ਕੁੜੀਆਂ ਬਾਲਗ ਹਨ ਤਾਂ ਲਿਵ-ਇਨ ''ਚ ਰਹਿਣਾ ਉਨ੍ਹਾਂ ਦਾ ਸੰਵਿਧਾਨਿਕ ਅਧਿਕਾਰ : ਹਾਈਕੋਰਟ

Thursday, Jul 23, 2020 - 03:18 PM (IST)

ਕੁੜੀਆਂ ਬਾਲਗ ਹਨ ਤਾਂ ਲਿਵ-ਇਨ ''ਚ ਰਹਿਣਾ ਉਨ੍ਹਾਂ ਦਾ ਸੰਵਿਧਾਨਿਕ ਅਧਿਕਾਰ : ਹਾਈਕੋਰਟ

ਚੰਡੀਗੜ੍ਹ (ਹਾਂਡਾ) : ਮੋਹਾਲੀ 'ਚ ਲਿਵ-ਇਨ ਰਿਲੇਸ਼ਨ 'ਚ ਰਹਿਣ ਵਾਲੀਆਂ ਦੋ ਸਹੇਲੀਆਂ ਦੇ ਵਾਰਸ ਉਨ੍ਹਾਂ ਦੇ ਇਸ ਰਿਸ਼ਤੇ ਤੋਂ ਨਾਖੁਸ਼ ਹਨ ਅਤੇ ਦੋਹਾਂ ’ਤੇ ਵੱਖ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਹੈ, ਇੱਥੋਂ ਤੱਕ ਕਿ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਪਰਿਵਾਰ ਦੀਆਂ ਧਮਕੀਆਂ ਤੋਂ ਡਰੀਆਂ ਦੋਵੇਂ ਸਹੇਲੀਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਆ ਕੇ ਇਕੱਠੇ ਰਹਿਣ ਦੀ ਮੰਗ ਕਰਦੇ ਹੋਏ ਪਰਿਵਾਰ ਤੋਂ ਖ਼ਤਰਾ ਦੱਸਦਿਆਂ ਆਪਣੀ ਸੁਰੱਖਿਆ ਦੀ ਮੰਗ ਕੀਤੀ ਸੀ।

ਹਾਈਕੋਰਟ ਨੇ ਮੰਗ ’ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਕੁੜੀਆਂ ਬਾਲਗ ਹਨ ਤਾਂ ਉਨ੍ਹਾਂ ਨੂੰ ਇਕੱਠੇ ਲਿਵ-ਇਨ 'ਚ ਰਹਿਣ ਦਾ ਅਧਿਕਾਰ ਹੈ, ਜਿਨ੍ਹਾਂ ਨੂੰ ਜ਼ਬਰਨ ਵੱਖ ਕਰਨਾ ਅਸੰਵਿਧਾਨਕ ਮੰਨਿਆ ਜਾਵੇਗਾ। ਕੁੜੀਆਂ ਨੇ ਪਟੀਸ਼ਨ 'ਚ ਕਿਹਾ ਕਿ ਉਹ ਦੋਵੇਂ ਸਹੇਲੀਆਂ ਹਨ ਅਤੇ 6 ਮਹੀਨਿਆਂ ਇਕੱਠੀਆਂ ਰਹਿ ਰਹੀਆਂ ਹਨ। ਕੁੜੀਆਂ ਨੇ ਕਿਹਾ ਕਿ ਦੋਵੇਂ ਇਕ-ਦੂਜੇ ਤੋਂ ਬਿਨਾਂ ਨਹੀਂ ਰਹਿਣਾ ਚਾਹੁੰਦੀਆ ਪਰ ਵੱਖ ਰਹਿਣ ਦਾ ਪਰਿਵਾਰ ਦਬਾਅ ਬਣਾ ਰਹੇ ਹਨ।

ਪਟੀਸ਼ਨਰ ਕੁੜੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਜ਼ਬਰਨ ਵੱਖ ਕਰ ਸਕਦੇ ਹਨ ਜਾਂ ਉਨ੍ਹਾਂ ’ਤੇ ਹਮਲਾ ਹੋ ਸਕਦਾ ਹੈ। ਅਦਾਲਤ ਨੇ ਪਟੀਸ਼ਨਰਾਂ ਦੇ ਵਕੀਲ ਦੀ ਦਲੀਲ ਸੁਣਨ ਤੋਂ ਬਾਅਦ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਹੁਕਮ ਦਿੱਤੇ ਹਨ ਕਿ ਦੋਵੇਂ ਲੜਕੀਆਂ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ ਅਤੇ ਉਨ੍ਹਾਂ ਦੀ ਰਿਪ੍ਰੈਜੈਂਟੇਸ਼ਨ ’ਤੇ ਕਾਰਵਾਈ ਕੀਤੀ ਜਾਵੇ।


author

Babita

Content Editor

Related News