ਫਾਈਲਾਂ ’ਚ ਦੱਬੇ 300 ਕਰੋੜ: ਪਨਬੱਸ/PRTC ਕਰਮਚਾਰੀਆਂ ਦੀ ਤਨਖ਼ਾਹ ’ਤੇ ‘ਸੰਕਟ’ ਦੇ ਬੱਦਲ
Monday, May 02, 2022 - 06:24 PM (IST)
ਜਲੰਧਰ (ਪੁਨੀਤ)-ਸੱਤਾ ’ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਸੀ ਕਿ ਪੰਜਾਬ ’ਚ ਫੰਡਾਂ ਦੀ ਘਾਟ ਨਹੀਂ ਆਵੇਗੀ ਪਰ ਹੁਣ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਵੱਖ-ਵੱਖ ਮਹਿਕਮਿਆਂ ਨੂੰ ਸਰਕਾਰ ਵੱਲੋਂ ਅਦਾਇਗੀ ਕਰਨ ’ਚ ਬੇਹੱਦ ਦੇਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਵੱਖ-ਵੱਖ ਮਹਿਕਮਿਆਂ ਦੇ ਜ਼ਰੂਰੀ ਕੰਮਕਾਜ ਰੁਕੇ ਹੋਏ ਹਨ। ਟਰਾਂਸਪੋਰਟ ਮਹਿਕਮੇ ਅਧੀਨ ਰੋਡਵੇਜ਼-ਪਨਬੱਸ ਅਤੇ ਪੀ. ਆਰ. ਟੀ. ਸੀ. ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ ਮਹਿਕਮੇ ਕੋਲ ਉੱਚਿਤ ਫੰਡ ਉਪਲੱਬਧ ਨਹੀਂ ਹਨ, ਜਿਸ ਕਾਰਨ ਕਰਮਚਾਰੀਆਂ ਦੀ ਤਨਖ਼ਾਹ ਰਿਲੀਜ਼ ਹੋਣ ’ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਪਿਛਲੇ ਸਮੇਂ ਦੌਰਾਨ ਕੱਚੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ ਮਹਿਕਮੇ ਵੱਲੋਂ ਆਪਣੀ ਐੱਫ਼. ਡੀ. ਦੀ ਵਰਤੋਂ ਕਰਕੇ ਤਨਖ਼ਾਹ ਰਿਲੀਜ਼ ਕੀਤੀ ਗਈ ਸੀ।
ਇਸ ਵਾਰ ਤਨਖ਼ਾਹ ਰਿਲੀਜ਼ ਕਰਨ ਲਈ ਕਿਹੜਾ ਜੁਗਾੜ ਲਾਇਆ ਜਾਵੇਗਾ, ਇਹ ਵੇਖਣ ਯੋਗ ਹੋਵੇਗਾ ਕਿਉਂਕਿ ਮਹਿਕਮੇ ਦੀ ਮਾਲੀ ਹਾਲਤ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਉਧਾਰ ’ਚ ਪੁਆਏ ਜਾ ਰਹੇ ਡੀਜ਼ਲ ਦੇ ਬਿੱਲਾਂ ਦੀ ਅਦਾਇਗੀ ’ਚ ਆ ਰਹੀਆਂ ਮੁਸ਼ਕਿਲਾਂ ਕਾਰਨ ਬੱਸਾਂ ਦੇ ਪਹੀਏ ਰੁਕ ਸਕਦੇ ਹਨ। ਪਿਛਲੇ ਦਿਨਾਂ ਦੌਰਾਨ ਜਲੰਧਰ ਦੇ ਪੰਪ ਵੱਲੋਂ ਡੀਜ਼ਲ ਦੀ ਸਪਲਾਈ ਰੋਕ ਦਿੱਤੀ ਗਈ ਸੀ, ਜਿਸ ਕਾਰਨ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਸੀ। ਰੋਡਵੇਜ਼-ਪਨਬੱਸ ਅਤੇ ਪੀ. ਆਰ. ਟੀ. ਸੀ. ਵੱਲੋਂ ਔਰਤਾਂ ਨੂੰ ਜੋ ਮੁਫ਼ਤ ਸਫ਼ਰ ਕਰਵਾਇਆ ਜਾਂਦਾ ਹੈ, ਇਸ ਦਾ ਮਹੀਨੇ ਦਾ ਬਿੱਲ ਬਣਾ ਕੇ ਸਰਕਾਰ ਨੂੰ ਭੇਜਿਆ ਜਾਂਦਾ ਹੈ ਅਤੇ ਬਿੱਲ ਭੇਜਣ ਦੇ 1-2 ਮਹੀਨੇ ’ਚ ਹੀ ਭੁਗਤਾਨ ਹੋ ਜਾਂਦਾ ਹੈ।
ਇਹ ਵੀ ਪੜ੍ਹੋ: 21 ਸਾਲਾ ਮੁੰਡੇ ਨਾਲ ਪ੍ਰੇਮ ਸੰਬੰਧਾਂ ਨੇ ਪਾਇਆ ਕਲੇਸ਼, 4 ਬੱਚਿਆਂ ਦੀ ਮਾਂ ਨੇ ਚੁੱਕਿਆ ਹੈਰਾਨ ਕਰਦਾ ਕਦਮ
ਇਸ ਵਾਰ ਨਵੰਬਰ 2021 ਤੋਂ ਭੁਗਤਾਨ ਰੁਕਿਆ ਹੋਇਆ ਹੈ। ਇਸ ਕਾਰਨ ਔਰਤਾਂ ਤੇ ਵਿਦਿਆਰਥੀਆਂ ਦੇ ਮੁਫ਼ਤ ਸਫ਼ਰ ਅਤੇ ਹੋਰ ਬਿੱਲ 300 ਕਰੋੜ ਤਕ ਪਹੁੰਚ ਗਏ, ਜੋਕਿ ਫਾਈਲਾਂ ’ਚ ਦੱਬੇ ਹੋਏ ਹਨ। ਇਨ੍ਹਾਂ ਦਾ ਭੁਗਤਾਨ ਨਾ ਹੋਣ ਕਾਰਨ ਵਿਭਾਗ ਨੂੰ ਆਰਥਿਕ ਤੰਗੀ ਉਠਾਉਣੀ ਪੈ ਰਹੀ ਹੈ ਪਰ ਇਸ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਕਾਰਨ ਬਿੱਲਾਂ ਦਾ ਭੁਗਤਾਨ ਰੁਕਣ ਕਰਕੇ ਉਮੀਦ ਜਤਾਈ ਜਾ ਰਹੀ ਸੀ ਕਿ ਸਰਕਾਰ ਬਣਨ ਦੇ ਬਾਅਦ ਤੁਰੰਤ ਪ੍ਰਭਾਵ ਨਾਲ ਬਿੱਲਾਂ ਦਾ ਭੁਗਤਾਨ ਹੋ ਜਾਵੇਗਾ ਪਰ ਸਰਕਾਰ ਬਣੀ ਨੂੰ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਜਾਣ ਦੇ ਬਾਵਜੂਦ ਬਿੱਲਾਂ ਦਾ ਭੁਗਤਾਨ ਨਾ ਹੋ ਪਾਉਣਾ ਸਵਾਲਾਂ ਦੇ ਘੇਰੇ ’ਚ ਆ ਰਿਹਾ ਹੈ। ਇਸ ਨਾਲ ਆਮ ਆਦਮੀ ਪਾਰਟੀ ਦੇ ਦਾਅਵਿਆਂ ਦੀ ਹਵਾ ਨਿਕਲਦੀ ਨਜ਼ਰ ਆ ਰਹੀ ਹੈ ਅਤੇ ਮਹਿਕਮੇ ਨੂੰ ਕੰਮ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ।
ਉਥੇ ਹੀ, ਸਰਕਾਰੀ ਬੱਸਾਂ ’ਚ ਜ਼ਿਆਦਾਤਰ ਸੀਟਾਂ ਔਰਤਾਂ ਨਾਲ ਭਰੀਆਂ ਰਹਿੰਦੀਆਂ ਹਨ, ਜਿਸ ਕਾਰਨ ਮਹਿਕਮੇ ਨੂੰ ਨਕਦੀ ਦੇ ਰੂਪ ’ਚ ਹੋਣ ਵਾਲੀ ਆਮਦਨੀ ਬੰਦ ਹੋ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿੱਲਾਂ ਦਾ ਭੁਗਤਾਨ ਨਾ ਹੋਣ ਕਾਰਨ ਆਵਾਜਾਈ ’ਤੇ ਵੀ ਸੰਕਟ ਦੇ ਬੱਦਲ ਛਾਉਣ ਲੱਗੇ ਹਨ।
ਇਹ ਵੀ ਪੜ੍ਹੋ: ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਭਾਰੀ ਅਸਲੇ ਸਣੇ 7 ਵਿਅਕਤੀ ਗ੍ਰਿਫ਼ਤਾਰ, ਸਰਾਂ 'ਚੋਂ ਮਿਲੇ ਹਥਿਆਰ
ਟਰਾਂਸਪੋਰਟ ਮੰਤਰੀ ਦੇ ਧਿਆਨ ’ਚ ਮਾਮਲਾ ਲਿਆਉਣ ਦੇ ਬਾਅਦ ਵੀ ਨਹੀਂ ਨਿਕਲਿਆ ਹੱਲ ਨਾਂ ਨਾ ਛਾਪਣ ਦੀ ਸੂਰਤ ’ਚ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਚਾਰਜ ਸੰਭਾਲਣ ਤੋਂ ਬਾਅਦ ਕਈ ਵਾਰ ਮੀਟਿੰਗ ਕੀਤੀ ਜਾ ਚੁੱਕੀ ਹੈ। ਲਗਭਗ ਹਰ ਮੀਟਿੰਗ ’ਚ ਔਰਤਾਂ ਦੇ ਸਫਰ ਦੀ ਰਾਸ਼ੀ ਰਿਲੀਜ਼ ਨਾ ਹੋਣ ਦਾ ਮੁੱਦਾ ਉਠਾਇਆ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਫੰਡ ਅਟਕੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਬਣਨ ਤੋਂ ਪਹਿਲਾਂ ਉਹ ਆਪਣੇ ਪੱਧਰ ’ਤੇ ਫੰਡ ਰਿਲੀਜ਼ ਕਰਵਾਉਣ ਲਈ ਯਤਨ ਕਰਦੇ ਰਹੇ ਹਨ ਪਰ ਹੁਣ ਸਰਕਾਰ ਦੇ ਸੱਤਾ ’ਚ ਆਉਣ ਤੇ ਮੰਤਰੀ ਨਿਯੁਕਤ ਹੋਣ ਕਾਰਨ ਉਹ ਆਪਣੇ ਪੱਧਰ ’ਤੇ ਕੋਈ ਅਪਰੋਚ ਨਹੀਂ ਕਰ ਰਹੇ। ਉਹ ਵਿਭਾਗੀ ਦਿੱਕਤਾਂ ਬਾਰੇ ਮੰਤਰੀ ਦੇ ਧਿਆਨ ’ਚ ਮਾਮਲੇ ਨੂੰ ਦੋਬਾਰਾ ਲਿਆਉਣਗੇ ਤਾਂ ਕਿ ਇਸ ਦਾ ਹੱਲ ਹੋ ਸਕੇ।
ਮਨਜ਼ੂਰੀ ਤੋਂ ਬਾਅਦ ਵੀ 15 ਕਰੋੜ ਰੁਪਏ ਨਹੀਂ ਹੋਏ ਰਿਲੀਜ਼ 300 ਕਰੋੜ ਦੇ ਬਿੱਲਾਂ ਵਿਚੋਂ ਸਰਕਾਰ ਵੱਲੋਂ ਅਪ੍ਰੈਲ ਦੇ ਦੂਜੇ ਹਫ਼ਤੇ ਵਿਚ 15 ਕਰੋੜ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ, ਜੋ ਕਿ ‘ਊਠ ਦੇ ਮੂੰਹ ਵਿਚ ਜੀਰਾ’ ਵਾਲੀ ਕਹਾਵਤ ਨੂੰ ਸਾਬਤ ਕਰਦੀ ਹੈ। ਉਕਤ 15 ਕਰੋੜ ਰੁਪਏ 15 ਅਪ੍ਰੈਲ ਤੱਕ ਜਾਰੀ ਹੋਣ ਦੀ ਉਮੀਦ ਸੀ ਪਰ ਹੁਣ 16 ਦਿਨਾਂ ਦਾ ਸਮਾਂ ਬੀਤ ਚੁੱਕਾ ਹੈ ਪਰ ਰਾਸ਼ੀ ਰਿਲੀਜ਼ ਨਹੀਂ ਹੋ ਸਕੀ। ਜਾਰੀ ਹੋਣ ਵਾਲੇ 15 ਕਰੋੜ ਨੂੰ ਵੀ ਦੋ ਥਾਵਾਂ ’ਤੇ ਵੰਡਿਆ ਜਾਵੇਗਾ, ਇਨ੍ਹਾਂ ’ਚੋਂ 7.5 ਕਰੋੜ ਰੁਪਏ ਰੋਡਵੇਜ਼-ਪਨਬੱਸ ਤੇ ਬਾਕੀ ਦੇ 7.5 ਕਰੋੜ ਰੁਪਏ ਪੀ. ਆਰ. ਟੀ. ਸੀ. ਨੂੰ ਦਿੱਤੇ ਜਾਣਗੇ। ਉਕਤ ਰਾਸ਼ੀ ਨੂੰ ਮਹਿਕਮੇ ਦੇ ਅਕਾਊਂਟ ’ਚ ਪਹੁੰਚਾਉਣ ’ਚ ਇੰਨਾ ਸਮਾਂ ਲੱਗਣਾ ਢਿੱਲੀ ਕਾਰਜਪ੍ਰਣਾਲੀ ਨੂੰ ਉਜਾਗਰ ਕਰਦਾ ਹੈ।
ਇਹ ਵੀ ਪੜ੍ਹੋ: ਮਾਹਿਲਪੁਰ 'ਚ ਲੁਟੇਰਿਆਂ ਦਾ ਹਾਈਵੋਲਟੇਜ ਡਰਾਮਾ, ਸੱਚਾਈ ਸਾਹਮਣੇ ਆਉਣ 'ਤੇ ਲੋਕ ਹੋਏ ਸੁੰਨ੍ਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ