ਰੱਬ ਹੀ ਰਾਖਾ ਹੈ ਫਾਇਰ ਬ੍ਰਿਗੇਡ ਬਟਾਲਾ ਦਾ, ਜ਼ਰੂਰਤ ਹੈ 60 ਕਰਮਚਾਰੀਆਂ ਦੀ ਪਰ ਤਾਇਨਾਤ ਹਨ 21
Saturday, Sep 23, 2017 - 10:38 AM (IST)

ਬਟਾਲਾ (ਬੇਰੀ) - ਪੰਜਾਬ ਭਰ 'ਚ ਜਦੋਂ ਵੀ ਕੋਈ ਅੱਗ ਲੱਗਣ ਦੀ ਘਟਨਾ ਹੁੰਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਫਾਇਰ ਬ੍ਰਿਗੇਡ ਵਿਭਾਗ ਨੂੰ ਜਨਤਾ ਦੀ ਜਾਨ-ਮਾਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਜਦਕਿ ਸ਼ਹਿਰ ਵਿਚ ਕਈ ਤਰ੍ਹਾਂ ਦੀਆਂ ਆਫਤਾਂ ਨਾਲ ਨਜਿੱਠਣ ਲਈ ਵੀ ਫਾਇਰ ਬ੍ਰਿਗੇਡ ਹੀ ਅੱਗੇ ਆਉਂਦੀ ਹੈ ਪਰ ਜਦੋਂ ਕਿਸੇ ਸ਼ਹਿਰ ਦੀ ਫਾਇਰ ਬ੍ਰਿਗੇਡ ਹੀ ਸੁਵਿਧਾਵਾਂ ਤੋਂ ਵਾਂਝੀ ਹੋਵੇ ਤਾਂ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਕਿੰਨਾ ਸਫਲ ਹੋ ਸਕੇਗਾ ਇਹ ਤਾਂ ਬਟਾਲਾ ਦੇ ਫਾਇਰ ਬ੍ਰਿਗੇਡ ਦੀ ਸਥਿਤੀ ਤੋਂ ਹੀ ਪਤਾ ਲਾਇਆ ਜਾ ਸਕਦਾ ਹੈ ਕਿਉਂਕਿ ਫਾਇਰ ਬ੍ਰਿਗੇਡ ਦਫਤਰ ਵਿਖੇ 60 ਕਰਮਚਾਰੀਆਂ ਦੀ ਜ਼ਰੂਰਤ ਹੈ ਪਰ ਇਥੇ ਸਿਰਫ 21 ਕਰਮਚਾਰੀ ਤਾਇਨਾਤ ਹਨ।
ਕੀ ਹੈ ਫਾਇਰ ਬ੍ਰਿਗੇਡ ਬਟਾਲਾ ਦੀ ਸਥਿਤੀ
ਬਟਾਲਾ ਫਾਇਰ ਬ੍ਰਿਗੇਡ ਦਫਤਰ 'ਚ ਨੌਕਰੀਆਂ ਦੀ ਗਿਣਤੀ 60 ਦੇ ਕਰੀਬ ਹੈ, ਜਦਕਿ ਮੌਜੂਦਾ ਸਮੇਂ 'ਚ 11 ਕਰਮਚਾਰੀ ਪੱਕੇ ਅਤੇ 10 ਕਰਮਚਾਰੀ ਕੰਟਰੈਕਟ ਬੇਸ 'ਤੇ ਕੰਮ ਕਰ ਰਹੇ ਹਨ, ਜਿਸ ਵਿਚ ਫਾਇਰ ਬ੍ਰਿਗੇਡ ਅਧਿਕਾਰੀ-1, ਹੈਲਪਰ-2, ਫਾਇਰਮੈਨ-11 ਤੇ ਡਰਾਈਵਰ-7 ਕੰਮ ਕਰ ਰਹੇ ਹਨ, ਜਦਕਿ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਹਨ ਤੇ ਇਕ ਗੱਡੀ ਵਿਚ 6 ਕਰਮਚਾਰੀ ਮੌਜੂਦ ਹੋਣੇ ਚਾਹੀਦੇ ਹਨ। ਪਿਛਲੇ ਸਮੇਂ 'ਚ ਫਾਇਰ ਟੀਮ ਨੂੰ ਬਕਾਇਦਾ ਅੱਗ ਦੀ ਸਥਿਤੀ 'ਤੇ ਕਾਬੂ ਪਾਉਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਸੀ ਪਰ ਹੁਣ ਅਜਿਹੀਆਂ ਸਹੂਲਤਾਂ ਤੋਂ ਸਾਰੇ ਕਰਮਚਾਰੀ ਵਾਂਝੇ ਹਨ। ਇਥੇ ਇਹ ਦੱਸਦੇ ਜਾਈਏ ਕਿ ਪੁਲਸ ਜ਼ਿਲਾ ਬਟਾਲਾ, ਜਿਸ ਦੇ ਅਧੀਨ ਕਾਦੀਆਂ, ਸ੍ਰੀ ਹਰਗੋਬਿੰਦਪੁਰ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਤੇ ਬਟਾਲਾ ਆਦਿ ਸ਼ਹਿਰ ਆÀੁਂਦੇ ਹਨ, ਇਨ੍ਹਾਂ ਸਾਰਿਆਂ ਲਈ ਮੁੱਖ ਫਾਇਰ ਬ੍ਰਿਗੇਡ ਸਟੇਸ਼ਨ ਬਟਾਲਾ ਹੀ ਹੈ। ਇਸ ਸਮੇਂ ਫਾਇਰ ਬ੍ਰਿਗੇਡ ਵਿਭਾਗ ਬਟਾਲਾ 'ਚ ਵੱਡੀਆਂ ਗੱਡੀਆਂ-4 ਤੇ ਜੀਪ-1 ਹੈ, ਇਨ੍ਹਾਂ ਵਿਚੋਂ ਪੁਰਾਣੀਆਂ ਗੱਡੀਆਂ-3 ਜਿਨ੍ਹਾਂ ਦੇ ਮਾਡਲ ਕ੍ਰਮਵਾਰ 1983, 1995, 1996 ਹਨ, ਜਦਕਿ 1 ਨਵੀਂ ਗੱਡੀ ਮਾਡਲ 2017 ਤੇ ਜੀਪ ਮਾਡਲ-2011 ਹੈ।
ਕੀ ਕਹਿਣੈ ਫਾਇਰ ਅਫਸਰ ਦਾ?
ਇਸ ਸਬੰਧੀ ਜਦੋਂ ਫਾਇਰ ਅਫਸਰ ਅਰਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਧਿਆਨ 'ਚ ਇਹ ਗੱਲ ਲਿਆਂਦੀ ਗਈ ਹੈ ਕਿ ਬਟਾਲਾ ਫਾਇਰ ਦਫਤਰ ਵਿਚ ਸੁਵਿਧਾਵਾਂ ਦੀ ਭਾਰੀ ਕਮੀ ਹੈ, ਇਸ ਦੇ ਬਾਵਜੂਦ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਸਾਡਾ ਸਟਾਫ ਹਮੇਸ਼ਾ ਤਿਆਰ ਰਹਿੰਦਾ ਹੈ। ਹੁਣ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹਰ ਸਥਿਤੀ ਨਾਲ ਨਜਿੱਠਣ ਲਈ ਡਾਇਰੈਕਟਰ ਆਫ ਪੰਜਾਬ ਚੰਡੀਗੜ੍ਹ ਨੂੰ ਪੱਤਰ ਭੇਜ ਕੇ ਲਿਖਤੀ ਰੂਪ 'ਚ ਕਰਮਚਾਰੀਆਂ ਦੀ ਮੰਗ ਕੀਤੀ ਗਈ ਹੈ।
ਕੀ ਕਹਿਣੈ ਨਗਰ ਕੌਂਸਲ ਦੇ ਈ. ਓ. ਦਾ?
ਉਕਤ ਮਾਮਲੇ ਸਬੰਧੀ ਜਦੋਂ ਨਗਰ ਕੌਂਸਲ ਬਟਾਲਾ ਦੇ ਈ. ਓ. ਮਨਮੋਹਨ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵੈਸੇ ਤਾਂ ਪਿਛਲੇ ਸਮੇਂ 'ਚ ਪੰਜਾਬ ਸਰਕਾਰ ਵੱਲੋਂ ਗੱਡੀਆਂ ਦੀ ਮੁਰੰਮਤ ਵੀ ਕਰਵਾਈ ਗਈ ਸੀ ਅਤੇ ਇਕ ਨਵੀਂ ਗੱਡੀ ਵੀ ਮੁਹੱਈਆ ਕਰਵਾਈ ਗਈ ਸੀ, ਜੇਕਰ ਫਾਇਰ ਸਟਾਫ ਘੱਟ ਹੈ ਤਾਂ ਤੁਰੰਤ ਬਾਹਰੋਂ ਸਟਾਫ ਮੰਗਵਾ ਕੇ ਸਥਿਤੀ 'ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸਟਾਫ ਪੂਰਾ ਕਰਵਾਉਣ ਸਬੰਧੀ ਉਚ ਅਧਿਕਾਰੀਆਂ ਤੋਂ ਮੰਗ ਕਰਨਗੇ।