''ਇਕ ਰਾਸ਼ਟਰ-ਇਕ ਭਾਸ਼ਾ'' ਦਾ ਵਿਚਾਰ ਦੇਸ਼ ਦੇ ਸੰਘੀ ਢਾਂਚੇ ਨੂੰ ਤਬਾਹ ਕਰ ਦੇਵੇਗਾ: ਸਿੰਗਲਾ

09/23/2019 9:38:20 AM

ਚੰਡੀਗੜ੍ਹ (ਸ਼ਰਮਾ)—ਪੰਜਾਬ ਦੇ ਸਿੱਖਿਆ ਮੰਤਰੀ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਚਲਾਇਆ ਜਾ ਰਿਹਾ 'ਇਕ ਰਾਸ਼ਟਰ-ਇਕ ਭਾਸ਼ਾ' ਦਾ ਏਜੰਡਾ ਦੇਸ਼ ਦੇ ਸੰਘੀ ਢਾਂਚੇ ਨੂੰ ਤਬਾਹ ਕਰ ਦੇਵੇਗਾ ਅਤੇ ਇਹ ਰੁਝਾਨ ਬਹੁਭਾਸ਼ਾਈ ਸੂਬਿਆਂ ਦੇ ਸੁਮੇਲ ਵਾਲੇ ਭਾਰਤ ਦੇਸ਼ ਲਈ ਬਹੁਤ ਖਤਰਨਾਕ ਹੈ। ਅੱਜ ਇਥੇ ਜਾਰੀ ਪ੍ਰੈੱਸ ਬਿਆਨ 'ਚ ਸਿੰਗਲਾ ਨੇ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 'ਇਕ ਰਾਸ਼ਟਰ- ਇਕ ਭਾਸ਼ਾ' ਦੇ ਦਿੱਤੇ ਬਿਆਨ ਨਾਲ ਭਾਜਪਾ ਦੇ ਲੁਕਵੇਂ ਏਜੰਡੇ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ, ਜਿਹੜੀ ਦੇਸ਼ ਦੇ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਬਹੁ ਭਾਸ਼ਾਈ, ਬਹੁ ਸੱਭਿਆਤਾਵਾਂ, ਵਿਭਿੰਨਤਾਵਾਂ ਵਾਲਾ ਦੇਸ਼ ਹੈ, ਜਿਸ ਦਾ ਸੰਵਿਧਾਨ 'ਅਨੇਕਤਾ 'ਚ ਏਕਤਾ' ਦੀ ਗੱਲ ਕਰਦਾ ਹੈ ਪ੍ਰੰਤੂ ਭਾਜਪਾ ਆਗੂ ਵਲੋਂ ਕਹੀ ਗੱਲ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਐੱਨ.ਡੀ.ਏ. ਦੀ ਸਰਕਾਰ ਦੇਸ਼ 'ਚ ਆਈ ਹੈ, ਉਦੋਂ ਤੋਂ ਦੇਸ਼ ਦੇ ਸੰਵਿਧਾਨ ਨੂੰ ਕਮਜ਼ੋਰ ਕਰਨ ਅਤੇ ਸੰਵਿਧਾਨਕ ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਨਵੇਂ ਵਿਚਾਰ ਨਾਲ ਦੇਸ਼ ਦੇ ਸੰਵਿਧਾਨ ਉਪਰ ਸਭ ਤੋਂ ਵੱਡਾ ਹਮਲਾ ਹੋਇਆ ਹੈ।

ਸਿੰਗਲਾ ਨੇ ਕੇਂਦਰੀ ਸੱਤਾ 'ਚ ਭਾਈਵਾਲ ਅਕਾਲੀ ਦਲ ਨੂੰ ਵੀ ਇਸ ਮਾਮਲੇ 'ਤੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਦੀ ਚੁੱਪੀ ਵੀ ਸਪੱਸ਼ਟ ਕਰਦੀ ਹੈ ਕਿ ਉਨ੍ਹਾਂ ਨੂੰ ਦੇਸ਼ ਦੇ ਸੰਘੀ ਢਾਂਚੇ ਨਾਲ ਕਿੰਨਾ ਕੁ ਪਿਆਰ ਹੈ ਅਤੇ ਉਹ ਰਾਜਾਂ ਲਈ ਕਿੰਨੇ ਕੁ ਵੱਧ ਅਧਿਕਾਰ ਮੰਗਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਬਣਿਆ ਹੀ ਭਾਸ਼ਾ ਦੇ ਆਧਾਰ 'ਤੇ ਸੀ ਅਤੇ ਇਕ ਰਾਸ਼ਟਰ–ਇਕ ਭਾਸ਼ਾ ਦਾ ਫਾਰਮੂਲਾ ਪੰਜਾਬ ਵਰਗੇ ਸੂਬਿਆਂ ਲਈ ਸਭ ਤੋਂ ਵੱਧ ਖਤਰਨਾਕ ਹੈ।


Shyna

Content Editor

Related News