''ਪੰਜਾਬ ਬੋਰਡ'' ਦੀਆਂ ਇਹ ਪ੍ਰੀਖਿਆਵਾਂ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਅਹਿਮ ਖ਼ਬਰ, ਮਿਲਿਆ ਇਕ ਹੋਰ ਮੌਕਾ
Saturday, Oct 10, 2020 - 08:49 AM (IST)
ਲੁਧਿਆਣਾ (ਵਿੱਕੀ, ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਤੂਬਰ-2020 'ਚ ਹੋਣ ਵਾਲੀਆਂ ਸੁਨਹਿਰੀ ਮੌਕੇ, ਰੀ-ਅਪੀਅਰ (ਓਪਨ ਸਕੂਲ) ਅਤੇ ਵਾਧੂ ਵਿਸ਼ਾ ਕੈਟਾਗਰੀਆਂ ਅਧੀਨ ਪ੍ਰੀਖਿਆ ਦੇਣ ਦੇ ਚਾਹਵਾਨ ਪਰ ਪ੍ਰੀਖਿਆ ਫ਼ਾਰਮ ਭਰਨ ਤੋਂ ਵਾਂਝੇ ਰਹਿ ਗਏ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਫ਼ਾਰਮ ਭਰਨ ਦਾ ਇਕ ਹੋਰ ਫ਼ੌਰੀ ਮੌਕਾ ਦਿੱਤਾ ਗਿਆ ਹੈ।
ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਜਾਣਕਾਰੀ ਦਿੰਦਿਆਂ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੇ ਸੁਨਹਿਰੀ ਮੌਕੇ, ਓਪਨ ਸਕੂਲ ਪ੍ਰਣਾਲੀ ਅਧੀਨ ਰੀ-ਅਪੀਅਰ ਵਿਸ਼ਿਆਂ ਅਤੇ ਵਾਧੂ ਵਿਸ਼ਿਆਂ ਦੀ ਪ੍ਰੀਖਿਆ ਦੇਣ ਲਈ ਲੇਟ ਫ਼ੀਸ ਨਾਲ ਪ੍ਰੀਖਿਆ ਫ਼ਾਰਮ ਭਰਨ ਦੀ ਆਖ਼ਰੀ ਤਾਰੀਖ਼ ਪਹਿਲੀ ਅਕਤੂਬਰ ਨਿਰਧਾਰਤ ਸੀ ਪਰ ਇਹ ਪ੍ਰੀਖਿਆਵਾਂ ਦੇਣ ਦੇ ਇਛੁੱਕ ਕਈ ਪ੍ਰੀਖਿਆਰਥੀ ਆਖ਼ਰੀ ਤਾਰੀਖ਼ ਤੱਕ ਆਪਣੀ ਪ੍ਰੀਖਿਆ ਫ਼ੀਸ ਅਤੇ ਪ੍ਰੀਖਿਆ ਫ਼ਾਰਮ ਨਹੀਂ ਭਰ ਸਕੇ।
ਹੁਣ ਇਨ੍ਹਾਂ ਪ੍ਰੀਖਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਬੋਰਡ ਵੱਲੋਂ ਅਕਤੂਬਰ ਮਹੀਨੇ ਦੇ ਆਖ਼ਰੀ ਹਫ਼ਤੇ 'ਚ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਪ੍ਰੀਖਿਆਵਾਂ ਲਈ 3000 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਆਨਲਾਈਨ ਪ੍ਰੀਖਿਆ ਫ਼ਾਰਮ ਭਰਨ ਦੀ ਆਖ਼ਰੀ ਤਾਰੀਖ਼ ਪਹਿਲੀ ਅਕਤੂਬਰ ਤੋਂ ਵਧਾ ਕੇ 15 ਅਕਤੂਬਰ ਤੈਅ ਕੀਤੀ ਗਈ ਹੈ। ਕੰਟਰੋਲਰ ਪ੍ਰੀਖਿਆਵਾਂ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਨਿਰਧਾਰਿਤ ਲੇਟ ਪ੍ਰੀਖਿਆ ਫ਼ੀਸ ਨਾਲ ਪ੍ਰੀਖਿਆ ਫ਼ਾਰਮ ਭਰਨ ਉਪਰੰਤ ਪ੍ਰੀਖਿਆਰਥੀ 19 ਅਕਤੂਬਰ 2020 ਤੱਕ ਸਿਰਫ ਮੁੱਖ ਦਫ਼ਤਰ ਵਿਖੇ ਹੀ ਆਪਣੇ ਪ੍ਰੀਖਿਆ ਫ਼ਾਰਮਾਂ ਦੀ ਹਾਰਡ ਕਾਪੀ ਜਮ੍ਹਾਂ ਕਰਵਾ ਸਕਣਗੇ।
ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਸਮੇਂ ਪ੍ਰੀਖਿਆਰਥੀ ਆਪਣੇ ਦੇ ਅਸਲ ਸਰਟੀਫ਼ਿਕੇਟ, ਫ਼ੋਟੋ ਪਛਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ। ਇਸ ਸਬੰਧੀ ਮੁਕੰਮਲ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਉਪਲੱਬਧ ਹੈ।