲੇ ਟਿੱਡੀ ਦਲ ਦੇ ਝੁੰਡਾਂ ਵਲੋਂ ਉਥੇ ਕੀਤੇ ਨੁਕਸਾਨ ਤੋਂ ਬਾਅਦ ਹੁਣ ਪੰਜਾਬ ’ਚ ਇਸ ਦੇ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਭਾਵੇਂ ਖੇਤੀ ਵਿਭਾਗ ਦੇ ਅਧਿਕਾਰੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਪੰਜਾਬ ’ਚ ਟਿੱਡੀ ਦਲ ਦਾ ਰਾਜਸਥਾਨ ਵਰਗਾ ਹਮਲਾ ਹੋ ਸਕਦਾ ਹੈ ਪਰ ਇਸ ਦੇ ਉਲਟ ਰਾਜ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਟਿੱਡੀ ਦਲ ਦੇ ਖਤਰੇ ਬਾਰੇ ਚਿੰਤਾ ਪ੍ਰਗਟ ਕਰ ਚੁੱਕੇ ਹਨ। ਉਨ੍ਹਾਂ ਕੇਂਦਰ ਸਰਕਾਰ ਨਾਲ ਇਸ ਮਾਮਲੇ ਦੇ ਸਬੰਧ ’ਚ ਪਾਕਿ ਨਾਲ ਗੱਲ ਕਰਨ ਦੀ ਮੰਗ ਕਰ ਚੁੱਕੇ ਹਨ।

ਰਾਜ ਦੇ ਖੇਤੀ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ ’ਚ ਮਾਨਸਾ, ਫਾਜ਼ਿਲਕਾ ਤੇ ਬਠਿੰਡਾ ਦੇ ਕੁੱਝ ਖੇਤਰਾਂ ’ਚ ਕੁੱਝ ਟਿੱਡੀਆਂ ਆਈਆਂ ਹਨ ਪਰ ਇਨ੍ਹਾਂ ਨੂੰ ਝੁੰਡ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦਾ ਦਾਅਵਾ ਹੈ ਕਿ ਰਾਜਸਥਾਨ ’ਚ ਟਿੱਡੀ ਦਲ ਨੂੰ ਖਤਮ ਕਰਨ ਲਈ ਕੀਤੇ ਗਏ ਡਰੋਨ ਸਪ੍ਰੇਅ ਅਤੇ ਹੋਰ ਕਾਰਵਾਈ ਤੋਂ ਬਾਅਦ ਝੁੰਡ ’ਚੋਂ ਉਡੀਆਂ ਕੁੱਝ ਟਿੱਡੀਆਂ ਅੱਧਮਰੀ ਹਾਲਤ ’ਚ ਰਾਜ ’ਚ ਆਈਆਂ ਹਨ ਪਰ ਖਤਰੇ ਵਾਲੀ ਕੋਈ ਗੱਲ ਨਹੀਂ। ਪਿਛਲੇ ਦਿਨਾਂ ਦੌਰਾਨ ਕੁੱਝ ਟਿੱਡੀਆਂ ਦੀ ਪੰਜਾਬ ਦੇ ਰਾਜਸਥਾਨ ਨਾਲ ਲੱਗਦੇ ਖੇਤਰਾਂ ’ਚ ਦਸਤਕ ਨਾਲ ਰਾਜ ਦੇ ਕਿਸਾਨਾਂ ’ਚ ਕਣਕ ਦੀ ਫਸਲ ਦੇ ਨੁਕਸਾਨ ਦੇ ਡਰ ਕਾਰਣ ਚਿੰਤਾ ਪਾਈ ਜਾ ਰਹੀ ਹੈ ਤੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਜੇਕਰ ਟਿੱਡੀ ਦਲ ਦਾ ਹਮਲਾ ਅਚਾਨਕ ਹੁੰਦਾ ਹੈ ਤਾਂ ਉਹ ਇਸ ਦਾ ਮੁਕਾਬਲਾ ਕਿਵੇਂ ਕਰਨਗੇ। ਖੇਤੀ ਵਿਗਿਆਨੀਆਂ ਅਨੁਸਾਰ ਟਿੱਡੀ ਦਲ ਦੇ ਵੱਡੇ-ਵੱਡੇ ਝੁੰਡ ਰਾਤ ਵੇਲੇ ਹੀ ਫਸਲਾਂ ਤੇ ਹਰਿਆਲੀ ’ਤੇ ਹਮਲਾ ਕਰਦੇ ਹਨ ਤੇ ਦਰੱਖਤਾਂ ’ਤੇ ਆ ਕੇ ਬੈਠਦੇ ਹਨ। ਭਾਵੇਂ ਖੇਤੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਨੂੰ ਥਾਲ ਆਦਿ ਖਡ਼ਕਾ ਕੇ ਟਿੱਡੀਆਂ ਨੂੰ ਭਜਾਉਣ ਦੀ ਸਲਾਹ ਦੇ ਰਹੇ ਹਨ ਪਰ ਇਹ ਕੋਈ ਠੋਸ ਹੱਲ ਨਹੀਂ।

ਟਿੱਡੀ ਦਲ ਦੇ ਖਾਤਮੇ ਲਈ ਡਰੋਨ ਸਪ੍ਰੇਅ ਹੀ ਦਰੱਖਤਾਂ ਆਦਿ ’ਤੇ ਬੈਠੇ ਝੁੰਡਾਂ ਨੂੰ ਭਜਾਉਣ ਦਾ ਸਹੀ ਹੱਲ ਹੈ। ਦੂਜੇ ਪਾਸੇ ਖੇਤੀ ਵਿਭਾਗ ਦੇ ਇਕ ਉਚ ਅਧਿਕਾਰੀ ਨੇ ਵੀ ਮੰਨਿਆ ਕਿ ਡਰੋਨ ਸਪ੍ਰੇਅ ਦੇ ਹਾਲੇ ਪੂਰੇ ਪ੍ਰਬੰਧ ਨਹੀਂ ਜਦਕਿ ਹੋਰ ਸਾਰੇ ਸੰਭਵ ਕਦਮ ਚੁੱਕੇ ਜਾ ਰਹੇ ਹਨ। ਇਸ ਅਧਿਕਾਰੀ ਦਾ ਕਹਿਣਾ ਹੈ ਡਰੋਨ ਸਪ੍ਰੇਅ ਦੀ ਮਨਜ਼ੂਰੀ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ। ਇਸੇ ਦੌਰਾਨ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਵਲੋਂ ਰਾਜਸਥਾਨ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੋਂ ਟਿੱਡੀ ਦਲ ਦੀ ਰੋਕਥਾਮ ਲਈ ਚੁੱਕੇ ਜਾਣ ਜਾ ਸਕਣ ਵਾਲੇ ਕਦਮਾਂ ਦੀ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਟਿੱਡੀ ਦਲ ਦੀ ਰੋਕਥਾਮ ਦੇ ਹੱਲ ਬਾਰੇ ਸਹੀ ਸਲਾਹ ਦਿੱਤੀ ਜਾ ਸਕੇ।


rajwinder kaur

Content Editor

Related News