PSEB ਨੇ 8ਵੀਂ ਜਮਾਤ ਦਾ ਨਤੀਜਾ ਐਲਾਨਿਆ, ਬਰਨਾਲਾ ਦੇ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਕੀਤਾ ਹਾਸਲ

06/02/2022 6:16:23 PM

ਮੁਹਾਲੀ (ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈ ਗਈ ਅੱਠਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਇਹ ਨਤੀਜਾ 98.25 ਫੀਸਦੀ ਰਿਹਾ ਹੈ। ਸਰਕਾਰੀ ਮਿਡਲ ਸਕੂਲ ਗੁੰਮਟੀ ਜ਼ਿਲ੍ਹਾ ਬਰਨਾਲਾ ਦਾ ਮਨਪ੍ਰੀਤ ਸਿੰਘ ਪੁੱਤਰ ਜਗਮੋਹਣ ਸਿੰਘ ਸੌ ਫ਼ੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ’ਚੋਂ ਪਹਿਲੇ ਸਥਾਨ ’ਤੇ ਰਿਹਾ ਹੈ। ਹਿਮਾਨੀ ਪੁੱਤਰੀ ਪੰਕਜ ਸੇਠੀ ਐੱਸ. ਏ. ਵੀ. ਜੈਨ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਊਨਾ ਰੋਡ ਹੁਸ਼ਿਆਰਪੁਰ 99.33 ਫ਼ੀਸਦੀ ਅੰਕ ਹਾਸਲ ਕਰਕੇ ਦੂਜੇ ਅਤੇ ਕਰਮਨਪ੍ਰੀਤ ਕੌਰ ਪੁੱਤਰੀ ਹਰਪਿੰਦਰ ਸਿੰਘ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵੀ 99.33 ਫ਼ੀਸਦੀ ਅੰਕ ਹਾਸਲ ਕਰਕੇ ਤੀਸਰੇ ਸਥਾਨ ’ਤੇ ਰਹੀ ਹੈ। ਇਸ ਸਬੰਧ ’ਚ ਅੱਜ ਇਥੇ ਜ਼ੂਮ ਰਾਹੀਂ ਪ੍ਰੈੱਸ ਕਾਨਫਰੰਸ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਨੇ ਦੱਸਿਆ ਕਿ ਇਸ ਵਾਰ ਅੱਠਵੀਂ ਜਮਾਤ ’ਚ ਕੁਲ 307942 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ’ਚੋਂ 302558 ਪ੍ਰੀਖਿਆਰਥੀ ਪਾਸ ਹੋਣ ਵਿਚ ਸਫ਼ਲ ਰਹੇ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.25 ਫ਼ੀਸਦੀ ਬਣਦੀ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੇ ‘ਆਪ’ ’ਤੇ ਲਾਏ ਵੱਡੇ ਇਲਜ਼ਾਮ, ਲੋਕਾਂ ਤੋਂ ਮੰਗੀ ਇਹ ਰਾਏ

ਪ੍ਰੋਫ਼ੈਸਰ ਯੋਗਰਾਜ ਨੇ ਦਾਅਵਾ ਕੀਤਾ ਕਿ ਅੱਠਵੀਂ ਜਮਾਤ ਦੀ ਮਾਰਚ 2022 ਟਰਮ ਦੋ ਦੀ ਲਿਖਤੀ ਪ੍ਰੀਖਿਆ ਅਤੇ ਪ੍ਰਯੋਗੀ ਪ੍ਰੀਖਿਆ ਦੀ ਅੰਤਮ ਮਿਤੀ 9 ਮਈ ਹੋਣ ਕਰਕੇ ਇਹ ਨਤੀਜਾ 23 ਦਿਨਾਂ ’ਚ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨੇ ਥੋੜ੍ਹੇ ਸਮੇਂ ’ਚ ਨਤੀਜਾ ਐਲਾਨ ਕਰਨਾ ਸਮੂਹ ਬੋਰਡ ਕਰਮਚਾਰੀਆਂ ਅਤੇ ਮੁਲਾਂਕਣ ਕਰਨ ਵਾਲੇ ਅਮਲੇ ਦੀ ਸਖ਼ਤ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ, ਜੋ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ’ਚ ਪਾਸ ਨਹੀਂ ਹੋ ਸਕੇ, ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ ਦੋ ਮਹੀਨਿਆਂ ਦੇ ਅੰਦਰ-ਅੰਦਰ ਕਰਵਾਈ ਜਾਵੇਗੀ ਪਰ ਅਜਿਹੇ ਪ੍ਰੀਖਿਆਰਥੀ ਨੌਵੀਂ ਜਮਾਤ ’ਚ ਪ੍ਰੋਵੀਜ਼ਨਲ ਤੌਰ ’ਤੇ ਦਾਖ਼ਲਾ ਲੈ ਸਕਦੇ ਹਨ। ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ’ਚ ਪਾਸ ਹੋ ਜਾਣਗੇ ਉਨ੍ਹਾਂ ਪ੍ਰੀਖਿਆਰਥੀਆਂ ਦਾ ਨਤੀਜਾ ਪ੍ਰਮੋਟਿਡ ਐਲਾਨਿਆ ਜਾਵੇਗਾ ਅਤੇ ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ’ਚ ਪਾਸ ਨਹੀਂ ਹੋਣਗੇ, ਉਨ੍ਹਾਂ ਪ੍ਰੀਖਿਆਰਥੀਆਂ ਦਾ ਨਤੀਜਾ ਨੌਟ ਪ੍ਰਮੋਟਿਡ ਹੋਵੇਗਾ।
ਪ੍ਰੋਫ਼ੈਸਰ ਯੋਗਰਾਜ ਸ਼ਰਮਾ ਨੇ ਦੱਸਿਆ ਕਿ ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਮੈਰਿਟ ਸੂਚੀ ਅਤੇ ਪਾਸ ਫ਼ੀਸਦੀ ਭਲਕੇ 3 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਉੱਤੇ ਉਪਲੱਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਦਰਸਾਏ ਗਏ ਅੰਕ ਵਿਦਿਆਰਥੀਆਂ ਅਤੇ ਸਕੂਲਾਂ ਲਈ ਕੇਵਲ ਸੂਚਨਾ ਹਿੱਤ ਹੋਣਗੇ ਅਤੇ ਇਸ ਸਬੰਧੀ ਸਰਟੀਫਿਕੇਟ ਬਾਅਦ ’ਚ ਜਾਰੀ ਕੀਤੇ ਜਾਣਗੇ। ਇਸ ਮੌਕੇ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ, ਸਕੱਤਰ ਸਵਾਤੀ ਟਿਵਾਣਾ ਪੀ.ਸੀ.ਐੱਸ., ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਅਮਨ-ਕਾਨੂੰਨ ਦੀ ਵਿਗੜੀ ਸਥਿਤੀ ਦਾ ਖਮਿਆਜ਼ਾ ਭੁਗਤ ਰਹੇ ਨੇ ਪੰਜਾਬ ਦੇ ਲੋਕ : ਸੁਖਜਿੰਦਰ ਰੰਧਾਵਾ

ਇਹ ਹਨ ਅੰਕੜੇ : ਵਿਦਿਆਰਥੀਆਂ ’ਚੋਂ ਮੁੰਡਿਆਂ ਦੀ ਗਿਣਤੀ 163166 ਸੀ, ਜਿਨ੍ਹਾਂ ’ਚੋਂ 159668 ਪਾਸ ਹੋਏ। ਪਾਸ ਪ੍ਰਤੀਸ਼ਤਤਾ 97.86 ਪ੍ਰਤੀਸ਼ਤ ਰਹੀ। ਇਸ ਪ੍ਰੀਖਿਆ ’ਚ ਕੁੱਲ 144767 ਲੜਕੀਆਂ ਅਪੀਅਰ ਹੋਈਆਂ, ਜਿਨ੍ਹਾਂ ’ਚੋਂ 142881 ਪਾਸ ਹੋਣ ’ਚ ਕਾਮਯਾਬ ਰਹੀਆਂ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.70 ਬਣਦੀ ਹੈ। ਇਸ ਪ੍ਰੀਖਿਆ ’ਚ ਕੁੱਲ 9 ਟਰਾਂਸਜੈਂਡਰ ਅਪੀਅਰ ਹੋਏ ਸਨ ਅਤੇ ਸਾਰੇ ਹੀ ਪਾਸ ਹੋਣ ’ਚ ਕਾਮਯਾਬ ਰਹੇ ਐਫੀਲੀਏਟਿਡ ਸਕੂਲਾਂ ’ਚੋਂ 57327 ਪ੍ਰੀਖਿਆਰਥੀ ਇਸ ਪ੍ਰੀਖਿਆ ’ਚ ਬੈਠੇ ਅਤੇ 98.75 ਫ਼ੀਸਦੀ ਦੀ ਦਰ ਨਾਲ 56610 ਪਾਸ ਹੋਏ। ਐਸੋਸੀਏਟਿਡ ਸਕੂਲਾਂ ਦੇ ਇਸ ਪ੍ਰੀਖਿਆ ’ਚ ਬੈਠੇ 18578 ’ਚੋਂ 18308 ਪਾਸ ਹੋਣ ’ਚ ਕਾਮਯਾਬ ਰਹੇ। ਉਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.55 ਬਣਦੀ ਹੈ। ਸਰਕਾਰੀ ਸਕੂਲਾਂ ਦੇ 215458 ਪ੍ਰੀਖਿਆਰਥੀ ਪ੍ਰੀਖਿਆ ’ਚ ਬੈਠੇ, ਜਿਨ੍ਹਾਂ ’ਚੋਂ 211777 ਪਾਸ ਹੋਏ ਅਤੇ ਪਾਸ ਪ੍ਰਤੀਸ਼ਤਤਾ 98.29 ਫ਼ੀਸਦ ਰਹੀ। ਏਡਿਡ ਸਕੂਲਾਂ ਦੇ ਕੁਲ 16579 ਪ੍ਰੀਖਿਆਰਥੀ ਇਸ ਪ੍ਰੀਖਿਆ ’ਚ ਬੈਠੇ ਸਨ, ਜਿਨ੍ਹਾਂ ’ਚੋਂ 95.68 ਫ਼ੀਸਦੀ ਦੀ ਦਰ ਨਾਲ 15863 ਪ੍ਰੀਖਿਆਰਥੀ ਪਾਸ ਹੋਣ ’ਚ ਕਾਮਯਾਬ ਰਹੇ।


Manoj

Content Editor

Related News