PSEB ਵਲੋਂ ਪੰਜਾਬੀ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ ਲਈ ਸ਼ਡਿਊਲ ਜਾਰੀ
Tuesday, Dec 31, 2019 - 08:38 PM (IST)
ਮੋਹਾਲੀ, (ਨਿਆਮੀਆਂ)— ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2019-20 ਦੀ ਚੌਥੀ ਤਿਮਾਹੀ ਦੀ ਮੈਟ੍ਰਿਕ ਪੱਧਰੀ ਪੰਜਾਬੀ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਨੇ ਦੱਸਿਆ ਕਿ ਸਾਲ 2019-20 ਦੀ ਚੌਥੀ ਤਿਮਾਹੀ ਵਿਚ ਲਈ ਜਾਣ ਵਾਲੀ ਪੰਜਾਬੀ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ 29 ਅਤੇ 30 ਜਨਵਰੀ 2020 ਨੂੰ ਲਈ ਜਾਵੇਗੀ। ਪੰਜਾਬੀ ਪੇਪਰ-ਏ ਦੀ ਪ੍ਰੀਖਿਆ 29 ਜਨਵਰੀ ਅਤੇ ਪੰਜਾਬੀ ਪੇਪਰ-ਬੀ ਦੀ ਪ੍ਰੀਖਿਆ 30 ਜਨਵਰੀ ਨੂੰ ਹੋਵੇਗੀ। ਜਿਹੜੇ ਪ੍ਰੀਖਿਆਰਥੀ ਇਹ ਪ੍ਰੀਖਿਆ ਦੇਣੀ ਚਾਹੁੰਦੇ ਹਨ, ਉਨ੍ਹਾਂ ਲਈ ਪ੍ਰੀਖਿਆ ਫ਼ਾਰਮ, ਬੋਰਡ ਦੀ ਵੈੱਬਸਾਈਟ 'ਤੇ 1 ਜਨਵਰੀ 2020 ਤੋਂ ਉਪਲੱਬਧ ਹੋਣਗੇ। ਹਰ ਪੱਖੋਂ ਮੁਕੰਮਲ ਪ੍ਰੀਖਿਆ ਫ਼ਾਰਮ 17 ਜਨਵਰੀ 2020 ਤਕ ਮੁੱਖ ਦਫ਼ਤਰ ਮੋਹਾਲੀ ਵਿਖੇ ਫ਼ਾਰਮ ਸੈਕਸ਼ਨ, ਪ੍ਰੀਖਿਆ ਸ਼ਾਖਾ ਦਸਵੀਂ ਰਾਹੀਂ ਪ੍ਰਾਪਤ ਕੀਤੇ ਜਾਣਗੇ ਤੇ ਪ੍ਰੀਖਿਆ ਲਈ ਰੋਲ ਨੰਬਰ ਪਹਿਲਾਂ ਵਾਂਗ ਹੀ ਆਨਲਾਈਨ ਜਾਰੀ ਕੀਤੇ ਜਾਣਗੇ ਜੋ ਬੋਰਡ ਦੀ ਵੈੱਬਸਾਈਟ 'ਤੇ 24 ਜਨਵਰੀ 2020 ਤੋਂ ਉਪਲੱਬਧ ਹੋਣਗੇ।