ਪੰਜਾਬ ’ਚ ਅਕਾਲੀ ਸਰਕਾਰ ਬਣੀ ਤਾਂ ਗੁਰੂ ਨਗਰੀ ਨੂੰ ਪੈਰਿਸ ਬਣਾ ਦਿਆਂਗੇ : ਸੁਖਬੀਰ ਬਾਦਲ
Saturday, Oct 16, 2021 - 10:20 AM (IST)
ਅੰਮ੍ਰਿਤਸਰ (ਕਮਲ) - ਹਲਕਾ ਉੱਤਰੀ ਵਿਚ ਦੁਸਹਿਰਾ ਕਮੇਟੀ ਅੰਮ੍ਰਿਤਸਰ ਨਾਰਥ ਵੱਲੋਂ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਲੱਖਾਂ ਦੀ ਸੰਖਿਆ ਵਿਚ ਆਏ ਲੋਕਾਂ ਦੀ ਹਾਜ਼ਰੀ ਵਿਚ ਚੀਫ਼ ਪੈਟਰਨ ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਪ੍ਰਧਾਨਗੀ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ, ਵਿਸ਼ੇਸ਼ ਮਹਿਮਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਰਿਮੋਟ ਕੰਟਰੋਲ ਨਾਲ ਅਗਨੀ ਭੇਟ ਕੀਤਾ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਰਾਵਣ ਬੁਰਾਈ ਦਾ ਪ੍ਰਤੀਕ ਸੀ ਜਿਸ ਕਾਰਨ ਹਰ ਸਾਲ ਰਾਵਣ ਦਹਿਨ ਕੀਤਾ ਜਾਂਦਾ ਹੈ।
ਸੁਖਬੀਰ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਲਈ ਸਾਨੂੰ ਬੁਰਾਈ ਨੂੰ ਤਿਆਗ ਕੇ ਚੰਗੇ ਕਰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਦੀ ਭਲਾਈ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਚੰਗੀਆਈ ਕਦੀ ਖਤਮ ਨਹੀਂ ਹੁੰਦੀ ਅਤੇ ਨਾ ਹੀ ਇਸ ਨੂੰ ਛੁਪਾਇਆ ਜਾ ਸਕਦਾ ਹੈ। ਬਾਦਲ ਨੇ ਕਿਹਾ ਕਿ ਜੋ ਵਿਕਾਸ ਕਾਰਜ ਅਕਾਲੀ ਸਰਕਾਰ ਵਿਚ ਹੋਏ ਹਨ ਅੱਜ ਕਾਂਗਰਸ ਨੇ ਨਰਕ ਬਣਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਕ ਵਾਰ ਫਿਰ ਅਕਾਲੀ ਦਲ ਬਾਦਲ ਨੂੰ ਮੌਕਾ ਦੇਵੇ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਗੁਰੂ ਨਗਰੀ ਨੂੰ ਪੈਰਿਸ ਦੀ ਤਰ੍ਹਾਂ ਬਣਾਇਆ ਜਾਵੇਗਾ।
ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਜੇਕਰ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲ ਬਣਾ ਸਕਦਾ ਹੈ ਤਾਂ ਉਹ ਅਕਾਲੀ ਦਲ ਦੀ ਸਰਕਾਰ ਹੀ ਬਣਾ ਸਕਦੀ ਹੈ। ਇਸ ਮੌਕੇ ਜੋਸ਼ੀ ਨੇ ਉੱਥੇ ਪਹੁੰਚੇ ਸੰਤ ਸਮਾਜ, ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਸਨਮਾਨਤ ਕੀਤਾ। ਇਸ ਮੌਕੇ ਰਾਜੇਸ਼ ਮਿੱਤਲ, ਪ੍ਰਧਾਨ ਸੰਜੀਵ ਖੋਸਲਾ, ਸੰਜੀਵ, ਰਾਜਾ ਜੋਸ਼ੀ, ਗੁਰਪ੍ਰਤਾਪ ਟਿੱਕਾ, ਤਲਬੀਰ ਸਿੰਘ ਗਿੱਲ, ਰਜਿੰਦਰ ਸਿੰਘ ਮਹਿਤਾ, ਕੌਂਸਲਰ ਅਮਨ ਜੁਗਲ ਮਹਾਜਨ ਆਦਿ ਹਾਜ਼ਰ ਸਨ।